Modernity vs Tradition: ਆਧੁਨਿਕਤਾ ਅਤੇ ਪਰੰਪਰਾ ਵਿਚਾਲੇ ਸੰਤੁਲਨ ਦੀ ਭਾਲ

ਆਧੁਨਿਕਤਾ ਦੀ ਦੌੜ ਵਿਚ ਖੋ ਰਿਹਾ ਮਨੁੱਖੀ ਸੰਤੁਲਨ

Khushdeep Singh Picture
Published On

ਆਧੁਨਿਕ ਯੁੱਗ ਨੇ ਮਨੁੱਖੀ ਜੀਵਨ ਨੂੰ ਅਦੁੱਤੀ ਰਫ਼ਤਾਰ ਅਤੇ ਸੁਵਿਧਾ ਪ੍ਰਦਾਨ ਕੀਤੀ ਹੈ। ਪਿਛਲੇ ਕੁਝ ਦਹਾਕਿਆਂ ਵਿਚ ਵਿਗਿਆਨ ਤੇ ਤਕਨਾਲੋਜੀ ਦੇ ਵਿਕਾਸ ਨੇ ਜੀਵਨ ਦੇ ਲਗਭਗ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਅੱਜ ਪੱਕੀਆਂ ਇਮਾਰਤਾਂ, ਨਿਰਵਿਘਨ ਬਿਜਲੀ ਸਪਲਾਈ, ਸ਼ੁੱਧ ਪਾਣੀ, ਉੱਨਤ ਆਵਾਜਾਈ ਸਾਧਨ ਅਤੇ ਤੇਜ਼ ਰਫਤਾਰ ਵਾਲੇ ਸੰਚਾਰ ਸਾਧਨ ਆਮ ਜੀਵਨ ਦਾ ਹਿੱਸਾ ਬਣ ਚੁੱਕੇ ਹਨ। ਦੂਰ-ਦੁਰਾਡੇ ਦੀਆਂ ਦੂਰੀਆਂ ਸਿਮਟ ਗਈਆਂ ਹਨ ਅਤੇ ਦੁਨੀਆ ਇੱਕ ਛੋਟੇ ਜਿਹੇ ਪਰਿਵਾਰ ਵਰਗੀ ਲੱਗਦੀ ਹੈ। ਇਹ ਬਦਲਾਅ ਨਿਸ਼ਚਿਤ ਤੌਰ ’ਤੇ ਮਨੁੱਖੀ ਤਰੱਕੀ ਦਾ ਪ੍ਰਤੀਕ ਹੈ, ਪਰ ਇਸ ਨਾਲ ਇੱਕ ਗੰਭੀਰ ਸਵਾਲ ਵੀ ਉੱਠਦਾ ਹੈ ਕਿ ਕੀ ਇਸ ਤਰੱਕੀ ਨੇ ਮਨੁੱਖ ਨੂੰ ਅਸਲ ਸੁੱਖ ਦਿੱਤਾ ਹੈ। ਸੱਚਾਈ ਇਹ ਹੈ ਕਿ ਬਾਹਰੀ ਸੁਵਿਧਾਵਾਂ ਵਧਣ ਨਾਲ ਅੰਦਰੂਨੀ ਸੰਤੁਲਨ ਕਮਜ਼ੋਰ ਹੋਇਆ ਹੈ।

