ਕਦੋਂ ਰੁਕੇਗਾ ਬਾਹਰਲੇ ਮੁਲਕਾਂ ‘ਚ ਨੌਜਵਾਨਾਂ ਦੇ ਫਸਣ ਦਾ ਸਿਲਸਿਲਾ

Youth, Foreign, Countries

ਮਨਪ੍ਰੀਤ ਸਿੰਘ ਮੰਨਾ

ਆਏ ਦਿਨ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਨੌਜਵਾਨ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਦੇ ਵਿਦੇਸ਼ਾਂ ਵਿਚ ਫਸਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜਿਸਦੀਆਂ ਨੌਜਵਾਨਾਂ ਵੱਲੋਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਵਿਦੇਸ਼ ਮੰਤਰਾਲਿਆਂ ਅਤੇ ਲੋਕਲ ਵਿਧਾਇਕ ਆਦਿ ਨੂੰ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਲਾਈ ਜਾਂਦੀ ਹੈ। ਇਨ੍ਹਾਂ ਖ਼ਬਰਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਨੌਜਵਾਨਾਂ ਦੀ ਹਾਲਾਤ ਇਸ ਵੇਲੇ ਕੀ ਹੋਈ ਪਈ ਹੈ। ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਆਉਂਦੀਆਂ ਹਨ, ਇਸ ਤੋਂ ਬਾਅਦ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਵਾਲੇ ਉਨ੍ਹਾਂ ਦੇ ਮਾਪਿਆਂ ਨੂੰ ਮਿਲਦੇ ਹਨ, ਉਸਦੀਆਂ ਖ਼ਬਰਾਂ ਅਖਬਾਰਾਂ ਵਿੱਚ ਦੇ ਕੇ ਨੌਜਵਾਨਾਂ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਬੱਚਿਆਂ ਨੂੰ ਬਚਾਉਣ ਦੀ ਮੰਗ ਕਰਦੇ ਹਨ। ਮਾਪੇ ਰੋ-ਰੋ ਕੇ ਆਪਣਾ ਹਾਲ ਬਿਆਨ ਕਰਦੇ ਹਨ। ਨੌਜਵਾਨਾਂ ਦੀ ਇਸ ਹਾਲਾਤ ਲਈ ਕੌਣ ਜ਼ਿੰਮੇਵਾਰ ਹਨ, ਇਸ ਬਾਰੇ ਵਿਚ ਸੋਚ-ਵਿਚਾਰ ਕਰਨ ਦੀ ਲੋੜ ਹੈ ਤੇ ਫਿਰ ਉਨ੍ਹਾਂ ਕਾਰਨਾਂ ‘ਤੇ ਕੰਮ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਏਜੰਟਾਂ ਦੇ ਚੁੰਗਲ ‘ਚੋਂ ਬਚਾ ਕੇ ਵਿਦੇਸ਼ਾਂ ਵਿਚ ਫਸਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਜੇਕਰ ਇਨ੍ਹਾਂ ਹਾਲਾਤਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਸਰਕਾਰਾਂ ਦੀ ਵੀ ਬਣਦੀ ਹੈ ਕੁਝ ਜ਼ਿੰਮੇਵਾਰੀ:

ਜੋ ਇਸ ਵੇਲੇ ਹਾਲਾਤ ਬਣੇ ਹਨ ਉਨ੍ਹਾਂ ਲਈ ਸਰਕਾਰ ਦੀ ਕੁਝ ਜਿੰਮੇਵਾਰੀ ਬਣਦੀ ਹੈ। ਸਰਕਾਰਾਂ ਆਪਣੀ ਜਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੀਆਂ। ਪਿਛਲੇ ਦਿਨੀਂ ਸਰਕਾਰ ਵੱਲੋਂ ਮਨਜੁਰਸ਼ੁਦਾ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਜਿਸ ਨਾਲ ਸਰਕਾਰ ਦੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਜੋ ਮਨਜੂਰ ਨਹੀਂ ਹਨ, ਸਰਕਾਰ ਵੱਲੋਂ ਜਿਨ੍ਹਾਂ ਨੇ ਮਨਜੂਰੀ ਨਹੀਂ ਲਈ ਉਨ੍ਹਾਂ ‘ਤੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕੋਈ ਦੋ ਨੰਬਰ ਦਾ ਕੰਮ ਕਰਨ ਲਈ ਸੋਚ ਵੀ ਨਹੀਂ ਸਕੇਗਾ ਪਰ ਹੋ ਇਸ ਤੋਂ ਉਲਟ ਰਿਹਾ ਹੈ ਏਜੰਟ ਲੱਖਾਂ-ਕਰੋੜਾਂ ਰੁਪਏ ਦੀਆਂ ਠੱਗੀਆਂ ਕਰਕੇ ਭੱਜ ਜਾਂਦੇ ਹਨ, ਕੇਸ ਚੱਲਦੇ ਰਹਿੰਦੇ ਹਨ, ਹੁੰਦਾ ਕੁਝ ਵੀ ਨਹੀਂ। ਉਹੀ ਵਿਅਕਤੀ ਹੋਰ ਕਿਸੇ ਸ਼ਹਿਰ ਵਿਚ ਜਾਂ ਨਾਂਅ ਬਦਲ ਕੇ ਏਜੰਟੀ ਦਾ ਕੰਮ ਕਰ ਲੈਂਦ ਹੈ, ਉੱਥੇ ਵੀ ਆਰਾਮ ਨਾਲ ਠੱਗੀ ਕਰਦਾ ਹੈ, ਜਿਸਨੂੰ ਕੋਈ ਫਰਕ ਨਹੀਂ ਪੈਦਾਂ, ਜਦੋਂ ਤੱਕ ਉੁਸਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਹੁੰਦੀ ਉਦੋਂ ਤੱਕ ਉਹ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ ਇਸ ਲਈ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਇਨ੍ਹਾਂ ਦੋ ਨੰਬਰ ਦਾ ਕੰਮ ਕਰਨ ਵਾਲੇ ਏਜੰਟਾਂ ‘ਤੇ ਨੱਥ ਪਾਈ ਜਾ ਸਕੇ।

