ਜਾਨਲੇਵਾ ਬਣਿਆ ਵਿਦੇਸ਼ ਜਾਣ ਦਾ ਨਸ਼ਾ, ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ

ਮ੍ਰਿਤਕ ਵਿਅਕਤੀ ਦੀ ਨੂੰਹ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ

ਫਿਰੋਜ਼ਪੁਰ, (ਸਤਪਾਲ ਥਿੰਦ)। ਵਿਦੇਸ਼ ਜਾਣ ਦਾ ਨਸ਼ਾ ਲੋਕਾਂ ’ਤੇ ਹਾਵੀ ਹੁੰਦਾ ਜਾ ਰਿਹਾ ਹੈ, ਜਿੱਥੇ ਲੋਕ ਵਿਦੇਸ਼ਾਂ ’ਚ ਜਾਣ ਲਈ ਆਪਣੀ ਮਿਹਨਤ ਦੀ ਕਮਾਈ ਅੰਨੇ੍ਹਵਾਹ ਲੁੱਟਾ ਰਹੇ ਹਨ ਉੁਥੇ ਹੀ ਇਸ ਕਾਰਨ ਡਿਪਰੈਸ਼ਨ ’ਚ ਆਏ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਫਿਰੋਜ਼ਪੁਰ ਦੇ ਪਿੰਡ ਕਮੱਗਰ ’ਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹੀ ਇੱਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਨੂੰ ਵਿਦੇਸ਼ ਭੇਜਣ ਲਈ ਸੁਹਰਾ ਪਰਿਵਾਰ ’ਤੇ ਕਥਿਤ ਤੌਰ ’ਤੇ ਪਾਏ ਜਾ ਰਹੇ ਦਬਾਅ ਤੋਂ ਤੰਗ ਆ ਕੇ ਲੜਕੀ ਦੇ ਸਹੁਰੇ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਵਿਅਕਤੀ ਦੇ ਭਰਾ ਸੰਜੀਵ ਕੁਮਾਰ ਵਾਸੀ ਕਮੱਗਰ ਨੇ ਦੱਸਿਆ ਕਿ ਉਸਦੇ ਭਰਾ ਰਾਜੀਵ ਕੁਮਾਰ ਸ਼ਰਮਾ(50) ਦੇ ਲੜਕੇ ਬਲਜੀਤ ਸ਼ਰਮਾ ਜੋ ਆਸਟ੍ਰੇਲੀਆ ਰਹਿੰਦਾ ਹੈ,

ਜਿਸ ਦਾ ਵਿਆਹ ਪਰਮਿੰਦਰਪਾਲ ਪੁੱਤਰੀ ਕਮਲਜੀਤ ਸ਼ਰਮਾ ਵਾਸੀ ਫਿੱਡੇ ਨਾਲ ਹੋਇਆ ਹੈ, ਜਿਸ ਨੇ ਪਰਮਿੰਦਰਪਾਲ ਦੇ ਵਿਦੇਸ਼ ਲਈ ਕਾਗਜ਼ਾਤ ਤਿਆਰ ਕਰਵਾ ਲਏ ਸੀ ਪਰ ਅਚਾਨਕ ਕਰੋਨਾ ਮਹਾਂਮਾਰੀ ਕਰਕੇ ਲੜਕੀ ਵੱਲੋਂ ਆਈਲੈੱਟਸ ਦਾ ਇਮਤਿਹਾਨ ਪਾਸ ਨਾ ਹੋਣ ਕਰਕੇ ਵੀਜ਼ਾ ਲੱਗਣ ’ਚ ਦੇਰੀ ਹੋ ਗਈ, ਜਿਸ ਕਰਕੇ ਲੜਕੀ ਪਰਮਿੰਦਰਪਾਲ ਦਾ ਪਰਿਵਾਰ ਰਾਜੀਵ ਕੁਮਾਰ ਸ਼ਰਮਾ ਨੂੰ ਲੜਕੀ ਬਾਹਰ ਭੇਜਣ ਲਈ ਕਥਿਤ ਰੂਪ ’ਚ ਪ੍ਰੇਸ਼ਾਨ ਕਰਦਾ ਸੀ, ਜਿਸ ਤੋਂ ਤੰਗ ਆ ਕੇ ਰਾਜੀਵ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਸਬੰਧੀ ਥਾਣਾ ਕੁਲਗੜੀ ਤੋਂ ਜਾਂਚ ਅਧਿਕਾਰੀ ਏਐੱਸਆਈ ਰਾਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਜੀਵ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ ਲੜਕੀ ਪਰਮਿੰਦਰਪਾਲ ਦੇ ਭਰਾ ਸਿਮਰਜੀਤ ਸ਼ਰਮਾ, ਲਵਪ੍ਰੀਤ ਸ਼ਰਮਾ ਵਾਸੀਅਨ ਫਿੱਡੇ ਤੋਂ ਇਲਾਵਾ ਲੜਕੀ ਦੇ ਮਾਮੇ ਕਲਦੀਪ ਸ਼ਰਮਾ, ਪ੍ਰਦੀਪ ਸ਼ਰਮਾ ਵਾਸੀ ਕਾਲੀਏ ਵਾਲਾ ਅਤੇ ਵਿਚੋਲੇ ਨਰੇਸ਼ ਢੱਲ, ਮਹਿੰਦਰ ਢੱਲ ਵਾਸੀਅਨ ਤਲਵੰਡੀ ਭਾਈ, ਗੁਰਮੇਜ ਸਿੰਘ ਵਾਸੀ ਬਸਤੀ ਅਜੀਜ ਵਾਲੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.