ਜ਼ੀਰੋ ਤੋਂ ਹੀਰੋ ਬਣਿਆ ਐੱਸ.ਪੀ. ਸਿੰਘ ਉਬਰਾਏ

Hero, Made, SP Singh Obrai, article

ਪੋਰਖ ਬਿਨ ਕੀਰਤੀ ਨਹੀਂ ਮਿਲਦੀ, ਬੇਹਿੰਮਤੀਆਂ ਨੂੰ ਇਤਿਹਾਸ ਆਪਣੀ ਹਿੱਕ ਦਾ ਵਾਲ ਨਹੀਂ ਬਣਾਉਂਦਾ ਸੰਕਲਪਾਂ ਦੇ ਬੀਜ ਹੀ ਬਿਰਛ ਬਣਦੇ ਹਨ ਆਗਜ਼ੀਆਂ ਨੂੰ ਹੀ ਮੰਜ਼ਿਲਾਂ ਮਿਲਦੀਆ ਹਨਜੋਖਮ ਉਠਾਉਣ ਵਾਲੇ ਹੀ ਵੱਡੀਆਂ ਮੱਲਾਂ ਮਾਰਨ ਦੇ ਕਾਬਲ ਹੁੰਦੇ ਹਨ ਚੇਤੰਨ, ਸੁਚੇਤ, ਹਿੰਮਤੀ, ਪੌਰਖੀ ਤੇ ਸਮੇਂ ਦੇ ਹਾਣੀ ਹਿੰਮਤੀ ਬੰਦੇ ਕੁਝ ਵੱਡਾ ਕਰਨ ਗੁਜਰਨ ‘ਚ ਕਾਮਯਾਬ ਹੁੰਦੇ ਹਨ ਕਈ ਮਨੁੱਖ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਲਹੂ ‘ਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ ਨਾ ਉਹ ਆਪ ਟਿਕ ਕੇ ਬੈਠਦੇ ਹਨ ਤੇ ਨਾ ਹੀ ਸਾਥੀਆਂ ਨੂੰ ਟਿਕਣ ਦਿੰਦੇ ਹਨ ਉਨ੍ਹਾਂ ਦਾ ਜਨੂੰਨ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ

ਅਜਿਹੀ ਹੀ ਇੱਕ ਨਿਰੰਤਰ ਉੱਦਮਸ਼ੀਲਤਾ ਦਾ ਨਾਂਅ ਹੈ ਸੁਰਿੰਦਰ ਪਾਲ ਸਿੰਘ ਉਬਰਾਏ  ਡਾ. ਐੱਸ ਪੀ ਸਿੰਘ ਉਬਰਾਏ ਨੂੰ ਵੇਖਿਆਂ, ਮਿਲਿਆਂ ਤੇ ਜਾਣਿਆਂ ਹੀ ਪਤਾ ਲੱਗਦਾ ਹੈ ਕਿ ਗੁਰੂ ਦਾ ਘਨ੍ਹੱਈਆ ਸਿੱਖ ਕਿਹੋ ਜਿਹਾ ਹੁੰਦਾ ਹੈ, ਦਿਲ ਤੇ ਗੁਰਦੇ ਵਾਲੇ ਮਰਦ ਦੀ ਸੂਰਤ ਕੈਸੀ ਹੁੰਦੀ ਹੈ ਮਾਪਿਆਂ ਦਾ ਪਾਲੀ ਤੇ ਲੋਕਾਂ ਦਾ ਐਸ ਪੀ ਸਿੰਘ ਉਬਰਾਏ ਇਕਾਹਟ ਸਾਲਾਂ ਦਾ ਹੁੰਦੜ-ਹੇਲ, ਚੜ੍ਹਤ-ਬੜ੍ਹਤ ਵਾਲਾ ਪੌਰਖੀ ਤੇ ਉੱਦਮੀ ਵਿਅਕਤੀ ਹੈ ਉਹ ਹਰ ਲੋੜਵੰਦ ਦੀ ਬਾਂਹ ਫੜਦਾ ਹੈ ਲੋਕਾਈ ਦੇ ਕੰਮਾਂ ਨੂੰ ਪੂਰੇ ਦਮ-ਖਮ ਨਾਲ ਹੱਥ ਪਾਉਂਦਾ ਹੈ ਤੇ ਮੋਰਚਾ ਫਤਿਹ ਕਰਕੇ ਹੀ ਦਮ ਲੈਂਦਾ ਹੈ ਉਸ ਕੋਲ ਸੰਕਲਪ  ਤੇ ਸ਼ਕਤੀ ਦੋਵੇਂ ਹੀ ਅਪਾਰ ਹਨ  ਉਹ ਹਰ ਮੋਰਚਾ ਫਤਿਹ ਕਰਨ ਵਾਲਾ ਸਿੰਘ ਸਿਪਾਹੀ ਬਣ ਗਿਆ ਹੈ ਮੋਰਚਾ ਤਾਂ ਉਸਨੇ ਦੁਬਈ ‘ਚ ਤਾਜ ਮਹੱਲ ਬਣਾਉਣ ਵਾਲਾ ਵੀ ਫਤਿਹ ਕਰ ਲਿਆ ਸੀ