ਨੌਜਵਾਨ ਵਿਦੇਸ਼ ਜਾਣ ਦੇ ਨਾਂਅ ‘ਤੇ ਠੱਗੀ ਦਾ ਸ਼ਿਕਾਰ ਹੋ ਕੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ਼ ਕਰਵਾ ਇਹ ਆਸ ਰੱਖਦੇ ਹਨ ਕਿ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਨੂੰ ਇਨਸਾਫ ਮਿਲੇਗਾ। ਪਰੰਤੂ ਪਿਲਸ ਪ੍ਰਸ਼ਾਸਨ ਕੋਲ ਦਿੱਤੀਆਂ ਸ਼ਿਕਾਇਤਾਂ ‘ਤੇ ਕਾਰਵਾਈ ਵਿਚ ਦੇਰੀ ਤੇ ਏਜੇੰਟਾਂ ਨਾਲ ਸਮਝੌਤਾ ਕਰਵਾਉਣ ਦੀ ਕਵਾਇਤ ਕਿਤੇ ਨਾ ਕਿਤੇ ਇਨ੍ਹਾਂ ਸ਼ਿਕਾਇਤਾਂ ਨੂੰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਪੈਰ ਅੱਗੇ ਰੋੜਾ ਖੜ੍ਹਾ ਕਰ ਦਿੰਦੀਆਂ ਹਨ।

ਨੌਜਵਾਨਾਂ ਦੇ ਮਾਪੇ ਵਿਚਾਰੇ ਪੈਸੇ ਏਜੰਟਾਂ ਤੋਂ ਵਾਪਸ ਲੈਣ ਦਾ ਡਰ ਆਪਣੇ ਮੰਨ ਵਿਚ ਰੱਖ ਕੇ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਉਸੇ ਤਰ੍ਹਾਂ ਕਰਦੇ ਚਲੇ ਜਾਂਦੇ ਹਨ। ਏਜੰਟ ਥੋੜ੍ਹੇ-ਥੋੜ੍ਹੇ ਬੰਦਿਆਂ ਦੇ ਪੈਸੇ ਵਾਪਸ ਕਰਕੇ ਬਾਕੀਆਂ ਦੇ ਪੈਸੇ ਡਕਾਰ ਜਾਂਦੇ ਹਨ, ਜਿਸ ਨਾਲ ਏਜੰਟਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਫਿਰ ਮੁੜ ਕੇ ਖੁੱਲ੍ਹੇਆਮ ਘੁੰਮਦੇ ਹਨ, ਜਿਸ ਨਾਲ ਹੋਰ ਦੋ ਨੰਬਰ ਦੇ ਕੰਮ ਵਾਲੇ ਵੀ Àੁੱਠ ਖੜ੍ਹੇ ਹੋ ਜਾਂਦੇ ਹਨ, ਫਿਰ ਕੰਮ ਅੱਗੇ ਤੋਂ ਅੱਗੇ ਵਧਦਾ ਹੋਇਆ ਬਹੁਤ ਵੱਡੇ ਪੱਧਰ ‘ਤੇ ਵਧ ਜਾਂਦਾ ਹੈ। ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਏਜੰਟਾਂ ਨੂੰ ਸਜ਼ਾ ਦੇ ਨਾਲ-ਨਾਲ ਲੋਕਾਂ ਦੇ ਪੈਸੇ ਵੀ ਵਾਪਸ ਕਰਵਾਉਣੇ ਚਾਹੀਦੇ ਹਨ ਤਾਂ ਜਾ ਕੇ ਇਨ੍ਹਾਂ ‘ਤੇ ਲਗਾਮ ਲਾਈ ਜਾ ਸਕਦੀ ਹੈ।

ਵਿਦੇਸ਼ਾਂ ਵਿਚ ਨੌਜਵਾਨਾਂ ਦੇ ਫਸਣ ਵਿਚ ਮਾਪਿਆਂ ਅਤੇ ਨੌਜਵਾਨਾਂ ਦਾ ਜਾਗਰੂਕ ਨਾ ਹੋਣਾ ਵੀ ਇੱਕ ਵਜ੍ਹਾ ਹੈ। ਸਰਕਾਰ ਸਮੇਂ-ਸਮੇਂ ‘ਤੇ ਧੋਖੇਬਾਜ਼ ਏਜੰਟਾਂ ਤੋਂ ਬਚਣ ਲਈ ਜਾਗਰੂਕ ਕਰਦੀ ਰਹਿੰਦੀ ਹੈ, ਪਰ ਲੋਕ ਇਨ੍ਹਾਂ ਏਜੰਟਾਂ ਵੱਲੋਂ ਦਿਖਾਏ ਗਏ ਸੁਪਨਿਆਂ ਦੇ ਜਾਲ ਵਿਚ ਫਸ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਏਜੰਟਾਂ ਦੀ ਚੋਣ ਕਰਦੇ ਸਮੇਂ ਅੱਖਾਂ ਖੋਲਣ ਦੀ ਲੋੜ ਹੈ ਤਾਂ ਜਾ ਕੇ ਇਨ੍ਹਾਂ ਏਜੰਟਾਂ ਤੋਂ ਬਚਾਅ ਹੋ ਸਕਦਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਫਸਣ ਦਾ ਸਿਲਸਿਲਾ ਰੁਕਣ ਵਾਲਾ ਨਹੀਂ ਹੈ, ਬਲਕਿ ਦਿਨ-ਪ੍ਰਤੀਦਿਨ ਵਧਦਾ ਹੀ ਜਾਵੇਗਾ ਜਿਸ ‘ਤੇ ਲਗਾਮ ਲਾਉਣਾ ਔਖਾ ਹੋਵੇਗਾ। ਇਸ ਲਈ ਸਮਾਂ ਰਹਿੰਦਿਆਂ ਹੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਨਾਲ ਵਾਲੇ ਸਾਥੀਆਂ ਨੂੰ ਵੀ ਇਸ ਪ੍ਰਤੀ ਦੱਸਣ ਦੀ ਲੋੜ ਹੈ।

ਵਿਦੇਸ਼ ਜਾਣ ਦੀ ਹੋੜ ਦੇ ਚੱਲਦਿਆਂ ਹੀ ਨੌਜਵਾਨ ਧੋਖੇਬਾਜ਼ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਇਸ ਤੋਂ ਬਚਣ ਲਈ ਸਭ ਤੋਂ ਸੌਖਾ ਤਰੀਕਾ ਜੇਕਰ ਦੇਖਿਆ ਜਾਵੇ ਤਾਂ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਹੀ ਕੋਈ ਨਾ ਕੋਈ ਕੰਮ ਖੋਲ੍ਹ ਕੇ ਦਿੱਤਾ ਜਾ ਸਕਦਾ ਹੈ। ਇਸ ਨਾਲ ਦੋ ਫਾਇਦੇ ਹੋ ਸਕਦੇ ਹਨ ਇੱਕ, ਜੋ ਪੈਸਾ ਅਸੀਂ ਮਾਰਕਿਟ ਵਿਚ ਲਾਇਆ ਹੈ, ਉਸ ‘ਤੇ ਨਜ਼ਰ ਵੀ ਰਹੇਗੀ, ਦੂਜਾ, ਨਾਲ-ਨਾਲ ਆਪਣਾ ਬੱਚਾ ਆਪਣੇ ਕੋਲ ਵੀ ਰਹੇਗਾ। ਕੰਮ ਦੇ ਪ੍ਰਤੀ ਨੌਜਵਾਨਾਂ ਵਿਚ ਉਤਸ਼ਾਹ ਪੈਦਾ ਕਰਨਾ ਵੀ ਮਾਂ-ਬਾਪ ਦੇ ਹੱਥ ਹੀ ਹੁੰਦਾ ਹੈ। ਜੇਕਰ ਬੱਚੇ ਵਿਦੇਸ਼ਾਂ ਵਿਚ ਜਾਂਦੇ ਹਨ ਤਾਂ ਉੱਥੇ ਜਾ ਕੇ ਵੀ ਤਾਂ ਕੰਮ ਕਰਨਾ ਹੀ ਪੈਂਦਾ ਹੈ, ਉੱਥੇ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ ਜਿੰਨੀ ਮਿਹਨਤ ਉਹ ਵਿਦੇਸ਼ਾਂ ਵਿਚ ਕਰਦੇ ਹਨ ਜੇਕਰ ਉਸ ਨਾਲੋਂ ਅੱਧੀ ਵੀ ਕਰ ਲਈ ਜਾਵੇ ਤਾਂ ਆਪਣੇ ਦੇਸ਼ ਵਿਚ ਨੌਜਵਾਨ ਕਾਮਯਾਬ ਹੋ ਸਕਦੇ ਹਨ, ਜਿਸ ਨਾਲ ਹੋਰ ਨੌਜਵਾਨਾਂ ਵਿਚ ਵੀ ਜਾਗਰੂਕਤਾ ਆਵੇਗੀ।

ਵਾਰਡ ਨੰਬਰ 5 ਏ,
ਗੜਦੀਵਾਲਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।