Youth Leaving Farming: ਪੰਜਾਬ ਦੀ ਧਰਤੀ ਸੰਸਾਰ ਦੇ ਉਨ੍ਹਾਂ ਜਰਖੇਜ਼ ਖਿੱਤਿਆਂ ਵਿੱਚ ਆਉਂਦੀ ਹੈ ਜਿਹੜੇ ਖੇਤੀਬਾੜੀ ਲਈ ਉੱਤਮ ਮੰਨੇ ਜਾਂਦੇ ਹਨ। ਇਸ ਕਰਕੇ ਹੀ ਮੁੱਢ ਤੋਂ ਪੰਜਾਬ ਅਤੇ ਖੇਤੀਬਾੜੀ ਦਾ ਰਿਸ਼ਤਾ ਨਹੁੰ-ਮਾਸ ਵਾਲਾ ਰਿਹਾ ਹੈ। ਪੰਜਾਬ ਦੀ ਬਹੁਗਿਣਤੀ ਅਬਾਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀਬਾੜੀ ਨਾਲ ਜੁੜੀ ਹੋਈ ਹੋਣ ਕਰਕੇ ਹੀ ਇੱਥੋਂ ਦੀ ਆਰਥਿਕਤਾ, ਸੱਭਿਆਚਾਰ ਅਤੇ ਸਮਾਜਿਕ ਜੀਵਨ ਪੂਰੀ ਤਰ੍ਹਾਂ ਖੇਤੀਬਾੜੀ ਦੇ ਦੁਆਲੇ ਘੁੰਮਦਾ ਹੈ। ਖੇਤੀ ਕਰਕੇ ਹੀ ਤਾਂ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ। ਪਰ ਪਿਛਲੇ ਕੁਝ ਦਹਾਕਿਆਂ ਤੋਂ ਵੇਖਣ ਵਿੱਚ ਆਇਆ ਹੈ ਕਿ ਪੰਜਾਬ ਦੀ ਨੌਜਵਾਨੀ ਖੇਤੀ ਦੇ ਕਿੱਤੇ ਤੋਂ ਦੂਰ ਹੁੰਦੀ ਜਾ ਰਹੀ ਹੈ।
ਉਹ ਆਪਣੇ ਇਸ ਪਿਤਾਪੁਰਖੀ ਕਿੱਤੇ ਨੂੰ ਛੱਡ ਕੇ ਨੌਕਰੀ ਜਾਂ ਹੋਰ ਕਿੱਤਿਆਂ ਵੱਲ ਰੁਚਿਤ ਹੋ ਰਹੀ ਹੈ। ਅਜੋਕੀ ਨੌਜਵਾਨੀ ਦਾ ਸਦੀਆਂ ਪੁਰਾਣੇ ਆਪਣੇ ਪਿਤਾਪੁਰਖੀ ਕਿੱਤੇ ਤੋਂ ਜਿੱਥੇ ਮੂੰਹ ਮੋੜਨਾ ਗੰਭੀਰ ਚਿੰਤਨ ਦਾ ਵਿਸ਼ਾ ਹੈ, ਉੱਥੇ ਹੀ ਨਵੀਂ ਪੀੜ੍ਹੀ ਦੀ ਮਾਨਸਿਕਤਾ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ ਕਿ ਉਹ ਕਿਉਂ ਖੇਤੀ ਦੇ ਕਿੱਤੇ ਪ੍ਰਤੀ ਬਦਲ ਰਹੀ ਹੈ। ਜੇਕਰ ਗ਼ੌਰ ਨਾਲ ਵੇਖਿਆ ਜਾਵੇ ਤਾਂ ਅਜੋਕੀ ਨੌਜਵਾਨ ਪੀੜ੍ਹੀ ਦੇ ਖੇਤੀ ਦੇ ਧੰਦੇ ਤੋਂ ਮੋਹ ਭੰਗ ਹੋਣ ਦਾ ਕੋਈ ਇੱਕ ਕਾਰਨ ਨਹੀਂ ਬਲਕਿ ਇਸ ਪਿੱਛੇ ਬਹੁਤ ਸਾਰੇ ਕਾਰਨ ਨਜ਼ਰ ਆਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਕਾਰਨ ਤਾਂ ਉਹ ਹੈ ਸੋ ਸਭ ਨੂੰ ਨਜ਼ਰ ਆਉਂਦਾ ਹੈ ਕਿ ਸਮੇਂ ਦੇ ਨਾਲ ਖੇਤੀਬਾੜੀ ਹੁਣ ਲਾਹੇਵੰਦ ਕਿੱਤਾ ਨਹੀਂ ਰਿਹਾ।