ਆਧੁਨਿਕ ਜੀਵਨਸ਼ੈਲੀ ਨੇ ਮਨੁੱਖ ਨੂੰ ਬੇਹੱਦ ਰੁੱਝਿਆ ਤੇ ਤਣਾਅਗ੍ਰਸਤ ਬਣਾ ਦਿੱਤਾ ਹੈ। ਮੁਕਾਬਲੇ ਦੀ ਤੀਬਰਤਾ, ਲਗਾਤਾਰ ਅੱਗੇ ਵਧਣ ਦੀ ਇੱਛਾ ਤੇ ਸਮੇਂ ਦੀ ਘਾਟ ਨੇ ਮਾਨਸਿਕ ਦਬਾਅ ਵਧਾ ਦਿੱਤਾ ਹੈ। ਅੱਜ ਵੱਧ ਤੋਂ ਵੱਧ ਲੋਕ ਭੌਤਿਕ ਪ੍ਰਾਪਤੀਆਂ ਦੇ ਪਿੱਛੇ ਭੱਜ ਰਹੇ ਹਨ, ਪਰ ਇਸ ਦੌੜ ਦਾ ਆਖ਼ਰੀ ਟੀਚਾ ਕੀ ਹੈ, ਇਹ ਸਪੱਸ਼ਟ ਨਹੀਂ ਹੈ। ਨਤੀਜੇ ਵਜੋਂ ਜੀਵਨ ਵਿਚ ਸੰਤੋਖ ਅਤੇ ਆਪਣਾਪਣ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ। ਜੇਕਰ ਅਤੀਤ ਵੱਲ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਸ ਵੇਲੇ ਜੀਵਨ ਬਹੁਤ ਸਰਲ ਅਤੇ ਕੁਦਰਤ ਦੇ ਨੇੜੇ ਸੀ। ਲੋਕ ਲਗਾਤਾਰ ਸਰੀਰਕ ਮਿਹਨਤ ਕਰਦੇ ਸਨ, ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਸੀ।

Also Read : ਪੀਐਮ ਮੋਦੀ ਦਾ ਦੇਸ਼ ਦੇ ਨਾਂਅ ਸੰਦੇਸ਼, ਜਾਣੋ ਕੀ ਬੋਲੇ

ਰੋਜ਼ਾਨਾ ਕੰਮਾਂ ਲਈ ਪੈਦਲ ਤੁਰਨਾ ਆਮ ਗੱਲ ਸੀ, ਜਿਸ ਨਾਲ ਸਰੀਰ ਸਰਗਰਮ ਰਹਿੰਦਾ ਸੀ। ਇਸਦੇ ਉਲਟ ਅੱਜ ਸਹੂਲਤਾਂ ’ਤੇ ਵਧੇਰੇ ਨਿਰਭਰਤਾ ਨੇ ਸਰੀਰਕ ਗਤੀਵਿਧੀਆਂ ਨੂੰ ਬਹੁਤ ਘਟਾ ਦਿੱਤਾ ਹੈ। ਇਹੀ ਕਾਰਨ ਹੈ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਸਮਾਜਿਕ ਢਾਂਚੇ ਵਿਚ ਵੀ ਵਿਆਪਕ ਬਦਲਾਅ ਦਿਖਾਈ ਦੇ ਰਿਹਾ ਹੈ। ਪਹਿਲਾਂ ਸਾਂਝੇ ਪਰਿਵਾਰਾਂ ਦੀ ਪਰੰਪਰਾ ਸੀ, ਜਿਸ ਵਿਚ ਸਾਰੇ ਮੈਂਬਰ ਇਕੱਠੇ ਰਹਿੰਦੇ ਸਨ ਅਤੇ ਪਾਰਿਵਾਰਕ ਜੀਵਨ ਵਿਚ ਸਮੂਹਿਕਤਾ ਦਾ ਭਾਵ ਮਜ਼ਬੂਤ ਹੁੰਦਾ ਸੀ। ਪਰਿਵਾਰ ਦੇ ਬਜ਼ੁਰਗ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦੇ ਸਨ ਅਤੇ ਉਨ੍ਹਾਂ ਦੇ ਅਨੁਭਵ ਨਾਲ ਨਵੀਂ ਪੀੜ੍ਹੀ ਨੂੰ ਜੀਵਨ ਦੇ ਮੁੱਲ ਸਿੱਖਣ ਦਾ ਮੌਕਾ ਮਿਲਦਾ ਸੀ।

