ਪਿਛਲੇ ਦੋ ਸਾਲਾਂ ਤੋਂ 10 ਕਰੋੜ ਰੁਪਏ ਦਾ ਬਜਟ ਰੱਖਦੀ ਆ ਰਹੀ ਐ ਸਰਕਾਰ
- ਸੱਤਾ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਕੀਤਾ ਸੀ ਵਾਅਦਾ ਪਰ ਅਜੇ ਤੱਕ ਕਰਨਾ ਪੈ ਰਿਹਾ ਐ ਇੰਤਜ਼ਾਰ
- ਮੋਬਾਇਲ ਫੋਨ ਦਾ ਲਾਲਚ ਦੇ ਕੇ ਅਮਰਿੰਦਰ ਸਿੰਘ ਨੇ ਮੰਗੀਆਂ ਸਨ ਨੌਜਵਾਨਾ ਤੋਂ ਵੋਟਾਂ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੁਫ਼ਤ ਮੋਬਾਇਲ ਫੋਨ ਲੈਣ ਦੀ ਝਾਕ ਵਿੱਚ ਪੰਜਾਬ ਦੇ 50 ਲੱਖ ਨੌਜਵਾਨਾਂ ਨੂੰ ਅਜੇ 1-2 ਸਾਲ ਦਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਵਿੱਤੀ ਵਰ੍ਹੇ ਵੀ ਪੰਜਾਬ ਸਰਕਾਰ ਮੋਬਾਇਲ ਫੋਨ ਦੇਣ ਤੋਂ ਸਾਫ਼ ਮੁਨਕਰ ਹੋ ਗਈ ਹੈ ਹਾਲਾਂਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਜਟ ਵਿੱਚ 10 ਕਰੋੜ ਰੁਪਏ ਰੱਖੇ ਗਏ ਸਨ ਪਰ ਇਹ 10 ਕਰੋੜ ਰੁਪਏ ਪਿਛਲੇ ਸਾਲ ਵਾਂਗ ਇਸ ਸਾਲ ਵੀ ਅਨਵਰਤੇ ਹੀ ਖਜਾਨੇ ਕੋਲ ਵਾਪਸ ਚਲੇ ਜਾਣਗੇ। ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਦੇ ਮੁਖੀ ਅਮਰਿੰਦਰ ਸਿੰਘ ਨੇ 2 ਸਾਲ ਪਹਿਲਾਂ 21 ਨਵੰਬਰ 2016 ਨੂੰ ਪੰਜਾਬ ਦੇ 50 ਲੱਖ ਨੌਜਵਾਨਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਕੈਪਟਨ ਸਮਾਰਟ ਡਾਟ ਕਾਮ ‘ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ ਤਾਂ ਕਿ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਪਹਿਲੇ 100 ਦਿਨਾਂ ਵਿੱਚ ਨੌਜਵਾਨਾਂ ਨੂੰ ਮੋਬਾਇਲ ਫੋਨ ਦਿੱਤੇ ਜਾ ਸਕਣ।
ਇਹ ਵੀ ਪੜ੍ਹੋ : ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ’ਚ ਸਥਾਪਿਤ ਕੀਤੇ ਫਲੱਡ ਕੰਟਰੋਲ ਰੂਮ
ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਪੰਜਾਬ ਭਰ ਦੇ ਕੋਨੇ-ਕੋਨੇ ਵਿੱਚ ਬੈਠੇ ਨੌਜਵਾਨਾਂ ਨੇ ਵੱਡੇ ਪੱਧਰ ‘ਤੇ ਫਾਰਮ ਇਸ ਆਸ ਨਾਲ ਭਰ ਦਿੱਤੇ ਸਨ ਕਿ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਉਨਾਂ ਨੂੰ ਸਮਾਰਟ ਫੋਨ ਮਿਲ ਜਾਏਗਾ। ਮੋਬਾਇਲ ਦੇ ਲਾਲਚ ਵਿੱਚ ਨੌਜਵਾਨਾ ਨੇ ਰੱਜ ਕੇ ਵੋਟਾਂ ਵੀ ਕਾਂਗਰਸ ਦੇ ਹੱਕ ਵਿੱਚ ਪਾਈਆ ਅਤੇ ਜਿਸ ਤੋਂ ਬਾਅਦ ਸੱਤਾ ਵਿੱਚ ਕਾਂਗਰਸ ਆਉਣ ਵਿੱਚ ਕਾਮਯਾਬ ਵੀ ਰਹੀਂ। ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਵਿੱਚ ਨੌਜਵਾਨਾ ਨੂੰ ਮੁਫ਼ਤ ਮੋਬਾਇਲ ਫੋਨ ਦੇਣ ਲਈ 10 ਕਰੋੜ ਰੁਪਏ ਰੱਖੇ ਸਨ ਤਾਂ ਕਿ ਮੋਬਾਇਲ ਫੋਨ ਦਿੱਤੇ ਜਾ ਸਕਣ ਪਰ ਪਹਿਲੇ ਸਾਲ ਇਹ ਸਕੀਮ ਸਿਰੇ ਨਹੀਂ ਚਾੜ੍ਹ ਸਕੀ ਤਾਂ ਨੌਜਵਾਨਾ ਨੂੰ ਅਗਲੇ ਸਾਲ ਦਾ ਇੰਤਜ਼ਾਰ ਸੀ। ਇਸ ਵਿੱਤੀ ਸਾਲ ਦੇ ਬਜਟ ਵਿੱਚ ਵੀ ਨੌਜਵਾਨਾ ਨੂੰ ਮੋਬਾਇਲ ਫੋਨ ਦੇਣ ਲਈ 10 ਕਰੋੜ ਰੁਪਏ ਰੱਖੇ ਗਏ ਹਨ ਪਰ ਹੁਣ ਸਰਕਾਰ ਇਸ ਤੋਂ ਵੀ ਮੁਨਕਰ ਹੋ ਰਹੀਂ ਹੈ। ਇਸ ਸਾਲ ਵੀ ਅਮਰਿੰਦਰ ਸਿੰਘ ਵਲੋਂ ਦਿੱਤੇ ਫਾਰਮ ਭਰਨ ਵਾਲੇ ਕਿਸੇ ਵੀ ਨੌਜਵਾਨ ਨੂੰ ਮੋਬਾਇਲ ਫੋਨ ਨਹੀਂ ਮਿਲੇਗਾ। (Congress Govt.)
ਦਿਖਾਵੇ ਲਈ ਸਿਰਫ਼ 10 ਫੀਸਦੀ ਸਕੂਲੀ ਵਿਦਿਆਰਥੀਆਂ ਨੂੰ ਮਿਲਣਗੇ ਮੋਬਾਇਲ
ਅਮਰਿੰਦਰ ਸਿੰਘ ਦੀ ਸਰਕਾਰ ਫਾਰਮ ਭਰਨ ਵਾਲੇ ਨੌਜਵਾਨਾਂ ਨੂੰ ਮੋਬਾਇਲ ਫੋਨ ਦੀ ਥਾਂ ‘ਤੇ ਸਿਰਫ਼ ਦਿਖਾਵੇ ਲਈ ਸਿਰਫ਼ 11ਵੀਂ ਅਤੇ 12ਵੀਂ ਜਮਾਤ ਦੇ 10 ਫੀਸਦੀ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਦੀਵਾਲੀ ਨੇੜੇ ਦੇਣ ਦੀ ਤਿਆਰੀ ਕਰ ਰਹੀ ਹੈ। ਇਹ ਉਹ ਨੌਜਵਾਨ ਹਨ, ਜਿਨ੍ਹਾਂ ਨੇ ਫਾਰਮ ਨਹੀਂ ਭਰਿਆ ਹੋਇਆ ਹੈ ਅਤੇ ਅਮਰਿੰਦਰ ਸਿੰਘ ਦੇ ਐਲਾਨ ਮੁਤਾਬਕ ਸਿਰਫ਼ 18 ਸਾਲ ਤੋਂ ਵੱਧ ਉਮਰ ਵਾਲੇ ਨੌਜਵਾਨਾਂ ਨੂੰ ਹੀ ਇਹ ਮੋਬਾਇਲ ਫੋਨ ਮਿਲ ਸਕਦਾ ਹੈ, ਜਦੋਂ ਕਿ 11ਵੀ ਵਿੱਚ ਪੜ੍ਹਾਈ ਕਰਨ ਵਾਲਾ ਸ਼ਾਇਦ ਹੀ ਕੋਈ ਵਿਦਿਆਰਥੀ 18 ਸਾਲ ਦਾ ਹੋਵੇਗਾ, ਜਦੋਂ ਕਿ 12ਵੀ ਵਿੱਚ ਸਿਰਫ਼ 10-12 ਫੀਸਦੀ ਵਿਦਿਆਰਥੀ ਹੀ 18 ਦੀ ਉਮਰ ਵਾਲੇ ਹੁੰਦੇ ਹਨ। ਇਸ ਲਈ ਦਿਖਾਵੇ ਲਈ ਕੁਝ ਹਜ਼ਾਰ ਮੋਬਾਇਲ ਫੋਨ ਸਰਕਾਰ ਇਸ ਸਾਲ ਵੰਡ ਸਕਦੀ ਹੈ। (Congress Govt.)