ਇੱਕ ਹੋਰ ਗੱਲ ਹੈ ਵਿਦੇਸ਼ੀ ਧਰਤੀ ਦੇ ਕਾਨੂੰਨ ਨੇ ਉਸਨੂੰ ਇਤਿਹਾਸ ਦਾ ਬਣਾ ਦਿੱਤਾ ਤਾਂ ਐਸ ਪੀ ਸਿੰਘ ਉਬਰਾਏ ਦਾ ਰੇਖਾ ਚਿੱਤਰ ਲਿਖਣ ਸਮੇਂ ਇਹ ਨਿਰਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਸ ਦੀ ਕਿਹੜੀ ਲੜੀ ਫੜੀਏ ਤੇ ਕਿਹੜੀ ਛੱੱਡੀਏ ਕਿਉਂਕਿ  ਉਹਦੇ ਬਾਰੇ ਲਿਖਣ ਤੇ ਕਹਿਣ ਲਈ ਬੇਅੰਤ ਗੱਲਾਂ ਹਨ ਗੱਲ ਤਾਂ ਇਹ ਵੀ ਆਪਣੇ ਆਪ ‘ਚ ਬਹੁਤ ਅਹਿਮ ਤੇ ਅਨੂਠੀ ਹੈ ਕਿ 355 ਰੁਪਏ ਮਹੀਨਾ ਕਮਾਉਣ ਵਾਲਾ ਸਿਰਫ ਪ੍ਰੈਪ ਤੱਕ ਪੜ੍ਹਿਆ ਹੋਇਆ

ਡੀਜਲ ਮਕੈਨਿਕ ਅੱਜ ਅਪੈਕਸ ਇਮੀਰੇਟਸ ਜਨਰਲ ਟਰੇਡਿੰਗ ਕੰਪਨੀ, ਅਪੈਕਸ ਇਨਵੈਸਟਮੈਂਟ ਕੰਸਟਰਕਸ਼ਨ ਐੱਡ ਲੈਂਡ ਡਿਵਾਟਰਿੰਗ ਐੱਲ.ਐੱਲ ਸੀ, ਉਬਰਾਏ ਪ੍ਰਾਪਟੀਜ਼ ਐਂਡ ਇਨਵੈਸਟਮੈਂਟ ਲਿਮਟਿਡ ਤੇ ਹਰਨਾਮ ਘਿਉ, ਸਾਗ, ਪੰਚਰੰਗਾ, ਅਚਾਰ, ਪਨੀਰ ਤੇ ਸਰਬਤ ਆਦਿ ਕਿੰਨੀਆਂ ਕੰਪਨੀਆਂ ਦਾ ਮਾਲਕ ਹੈ, ਜਿਨ੍ਹਾਂ ਦੀ ਟਰਨਓਵਰ  ਅਰਬਾਂ ਤੱਕ ਪਹੁੰਚ ਗਈ ਹੈ ਸਮਾਜ ਸੇਵੀ ਕੰਮਾਂ ਤੇ ਰੁਝੇਵਿਆਂ ਨੇ ਉਸ ਦਾ ਪਿਆਰਾ ਪ੍ਰੋਜੈਕਟ ਦੁਬਈ ਗ੍ਰੈਂਡ ਹੋਟਲ ਬੰਦ ਕਰਵਾ ਦਿੱਤਾ ਹੈ ਜਿਸ ਰਾਹੀਂ ਉਸਨੇ 10-11 ਵਰ੍ਹੇ ਰੱਜਕੇ ਕਮਾਈ ਕੀਤੀ ਸੀ