ਅੱਜ ਸਿੰਗਲ ਪਰਿਵਾਰਾਂ ਦਾ ਰੁਝਾਨ ਵਧ ਗਿਆ ਹੈ, ਜਿਸ ਨਾਲ ਆਰਥਿਕ ਸੁਤੰਤਰਤਾ ਤਾਂ ਵਧੀ ਹੈ, ਪਰ ਭਾਵਨਾਤਮਕ ਜੁੜਾਅ ਕਮਜ਼ੋਰ ਹੋਇਆ ਹੈ। ਬਜ਼ੁਰਗਾਂ ਦਾ ਇਕੱਲਾਪਣ ਅਤੇ ਪੀੜ੍ਹੀਆਂ ਵਿਚ ਵਧਦੀ ਦੂਰੀ ਸਮਾਜਿਕ ਚਿੰਤਾ ਦਾ ਵਿਸ਼ਾ ਬਣ ਗਈ ਹੈ। ਮਨੁੱਖੀ ਰਿਸ਼ਤਿਆਂ ਵਿਚ ਵੀ ਬਦਲਾਅ ਸਾਫ਼ ਨਜ਼ਰ ਆ ਰਿਹਾ ਹੈ। ਪਹਿਲਾਂ ਗੁਆਂਢੀ ਪਰਿਵਾਰ ਦਾ ਹਿੱਸਾ ਮੰਨੇ ਜਾਂਦੇ ਸਨ ਅਤੇ ਸਮਾਜ ਵਿਚ ਆਪਸੀ ਸਹਿਯੋਗ ਦੀ ਭਾਵਨਾ ਮਜ਼ਬੂਤ ਸੀ। ਖੁਸ਼ੀ-ਗਮੀ ਦੇ ਮੌਕਿਆਂ ’ਤੇ ਲੋਕ ਇੱਕ-ਦੂਜੇ ਨਾਲ ਖੜ੍ਹੇ ਹੁੰਦੇ ਸਨ। ਵਰਤਮਾਨ ਸਮੇਂ ਵਿਚ ਸ਼ਹਿਰੀ ਜੀਵਨ ਦੇ ਰੁਝੇਵਿਆਂ ਤੇ ਵਿਅਕਤੀਵਾਦ ਕਾਰਨ ਇਹ ਆਪਣਾਪਣ ਘਟਦਾ ਜਾ ਰਿਹਾ ਹੈ।

ਗੱਲਬਾਤ ਦੀ ਘਾਟ ਅਤੇ ਸਮਾਜਿਕ ਦੂਰੀ ਨੇ ਜੀਵਨ ਨੂੰ ਹੋਰ ਵੀ ਇਕੱਲਾ ਬਣਾ ਦਿੱਤਾ ਹੈ। ਖਾਣ-ਪੀਣ ਦੀਆਂ ਆਦਤਾਂ ’ਚ ਆਇਆ ਬਦਲਾਅ ਵੀ ਚਿੰਤਾਜਨਕ ਹੈ। ਪਹਿਲਾਂ ਭੋਜਨ ਘਰ ਵਿਚ ਤਾਜ਼ਾ ਤੇ ਕੁਦਰਤੀ ਚੀਜ਼ਾਂ ਨਾਲ ਤਿਆਰ ਹੁੰਦਾ ਸੀ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਸੀ। ਮੌਸਮੀ ਖੁਰਾਕੀ ਪਦਾਰਥਾਂ ਦਾ ਸੇਵਨ ਸਰੀਰ ਦੀਆਂ ਲੋੜਾਂ ਦੇ ਅਨੁਸਾਰ ਹੁੰਦਾ ਸੀ। ਅੱਜ ਬਜ਼ਾਰੀ ਭੋਜਨ ਅਤੇ ਮਿਲਾਵਟ ਦੀ ਸਮੱਸਿਆ ਨੇ ਸਿਹਤ ਨੂੰ ਗੰਭੀਰ ਖ਼ਤਰੇ ਵਿਚ ਪਾ ਦਿੱਤਾ ਹੈ। ਤਿਆਰ ਭੋਜਨ ਤੇ ਤੁਰੰਤ ਖਾਣ ਵਾਲੀਆਂ ਚੀਜ਼ਾਂ ਦੇ ਵਧਦੇ ਰੁਝਾਨ ਨੇ ਸੰਤੁਲਿਤ ਖੁਰਾਕ ਦੀ ਪਰੰਪਰਾ ਨੂੰ ਕਮਜ਼ੋਰ ਕੀਤਾ ਹੈ।

Modernity vs Tradition
Modernity vs Tradition: ਆਧੁਨਿਕਤਾ ਅਤੇ ਪਰੰਪਰਾ ਵਿਚਾਲੇ ਸੰਤੁਲਨ ਦੀ ਭਾਲ

