6 ਹਜ਼ਾਰ ਰੁਪਏ ਪਿੱਛੇ ਦੋਸਤਾਂ ਵੱਲੋਂ ਨੌਜਵਾਨ ਦਾ ਕਤਲ

Murder
 ਮ੍ਰਿਤਕ ਹਰਪ੍ਰੀਤ ਕਾਲੂ ਦੀ ਫਾਈਲ ਫੋਟੋ।

(ਕਾਲ਼ਾ ਸ਼ਰਮਾ) ਭਦੌੜ। ਕਸਬਾ ਭਦੌੜ ਵਿਖੇ ਇਕ ਨੌਜਵਾਨ ਦਾ ਉਸ ਦੇ ਦੋਸਤਾਂ ਵੱਲੋਂ ਸਿਰਫ਼ ਛੇ ਹਜ਼ਾਰ ਰੁਪਏ ਪਿੱਛੇ ਕਥਿਤ ਤੌਰ ’ਤੇ ਕਤਲ (Murder) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਭਦੌਡ਼ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਰਿੰਦਰਪਾਲ ਵਾਸੀ ਝਾਹਿਆਂਵਾਲੀ ਕੋਠੇ ਭਦੌੜ ਜੋ ਟੈਕਸੀ ਚਲਾਉਂਦਾ ਹੈ, ਲੰਘੀ 21 ਸਤੰਬਰ ਤੋਂ ਆਪਣੀ ਕਾਰ ਸਮੇਤ ਗਾਇਬ ਸੀ। ਜਿਸ ਦੀ ਪਰਿਵਾਰ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਭਦੌੜ ਵਿਖੇ ਦਰਜ ਕਰਵਾਈ ਗਈ ਸੀ।

ਕਾਰ ਦਾ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ

ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਕਾਲੂ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਹਰਪ੍ਰੀਤ ਕਾਲੁੂ ਦੀ ਤਲਾਸ਼ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕਾਲੂ ਦੀ ਮਾਤਾ ਜਸਵੀਰ ਕੌਰ ਦੇ ਬਿਆਨਾਂ ਮੁਤਾਬਕ ਲੰਘੀ ਇੱਕੀ ਸਤੰਬਰ ਨੂੰ ਹਰਪ੍ਰੀਤ ਕਾਲੂ ਨੂੰ ਉਸਦੇ ਦੋਸਤ ਦਾ ਫੋਨ ਆਇਆ ਕਿ ਉਸ ਦੀ ਘਰਵਾਲੀ ਬੀਮਾਰ ਹੈ ਜਿਸ ਨੂੰ ਆਪਾਂ ਗੱਡੀ ’ਚ ਲੈ ਕੇ ਆਉਣਾ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਕਾਲੂ ਘਰੋਂ ਕਾਰ ਲੈ ਕੇ ਚਲਿਆ ਗਿਆ ਪ੍ਰੰਤੂ ਚਾਰ ਦਿਨ ਬੀਤਣ ਦੇ ਬਾਵਜੂਦ ਉਸ ਦਾ ਅਤੇ ਉਸ ਦੀ ਕਾਰ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਹਨਾਂ ਤਲਾਸ਼ ਕੀਤੀ ਤਾਂ ਅੱਜ ਹਰਪ੍ਰੀਤ ਸਿੰਘ ਕਾਲੁੂ ਦੀ ਲਾਸ਼ ਬੱਲੋ ਨਹਿਰ ’ਚੋਂ ਬਰਾਮਦ ਹੋ ਗਈ।ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਮਾਤਾ ਮੁਤਾਬਕ ਉਸ ਦੇ ਦੋਸਤ ਨੇ ਹਰਪ੍ਰੀਤ ਤੋਂ 10 ਹਜ਼ਾਰ ਰੁਪਏ ਉਧਾਰੇ ਲਏ ਸਨ ਜਿਨ੍ਹਾਂ ’ਚੋਂ ਚਾਰ ਹਜ਼ਾਰ ਰੁਪਏ ਉਹਨਾਂ ਨੇ ਉਹਨਾਂ ਨੂੰ ਮੋੜ ਦਿੱਤੇ ਸਨ ਅਤੇ ਛੇ ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਕਥਿਤ ਤੌਰ ’ਤੇ ਝਗੜਾ ਚੱਲ ਰਿਹਾ ਸੀ।

ਜਿਸ ਤੋਂ ਸਾਨੂੰ ਸ਼ੱਕ ਹੈ ਕਿ ਇਸੇ ਕਾਰਨ ਉਸ ਦੇ ਦੋਸਤਾਂ ਨੇ ਉਸ ਨੂੰ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ ਹੈ। ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਕਾਲੂ ਦੀ ਲਾਸ਼ ਤਾਂ ਬੱਲੋ ਨਹਿਰ ’ਚੋਂ ਮਿਲ ਚੁੱਕੀ ਹੈ ਪਰੰਤੂ ਉਸਦੀ ਗੱਡੀ ਦੀ ਹਾਲੇ ਤੱਕ ਕੋਈ ਉੱਘ ਸੁੱਘ ਨਹੀਂ ਨਿਕਲੀ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਕਾਲੂ ਦੀ ਮਾਤਾ ਜਸਵੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸੁਖਦੀਪ ਸਿੰਘ ਉਰਫ ਮਨੀ, ਗੁਰਵਿੰਦਰ ਸਿੰਘ ਉਰਫ ਗਗਨ, ਹਨੀ ਅਤੇ ਕਾਲਾ ਵਡਾ (ਸਾਰੇ ਵਾਸੀ ਭਦੌੜ) ਜੋ ਹਰਪ੍ਰੀਤ ਦੇ ਦੋਸਤ ਸਨ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