ਐਸ ਪੀ ਸਿੰਘ ਉਬਰਾਏ ਦੀ ਜੀਵਨ ਯਾਤਰਾ 1956 ਵਿਸਾਖੀ ਨੂੰ ਨੰਗਲ ਟਾਊਨਸ਼ਿਪ ਤੋਂ ਅਰੰਭ ਹੋਈ ਜਦੋਂ ਇੰਜੀਨੀਅਰ ਸ. ਪ੍ਰੀਤਮ ਸਿੰਘ ਤੇ ਮਾਤਾ ਅੰਮ੍ਰਿਤ ਕੌਰ ਨੂੰ ਮੁੰਡਾ ਜੰਮਣ ‘ਤੇ ਵਧਾਈਆਂ ਮਿਲੀਆਂ ਦੋ ਭੈਣਾਂ ਦਾ ਲਾਡਲਾ ਭਰਾ (ਐਸ ਪੀ ਸਿੰਘ ਉਬਰਾਏ) ਪਰਿਵਾਰ ਸਮੇਤ 1963 ‘ਚ ਤਲਵਾੜੇ ਆ ਗਿਆ ਤੇ ਉੱਥੇ ਹੀ ਦਸਵੀਂ ਕੀਤੀ ਤੇ ਦਸਵੀਂ ਤੋਂ ਬਾਦ ਆਈਟੀਆਈ ਤੋਂ ਡੀਜਲ ਮਕੈਨਿਕ ਦਾ ਡਿਪਲੋਮਾ ਕਰ ਲਿਆ

ਡੀਜ਼ਲ ਇੰਜਣ ਦਾ ਤਾਂ ਉਹ ਡਿਪਲੋਮਾ ਕਰਦੇ ਕਰਦੇ ਹੀ ਮਾਹਿਰ ਬਣ ਗਿਆ ਸੀ ਉਹ ਇੰਜਣ ਦੀ ਘੂੰ-ਘੂੰ ਤੋਂ ਉਸ ਦੀ ਬੀਮਾਰੀ ਜਾਣ ਜਾਂਦਾ ਸੀ ਉਹ ਬਹੁਤ ਸੱਚਿਆਰਾ ਤੇ ਹੁਨਰਮੰਦ ਮਕੈਨਿਕ ਸੀ ਇਸੇ ਹੁਨਰਮੰਦੀ ਨੇ ਪੜ੍ਹਾਈ ਦੇ ਡਰੋਂ ਘਰੋ ਭੱਜੇ ਉਬਰਾਏ ਨੂੰ ਦੁਬਈ ਪਹੁੰਚਾ ਦਿੱਤਾ ਸੀ ਇਸ ਹੁਨਰਮੰਦੀ ਕਾਰਨ ਦੁਬਈ ਪਹੁੰਚ ਕੇ ਐੱਸ ਪੀ ਸਿੰਘ ਉਬਰਾਏ ਮਕੈਨਿਕ ਜਿੰਨੀ ਨਹੀਂ ਸਗੋਂ ਇੰਜੀਨੀਅਰ ਵਾਲੀ ਤਨਖਾਹ ਲੈਂਦਾ ਸੀ ਪੰਜ-ਸੱਤ ਸਾਲ ਖੂਬ ਮਿਹਨਤ ਕੀਤੀ ਤੇ ਪੈਸੇ ਇਕੱਠੇ ਕੀਤੇ ਪਿਤਾ ਨਾਲ ਕੀਤਾ ਵਾਅਦਾ ਪੁਗਾਇਆ ਤੇ ਕੁਝ ਬਣ ਕੇ ਹੀ ਮੁੜ ਘਰ ਪਰਤ ਆਇਆ

ਇੱਥੇ ਆਕੇ ਪਰਿਵਾਰ ਨਾਲ ਰਲ ਕੇ ਸੜਕਾਂ, ਪੁਲਾਂ ਤੇ ਰੇਲਵੇ ਆਦਿ ਲਈ ਠੇਕੇਦਾਰੀ ਕੀਤੀ ਐਸ ਪੀ ਸਿੰਘ ਉਬਰਾਏ ਜੇ ਚਾਹੁੰਦਾ ਤਾਂ ਸਤੁੰਸ਼ਟ ਹੋ ਕੇ ਅਰਾਮ ਨਾਲ ਜਿੰਦਗੀ ਕੱਟ ਸਕਦਾ ਸੀ ਪਰ ਉਹ ਤਾਂ ਵੱਡਾ ਸੁਫ਼ਨਸਾਜ ਹੈ ਤੇ ਚੁਣੌਤੀਆਂ ਨੂੰ ਸਵੀਕਾਰ ਕਰਨਾ ਉਸਦਾ ਸ਼ੌਂਕ ਹੈ