ਘਰੇਲੂ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵਿਚ ਵੀ ਬਦਲਾਅ ਆਇਆ ਹੈ। ਪਹਿਲਾਂ ਕੁਦਰਤੀ ਅਤੇ ਵਾਤਾਵਰਨ ਅਨੁਕੂਲ ਚੀਜ਼ਾਂ ਜਿਵੇਂ ਮਿੱਟੀ ਅਤੇ ਧਾਤੂ ਦੇ ਭਾਂਡੇ ਵਰਤੇ ਜਾਂਦੇ ਸਨ। ਅੱਜ ਉਨ੍ਹਾਂ ਦੀ ਥਾਂ ਬਣਾਉਟੀ ਅਤੇ ਇੱਕ ਵਾਰ ਵਰਤੋਂ ਵਾਲੀਆਂ ਚੀਜ਼ਾਂ ਦੀ ਵਰਤੋਂ ਵਧ ਗਈ ਹੈ, ਜਿਸ ਨਾਲ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸੁਵਿਧਾ ਦੀ ਇੱਛਾ ਵਿਚ ਕੁਦਰਤ ਦੇ ਸੰਤੁਲਨ ਨੂੰ ਅਣਗੌਲਿਆ ਗਿਆ ਹੈ, ਜਿਸ ਦਾ ਨਤੀਜਾ ਹੁਣ ਸਾਫ਼ ਦਿਖਾਈ ਦੇ ਰਿਹਾ ਹੈ।

ਮਨੋਰੰਜਨ ਦੇ ਸਾਧਨਾਂ ਵਿਚ ਆਏ ਬਦਲਾਅ ਨੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਪਹਿਲਾਂ ਸਮੂਹਿਕ ਗਤੀਵਿਧੀਆਂ ਰਾਹੀਂ ਮਨੋਰੰਜਨ ਹੁੰਦਾ ਸੀ, ਜਿਸ ਨਾਲ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਸਨ। ਹੁਣ ਨਿੱਜੀ ਯੰਤਰਾਂ ਰਾਹੀਂ ਮਨੋਰੰਜਨ ਦਾ ਰੁਝਾਨ ਵਧਿਆ ਹੈ, ਜਿਸ ਕਾਰਨ ਪਰਿਵਾਰ ਦੇ ਮੈਂਬਰ ਇਕੱਠੇ ਸਮਾਂ ਬਿਤਾਉਣ ਤੋਂ ਦੂਰ ਹੋ ਰਹੇ ਹਨ। ਇਹ ਹਾਲਤ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰ ਰਹੀ ਹੈ। ਕੱਪੜਿਆਂ ਅਤੇ ਜੀਵਨਸ਼ੈਲੀ ਵਿਚ ਵੀ ਦਿਖਾਵੇ ਦਾ ਪ੍ਰਭਾਵ ਵਧਿਆ ਹੈ। ਰਿਵਾਇਤੀ ਅਤੇ ਸਰਲ ਜੀਵਨਸ਼ੈਲੀ ਦੀ ਥਾਂ ਹੁਣ ਆਕਰਸ਼ਣ ਅਤੇ ਪ੍ਰਦਰਸ਼ਨ ਨੇ ਲੈ ਲਈ ਹੈ।

ਇਸ ਨਾਲ ਵਿਅਕਤੀ ਦਾ ਧਿਆਨ ਬਾਹਰੀ ਰੂਪ ਉੱਤੇ ਵਧੇਰੇ ਕੇਂਦਰਿਤ ਹੋ ਗਿਆ ਹੈ, ਜਦੋਂਕਿ ਅੰਦਰੂਨੀ ਸੰਤੁਲਨ ਦੀ ਅਣਦੇਖੀ ਹੋ ਰਹੀ ਹੈ। ਇਨ੍ਹਾਂ ਸਾਰੇ ਬਦਲਾਵਾਂ ਵਿਚ ਇੱਕ ਸਕਾਰਾਤਮਕ ਸੰਕੇਤ ਵੀ ਦਿਖਾਈ ਦੇ ਰਿਹਾ ਹੈ। ਹੁਣ ਹੌਲੀ-ਹੌਲੀ ਲੋਕ ਆਪਣੀਆਂ ਜੜ੍ਹਾਂ ਵੱਲ ਵਾਪਸ ਮੁੜਨ ਲੱਗੇ ਹਨ। ਰਿਵਾਇਤੀ ਭੋਜਨ ਪਦਾਰਥਾਂ, ਯੋਗ, ਪ੍ਰਾਣਾਯਾਮ ਅਤੇ ਕੁਦਰਤੀ ਜੀਵਨਸ਼ੈਲੀ ਵੱਲ ਰੁਚੀ ਵਧ ਰਹੀ ਹੈ। ਲੋਕ ਸਿਹਤ ਅਤੇ ਮਾਨਸਿਕ ਸ਼ਾਂਤੀ ਦੇ ਮਹੱਤਵ ਨੂੰ ਸਮਝਣ ਲੱਗੇ ਹਨ।