ਉਹ ਸਮੇਂ ਲੱਦ ਗਏ ਹਨ ਜਦ ਕਿਹਾ ਜਾਂਦਾ ਸੀ ਕਿ ‘ਡੂੰਘਾ ਵਾਹ ਲੈ ਹਲ਼ ਵੇ ਤੇਰੀ ਘਰੇ ਨੌਕਰੀ’ ਉਨ੍ਹਾਂ ਵੇਲਿਆਂ ਵਿੱਚ ਲੋਕ ਨੌਕਰੀ ਨਾਲੋਂ ਖੇਤੀ ਨੂੰ ਤਰਜ਼ੀਹ ਦਿੰਦੇ ਸਨ। ਪਰ ਅੱਜ ਦੇ ਸਮੇਂ ਵਿੱਚ ਵਧ ਰਹੀ ਮਹਿੰਗਾਈ ਕਰਕੇ ਲਾਗਤ ਮੁੱਲ ਵਧ ਰਿਹਾ ਹੈ ਤੇ ਮੁਨਾਫਾ ਘਟ ਰਿਹਾ ਹੈ ਜਿਸ ਕਰਕੇ ਖੇਤੀ ਦਿਨੋ-ਦਿਨ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਮਹਿੰਗੇ ਬੀਜ, ਕੀਟਨਾਸ਼ਕ ਤੇ ਰੇਹਾਂ ਨੇ ਕਿਸਾਨੀ ਦੀ ਹਾਲਤ ਕਮਜ਼ੋਰ ਕਰ ਦਿੱਤੀ ਹੈ। ਇਸ ਕਰਕੇ ਵੀ ਨਵੀਂ ਪੀੜ੍ਹੀ ਖੇਤੀ ਦੇ ਕਿੱਤੇ ਤੋਂ ਮੂੰਹ ਮੋੜ ਰਹੀ ਹੈ। ਇਸ ਤੋਂ ਇਲਾਵਾ ਅੱਜ ਹਰ ਪਰਿਵਾਰ ਦੇ ਖ਼ਰਚੇ ਹੀ ਇੰਨੇ ਵਧ ਗਏ ਹਨ ਕਿ ਉਹ ਇਕੱਲੇ ਖੇਤੀ ਦੇ ਕਿੱਤੇ ਨਾਲ ਪੂਰੇ ਨਹੀਂ ਹੋ ਰਹੇ ਹਨ। Youth Leaving Farming
ਖੇਤੀ ਇੱਕ ਸਬਰ ਵਾਲਾ ਕਿੱਤਾ ਹੈ ਜਿਸ ਵਿੱਚ ਤੁਹਾਨੂੰ ਪਹਿਲਾਂ ਛੇ ਮਹੀਨੇ ਮਿਹਨਤ ਕਰਨੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਫ਼ਲ ਮਿਲਦਾ ਹੈ ਪਰ ਅਜੋਕੀ ਜੀਵਨ ਜਾਂਚ ਵਿੱਚ ਨਿੱਤ ਰੁਪਏ ਚਾਹੀਦੇ ਹਨ ਜਿਸ ਕਰਕੇ ਵੀ ਖੇਤੀ ਦੂਜੇ ਕਿੱਤਿਆਂ ਦੇ ਮੁਕਾਬਲੇ ਪੱਛੜ ਗਈ ਹੈ ਇੱਕ ਗੱਲ ਹੋਰ ਕਿ ਇੱਥੇ ਆਪਾਂ ਇਕੱਲੀ ਮਹਿੰਗਾਈ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਅ ਸਕਦੇ। ਇਸ ਦੇ ਨਾਲ ਅਜੋਕਾ ਖ਼ਪਤ ਸੱਭਿਆਚਾਰ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਖੇਤੀਬਾੜੀ ਤੋਂ ਦੂਰ ਕਰਨ ਵਿੱਚ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ। ਅੱਜ ਦੇ ਸਮੇਂ ਵਿੱਚ ‘ਖਾਓ ਪੀਓ ਐਸ਼ ਕਰੋ ਇਸ ਜੱਗ ਤੋਂ ਕੁਝ ਨਹੀਂ ਲੈ ਜਾਣਾ’ ਵਾਲੇ ਫ਼ਲਸਫ਼ੇ ਨੇ ਵੀ ਨੌਜਵਾਨੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ।
ਇਸ ਫ਼ਲਸਫ਼ੇ ’ਤੇ ਚੱਲਦਿਆਂ ਹੀ ਉਹ ਆਪਣੇ ਪੁਰਖਿਆਂ ਵਾਂਗ ਜ਼ਮੀਨ ਨਾਲ ਨਹੀਂ ਜੁੜ ਰਹੇ ਹਨ ਜਿਸ ਕਰਕੇ ਉਹ ਜ਼ਮੀਨਾਂ ਵੇਚ ਰਹੇ ਹਨ। ਅੱਜ ਸਾਡੇ ਆਲੇ-ਦੁਆਲੇ ਗੀਤ-ਸੰਗੀਤ ਤੇ ਫ਼ਿਲਮਾਂ ਜ਼ਰੀਏ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਵਿੱਚ ਜ਼ਮੀਨ ਵੇਚਣ ਵਾਲੇ ਦੀ ਵਡਿਆਈ ਕੀਤੀ ਜਾ ਰਹੀ ਹੈ। ਅਜੋਕੇ ਗੀਤਾਂ ਵਿੱਚ ਇਹ ਗੱਲ ਆਮ ਵੇਖਣ-ਸੁਣਨ ਨੂੰ ਮਿਲਦੀ ਹੈ ਕਿ ਜੱਟ ਦਾ ਕਿੱਲਾ ਕਰੋੜ ਦਾ ਹੋ ਗਿਆ ਹੈ ਉਸਨੂੰ ਕੰਮ ਕਰਨ ਦੀ ਕੀ ਲੋੜ ਹੈ। ਜੱਟ ਤਾਂ ਜ਼ਮੀਨ ਵੇਚ ਕੇ ਸਾਰੇ ਚਾਅ ਪੂਰੇ ਕਰ ਲਵੇਗਾ। ਕਹਿਣ ਦਾ ਭਾਵ ਨੌਜਵਾਨੀ ਨੂੰ ਜ਼ਮੀਨ ਵੇਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। Youth Leaving Farming
ਅਜਿਹਾ ਮਾਹੌਲ ਵੀ ਕਿਤੇ ਨਾ ਕਿਤੇ ਨੌਜਵਾਨੀ ਦਾ ਜ਼ਮੀਨ ਤੋਂ ਮੋਹ ਤੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਵਿੱਚ ਹੀ ਪਰਵਾਸ ਵਾਲਾ ਕਾਰਨ ਵੀ ਜੁੜਿਆ ਹੋਇਆ ਹੈ ਕਿਉਂਕਿ ਪਿਛਲੇ ਕੁਝ ਦਹਾਕਿਆਂ ਅੰਦਰ ਚੰਗਾ ਜੀਵਨ ਜਿਉਣ ਦੀ ਤਲਾਸ਼ ਪੰਜਾਬ ਦੀ ਨੌਜਵਾਨੀ ਵੱਡੀ ਗਿਣਤੀ ਵਿੱਚ ਵਿਦੇਸ਼ ਪੜ੍ਹਨ ਗਈ ਹੈ। ਜਿਸ ਵਿੱਚ ਜ਼ਿਆਦਾ ਗਿਣਤੀ ਛੋਟੀ ਕਿਸਾਨੀ ਨਾਲ ਸਬੰਧਿਤ ਮੁੰਡੇ-ਕੁੜੀਆਂ ਦੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਨਾ ਚਾਹੁੰਦੇ ਹੋਏ ਵੀ ਆਪਣੀ ਜ਼ਮੀਨ ਵੇਚ ਕੇ ਵਿਦੇਸ਼ ਭੇਜਿਆ ਹੈ। ਇਸ ਪਰਵਾਸ ਨੇ ਪੰਜਾਬ ਦੇ ਪਤਾ ਹੀ ਨਹੀਂ ਕਿੰਨੇ ਪਰਿਵਾਰਾਂ ਨੂੰ ਬੇਜ਼ਮੀਨੇ ਬਣਾ ਦਿੱਤਾ ਹੈ। Youth Leaving Farming