ਸੰਕਲਪ ਤੇ ਇਰਾਦੇ ਹੀ ਅਮਲੀ ਸਰਗਰਮੀਆਂ ਸਿਰਜਦੇ ਹਨ ਇੱਛਾ ਵਿਉਂਤ ਦੀ ਜਨਣੀ ਹੈ ਅਤੇ ਵਿਉਂਤਾਂ ਇਤਿਹਾਸ ਸਿਰਜਦੀਆਂ ਹਨ ਜੋ ਐਵਰੈਸਟ ਦੀ ਤਮੰਨਾ ਦਿਲ ਵਿੱਚ ਪਾਲਦੇ ਹਨ ਉਹੀ ਇੱਕ ਦਿਨ ਜੋਖਮਾਂ ਵਿੱਚੋਂ ਲੰਘ ਕੇ ਮੰਜ਼ਿਲਾਂ ਦੇ ਦੇ ਰੂ-ਬ ਰੂ ਹੁੰਦੇ ਹਨ

ਕੁਝ ਬਣਨ ਲਈ ਸਾਧਨਾ, ਰਿਆਜ਼, ਭਗਤੀ, ਮੁਸ਼ਕੱਤ, ਅਤੇ ਜੋਖਮ ਉਠਾਉਣ ਦੀ ਲੋੜ ਹੁੰਦੀ ਹੈ ਸਫ਼ਲ ਲੋਕ ਜਿੱਤ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ ਆਪਣੀ ਮੰਜਿਲ, ਆਪਣੇ ਨਿਸ਼ਾਨੇ, ਆਪਣੇ ਉਦੇਸ਼ ਨੂੰ ਪਾਉਣ ਹਿੱਤ ਆਤਮ ਵਿਸ਼ਵਾਸ , ਦ੍ਰਿੜ ਇਰਾਦਾ, ਤੀਬਰ ਇੱਛਾ ਸ਼ਕਤੀ, ਸੰਕਲਪ ਤੋਫੀਕੀ ਚੇਤਨਾ, ਪੌਰਖ, ਹਿੰਮਤ, ਲਗਨ ਅਤੇ ਹਿੰਮਤ ਦੀ ਜ਼ਰੂਰਤ ਹੁੰਦੀ ਹੈ ਇਹ ਸਾਰੇ ਗੁਣਾਂ ਨਾਲ ਉਬਰਾਏ ਦੀ ਸ਼ਖਸੀਅਤ ਉਸ ਵੇਲੇ ਵੀ ਲਬਰੇਜ਼ ਸੀ ਇਸੇ ਕਾਰਨ 13 ਵਰ੍ਹਿਆਂ ਬਾਦ ਮੁੜ ਦੁੱਬਈ ਜਾ ਕੇ ਆਪਣੇ ਵੱਡੇ-ਵੱਡੇ ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲਣ ਹਿੱਤ ਸੰਘਰਸ਼ ਕਰਨਾ ਸ਼ੁਰੂ ਕੀਤਾ ਅਤੇ ਅਪੈਕਸ ਇਮੀਰੇਟਸ ਜਨਰਲ ਟਰੇਡਿੰਗ ਕੰਪਨੀ ਐਲ ਐਸ ਸੀ ਦੀ ਨੀਂਹ ਰੱਖੀ ਪੰਜ ਸੱਤ ਮਹੀਨਿਆਂ ‘ਚ ਹੀ ਪੈਰ ਲੱਗ ਗਏ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਜਿੱਧਰ ਵੀ ਹੱਥ ਪਾਇਆ ਕਾਮਯਾਬੀ ਹੱਥ ਲੱਗੀ