ਜੈਵਿਕ ਖੇਤੀ ਤੇ ਵਾਤਾਵਰਨ ਸੁਰੱਖਿਆ ਵੱਲ ਵੀ ਯਤਨ ਵਧ ਰਹੇ ਹਨ। ਘਰਾਂ ਵਿਚ ਬੂਟਿਆਂ ਦਾ ਮਹੱਤਵ ਫਿਰ ਤੋਂ ਸਵੀਕਾਰ ਕੀਤਾ ਜਾ ਰਿਹਾ ਹੈ ਅਤੇ ਕੁਦਰਤੀ ਜੀਵਨ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਇਹ ਸਪੱਸ਼ਟ ਹੈ ਕਿ ਸਿਰਫ ਭੌਤਿਕ ਭਰਪੂਰਤਾ ਜੀਵਨ ਨੂੰ ਪੂਰਨ ਨਹੀਂ ਬਣਾ ਸਕਦੀ। ਜੀਵਨ ਦਾ ਅਸਲ ਸੰਤੋਖ, ਸਿਹਤਮੰਦ ਸਬੰਧਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿਚ ਲੁਕਿਆ ਹੈ। ਜੇਕਰ ਮਨੁੱਖ ਇਨ੍ਹਾਂ ਮੁੱਲਾਂ ਨੂੰ ਗੁਆ ਬੈਠਦਾ ਹੈ ਤਾਂ ਸਾਰੀਆਂ ਉਪਲੱਬਧੀਆਂ ਅਧੂਰੀਆਂ ਰਹਿ ਜਾਂਦੀਆਂ ਹਨ।

ਇਸ ਲਈ ਲੋੜ ਹੈ ਕਿ ਆਧੁਨਿਕਤਾ ਅਤੇ ਪਰੰਪਰਾ ਵਿਚਕਾਰ ਸੰਤੁਲਨ ਕਾਇਮ ਕੀਤਾ ਜਾਵੇ। ਭਵਿੱਖ ਦਾ ਆਦਰਸ਼ ਜੀਵਨ ਉਹੀ ਹੋਵੇਗਾ ਜਿਸ ਵਿਚ ਵਿਗਿਆਨ ਤੇ ਤਕਨਾਲੋਜੀ ਦਾ ਇਸਤੇਮਾਲ ਸਮਝਦਾਰੀ ਨਾਲ ਕੀਤਾ ਜਾਵੇ ਅਤੇ ਨਾਲ ਹੀ ਕੁਦਰਤ ਅਤੇ ਸੱਭਿਆਚਾਰ ਦਾ ਸਨਮਾਨ ਬਣਿਆ ਰਹੇ। ਜੀਵਨ ਵਿਚ ਸੁਵਿਧਾ ਦੇ ਨਾਲ-ਨਾਲ ਆਪਣਾਪਣ, ਸੰਵੇਦਨਾ ਅਤੇ ਸੰਤੁਲਨ ਵੀ ਲਾਜ਼ਮੀ ਹਨ। ਜਦੋਂ ਮਨੁੱਖ ਇਸ ਸੰਤੁਲਨ ਨੂੰ ਸਮਝ ਲਵੇਗਾ ਤਾਂ ਉਹ ਅਸਲ ਸੁਖ ਅਤੇ ਸ਼ਾਂਤੀ ਦਾ ਅਨੁਭਵ ਕਰ ਸਕੇਗਾ। ਇਹੀ ਸੱਚੀ ਤਰੱਕੀ ਦਾ ਰਾਹ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਸੁਨੀਲ ਕੁਮਾਰ ਮਹਿਲਾ

About The Author

Related Posts