ਇਸ ਤਰ੍ਹਾਂ ਨਵੀਂ ਪੀੜ੍ਹੀ ਦਾ ਇੱਕ ਹਿੱਸਾ ਵਿਦੇਸ਼ ਜਾਣ ਕਰਕੇ ਵੀ ਖੇਤੀ ਦੇ ਧੰਦੇ ਤੋਂ ਦੂਰ ਹੋ ਗਿਆ ਹੈ। ਇਸ ਦੇ ਨਾਲ ਹੀ ਵੱਡੇ ਸੜਕੀ ਮਾਰਗਾਂ ਤੇ ਵਿਕਾਸ ਪ੍ਰੋਜੈਕਟਾਂ ਨੇ ਵੀ ਪੰਜਾਬ ਦੀ ਬਹੁਤ ਸਾਰੀ ਖੇਤੀ ਯੋਗ ਜ਼ਮੀਨ ਨੂੰ ਐਕਵਾਇਰ ਕਰਕੇ ਘਟਾਇਆ ਹੈ। ਪੰਜਾਬ ਵਿੱਚ ਛੋਟੀਆਂ ਜੋਤਾਂ ਦੀ ਗਿਣਤੀ ਤਾਂ ਪਹਿਲਾਂ ਹੀ ਵੱਧ ਹੈ ਤੇ ਉਪਰੋਂ ਅਜੋਕੇ ਵਿਕਾਸ ਨੇ ਇਸ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਇਸ ਕਰਕੇ ਅੱਜ ਮਹਿੰਗਾਈ ਦੇ ਯੁੱਗ ਵਿੱਚ ਘੱਟ ਜ਼ਮੀਨ ਵਾਲੇ ਪਰਿਵਾਰ ਖੇਤੀ ਨੂੰ ਛੱਡ ਕੇ ਦੂਜਿਆਂ ਕਿੱਤਿਆਂ ਵੱਲ ਰੁਚਿਤ ਹੋ ਰਹੇ ਹਨ। ਇਸ ਤੋਂ ਇਲਾਵਾ ਨਵੀਂ ਪੀੜ੍ਹੀ ਦੀ ਮਾਨਸਿਕਤਾ ਤੇ ਸਮਾਜਿਕ ਰੁਤਬਾ ਵੀ ਉਸ ਨੂੰ ਖੇਤੀਬਾੜੀ ਤੋਂ ਦੂਰ ਕਰਨ ਵਿੱਚ ਕਿਤੇ ਨਾ ਕਿਤੇ ਕਾਰਨ ਬਣ ਰਿਹਾ ਹੈ। ਪੁਰਾਣੇ ਸਮੇਂ ਵਿੱਚ ਰਿਸ਼ਤਾ ਲੱਭਣ ਵੇਲੇ ਖੇਤੀ ਕਰਦਾ ਮੁੰਡਾ ਮਾਪਿਆਂ ਦੀ ਪਹਿਲੀ ਪਸੰਦ ਹੁੰਦਾ ਸੀ।
ਪਰ ਵਕਤ ਦੇ ਬਦਲਣ ਨਾਲ ਅੱਜ ਖੇਤੀ ਕਰਦੇ ਮੁੰਡੇ ਨੂੰ ਅਨਪੜ੍ਹ ਤੇ ਪੱਛੜਿਆ ਸਮਝਿਆ ਜਾਣ ਲੱਗ ਪਿਆ ਹੈ ਜਿਸ ਕਰਕੇ ਨਵੀਂ ਪੀੜ੍ਹੀ ਦੀਆਂ ਕੁੜੀਆਂ ਦੀ ਮਾਨਸਿਕਤਾ ਹੀ ਅਜਿਹੀ ਬਣ ਗਈ ਹੈ ਕਿ ਉਹ ਖੇਤੀ ਕਰਦੇ ਮੁੰਡੇ ਨਾਲ ਰਿਸ਼ਤਾ ਕਰਵਾ ਕੇ ਘੱਟ ਰਾਜ਼ੀ ਹਨ। ਅਜੋਕੇ ਮਾਪੇ ਵੀ ਨੌਕਰੀਪੇਸ਼ਾ ਜਾਂ ਵਿਦੇਸ਼ ਗਏ ਮੁੰਡੇ ਨੂੰ ਤਰਜੀਹ ਦੇਣ ਲੱਗ ਪਏ ਹਨ। ਜਿਸ ਕਰਕੇ ਅਜੋਕੀ ਨੌਜਵਾਨੀ ਖੇਤੀ ਤੋਂ ਖਹਿੜਾ ਛੁਡਾ ਰਹੀ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਖੇਤੀ ਸੰਬੰਧੀ ਕੋਈ ਠੋਸ ਨੀਤੀ ਨਹੀਂ ਬਣਾਈ ਹੈ। ਜਿਸ ਕਰਕੇ ਖੇਤੀ ਵਿੱਚ ਦਿਨੋ-ਦਿਨ ਨਿਘਾਰ ਆਇਆ ਹੈ। ਜੇਕਰ ਆਪਾਂ ਪਿਛਲੇ ਸੱਤਰ ਸਾਲਾਂ ਦਾ ਲੇਖਾ-ਜੋਖਾ ਕਰੀਏ ਤਾਂ ਵੇਖਦੇ ਹਾਂ ਕਿ ਖੇਤੀ ਨਾਲ ਸੰਬੰਧਿਤ ਵਸਤਾਂ ਦੀ ਕੀਮਤ ਵਿੱਚ ਤਾਂ ਸੌ ਗੁਣਾ ਵਾਧਾ ਹੋਇਆ ਹੈ।
ਪਰ ਫਸਲਾਂ ਦੇ ਭਾਅ ਵਿੱਚ ਸਿਰਫ਼ ਨਿਗੂਣਾ ਜਿਹਾ ਵਾਧਾ ਹੀ ਹੋਇਆ ਹੈ। ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰ ਵੀ ਖੇਤੀ ਦੇ ਕਿੱਤੇ ਪ੍ਰਤੀ ਬਹੁਤੀਆਂ ਗੰਭੀਰ ਨਹੀਂ ਹਨ। ਇਸ ਤਰ੍ਹਾਂ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਜੋਕੀ ਨੌਜਵਾਨੀ ਮੁੜ ਖੇਤੀ ਵੱਲ ਪਰਤੇ ਤਾਂ ਸਰਕਾਰ ਨੂੰ ਖੇਤੀ ਨੀਤੀ ਵਿੱਚ ਵੱਡੇ ਸੁਧਾਰ ਕਰਨੇ ਪੈਣਗੇ। ਸਰਕਾਰ ਖੇਤੀ ਨੂੰ ਨਵੀਂ ਤਕਨੀਕ ਨਾਲ ਜੋੜ ਕੇ ਕਿਸਾਨੀ ਨੂੰ ਫ਼ਸਲੀ ਚੱਕਰ ਵਿੱਚੋਂ ਕੱਢ ਕੇ ਸਹਾਇਕ ਧੰਦੇ (ਜਿਵੇਂ ਡੇਅਰੀ ਫਾਰਮਿੰਗ, ਮਧੂ-ਮੱਖੀ ਪਾਲਣ) ਆਦਿ ਅਪਣਾਉਣ ਲਈ ਪ੍ਰੇਰਿਤ ਕਰਨਾ ਪਵੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਫ਼ਸਲਾਂ ਦੇ ਵਾਜਬ ਭਾਅ ਯਕੀਨੀ ਬਣਾਉਣ ਵੱਲ ਵੀ ਧਿਆਨ ਦੇਣਾ ਹੋਵੇਗਾ। ਅੱਜ ਖੇਤੀ ਨੂੰ ਸਿਰਫ਼ ਢਿੱਡ ਭਰਨ ਦਾ ਸਾਧਨ ਨਹੀਂ, ਸਗੋਂ ਇੱਕ ਵਪਾਰ ਵਜੋਂ ਵਿਕਸਤ ਕਰਨ ਦੀ ਲੋੜ ਹੈ। ਫਿਰ ਹੀ ਨਵੀਂ ਪੀੜ੍ਹੀ ਖੇਤੀ ਦੇ ਕਿੱਤੇ ਨਾਲ ਜੁੜ ਸਕਦੀ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸਾਹਨੇਵਾਲੀ, ਮਾਨਸਾ
ਮੋ. 70098-98044
ਮਨਜੀਤ ਮਾਨ