ਸੁਰਿੰਦਪਾਲ ਸਿੰਘ ਉਬਰਾਏ ਦੀ ਜਿੰਦਗੀ ਵਿੱਚ ਉਦੋਂ ਨਵਾਂ ਮੋੜ ਜਦੋਂ ਇੱਕ ਪਾਕਿਸਤਾਨੀ ਦੇ ਕਤਲ ਦੇ ਇਲਜ਼ਾਮ ਵਿੱਖ 17 ਪੰਜਾਬੀਆਂ ਨੂੰ ਫ਼ਾਂਸੀ ਦੀ ਸਜਾ ਦੀ ਖ਼ਬਰ ਪੜ੍ਹੀ ਉਨ੍ਹਾਂ ਦੀ ਬਲੱਡ ਮਨੀ ਦੇ ਕੇ ਉਨ੍ਹਾਂ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਫਿਰ ਤਾਂ ਚੱਲ ਸੋ ਚੱਲ ਹੋ ਗਈ ‘ਸਰਬੱਤ ਦਾ ਭਲਾ’ ਟਰੱਸਟ ਬਣਾ ਕੇ ਉਬਰਾਏ ਜਨੂੰਨ ਦੀ ਹੱਦ ਤੱਕ ਲੋਕ ਸੇਵਾ ਵਿੱਚ ਲੱਗ ਗਿਆ ਹੁਣ ਜੇਲ੍ਹਾਂ ਵਿੱਚ ਸੁਧਾਰ, ਅੱਖਾਂ ਦੇ ਕੈਂਪ, ਡਾਇਲੈਮਜ਼ ਦੀਆਂ ਮਸ਼ੀਨਾਂ, ਗਰੀਬਾਂ ਲਈ ਮਕਾਨ, ਬੁਢਾਪਾ ਪੈਨਸ਼ਨ ਸਿੱਖਿਆ ਦੇ ਖੇਤਰ ਵਿੱਚ ਕੰਮ, ਸਾਫ ਸੁਥਰੇ ਪਾਣੀ ਲਈ ਆਰ ਓ ਲਵਾਉਣੇ ਗੱਤਕੇ ਦੀ ਪ੍ਰਫੁੱਲਤਾ ਯਤਨ, ਸੰਸਕਾਰ ਘਰਾਂ ਲਈ ਸੁਵਿਧਾਵਾਂ, ਵਧੀਆ ਸਾਹਿਤ ਛਾਪਣਾ ਅਤੇ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਦੀ ਸਿੱਖਿਆ ਆਦਿ ਅਨੇਕਾਂ ਕਾਰਜ ਸਰਬੱਤ ਦਾ ਭਲਾ ਟਰੱਸਟ ਕਰ ਰਿਹਾ ਹੈ

ਆਪਣੀ ਕਮਾਈ ਵਿੱਚੋਂ ਕਰੋੜਾਂ ਰੁਪਏ ਹਰ ਮਹੀਨੇ ਖਰਚਣ ਵਾਲਾ ਇਹ ਮਨੁੱਖ ਅੱਜ ਕੱਲ੍ਹ ਲੋਕ ਸੇਵਾ ਲਈ ਦਿਨ ਰਾਤ ਇੱਕ ਕਰ ਰਿਹਾ ਹੈ ਡਾ. ਉਬਰਾਏ ਦੇ ਕੰਮਾਂ ਨੂੰ ਦੇਸ਼ਾਂ-ਵਿਦੇਸ਼ਾਂ ਪਛਾਣਿਆ ਗਿਆ ਹੈ ਅਤੇ ਵੱਡੇ-ਵੱਡੇ ਸਨਮਾਨ ਦਿੱਤੇ ਗਏ ਹਨ ਇਟਰਨੈਸ਼ਨਲ ਯੂਨੀਵਰਸਿਟੀ ਆਫ ਫੰਡੇਮੈਂਟਲ ਸਟੱਡੀਜ਼ ਰੂਸ ਨੇ ਆਨਰੇਰੀ ਪੀਐਚ ਡੀ ਦੀ ਡਿਗਰੀ ਪ੍ਰਦਾਨ ਕੀਤੀ ਹੈ ਇਸ ਕਾਲਮ ਦੇ ਸਥਾਨ ਦੀ ਸੀਮਾ ਨੂੰ ਵੇਖਦੇ ਹੋਏ ਡਾ. ਉਬਰਾਏ ਕੰਮਾਂ ਨੂੰ ਬਿਆਨ ਕਰਨਾ ਮੁਸ਼ਕਲ ਹੈ ਇਸ ਕੰਮ ਲਈ ਪੂਰੀ ਕਿਤਾਬ ਚਾਹੀਦੀ ਹੈ, ਜਿਸ ਉੱਪਰ ਮੈਂ ਕੰਮ ਸ਼ੁਰੂ ਕਰ ਦਿੱਤਾ ਹੈ

ਡਾ. ਹਰਜਿੰਦਰ ਵਾਲੀਆ
ਮੋ. 98723-14380

LEAVE A REPLY

Please enter your comment!
Please enter your name here