Youth Fair: ਰਵਾਇਤੀ ਜੋਸ਼ ਤੇ ਸ਼ਾਨੋ-ਸ਼ੌਕਤ ਨਾਲ ਪੀਏਯੂ ਦਾ ਯੁਵਕ ਮੇਲਾ ਸ਼ੁਰੂ

Youth Fair
Youth Fair: ਰਵਾਇਤੀ ਜੋਸ਼ ਤੇ ਸ਼ਾਨੋ-ਸ਼ੌਕਤ ਨਾਲ ਪੀਏਯੂ ਦਾ ਯੁਵਕ ਮੇਲਾ ਸ਼ੁਰੂ

ਪੰਜਾਬ ਦੀ ਖੁਸ਼ਹਾਲੀ ਤੇ ਮੁੜ-ਸੁਰਜੀਤੀ ਲਈ ਸੱਭਿਆਚਾਰਕ ਵਿਰਸੇ ਨਾਲ ਜੁੜਨਾ ਜ਼ਰੂਰੀ: ਖੁੱਡੀਆਂ | Youth Fair

(ਰਘਬੀਰ ਸਿੰਘ) ਲੁਧਿਆਣਾ। ਪੀਏਯੂ ਦੇ ਡਾ. ਏਐੱਸ ਖਹਿਰਾ ਓਪਨ ਏਅਰ ਥੀਏਟਰ ਵਿੱਚ ਅੱਜ ਪੀਏਯੂ ਦੇ ਯੁਵਕ ਮੇਲੇ ਦਾ ਦੂਸਰਾ ਪੜਾਅ ਆਰੰਭ ਹੋ ਗਿਆ। ਡਾਇਰੈਕੋਟਰੇਟ ਵਿਦਿਆਰਥੀ ਭਲਾਈ ਵੱਲੋਂ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਵਿੱਚ ਪੀਏਯੂ ਦੇ ਵੱਖ-ਵੱਖ ਕਾਲਜਾਂ ਨੇ ਸੱਭਿਆਚਾਰਕ ਝਾਕੀਆਂ ਦੀ ਸ਼ਕਲ ’ਚ ਸਮਾਜਿਕ ਅਤੇ ਸੰਸਕ੍ਰਿਤਕ ਸੁਨੇਹੇ ਪ੍ਰਦਰਸ਼ਿਤ ਕੀਤੇ। ਪੰਜਾਬੀ ਸੱਭਿਆਚਾਰ ਦੀ ਭਰਪੂਰ ਸੂਰਤ ਪੇਸ਼ ਕਰਦੀਆਂ ਪੀਏਯੂ ਦੇ ਪੰਜ ਕਾਲਜਾਂ ਅਤੇ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਝਲਕੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। Youth Fair

ਇਹਨਾਂ ਝਲਕੀਆਂ ਵਿੱਚ ਖੇਤੀ ਖੇਤਰ ਦੀਆਂ ਸਮੱਸਿਆਵਾਂ, ਸੱਭਿਆਚਾਰਕ ਪ੍ਰਦੂਸ਼ਣ, ਪ੍ਰਵਾਸ, ਵਾਤਾਵਰਨ ਦਾ ਵਿਗਾੜ, ਮਾਤ ਭਾਸ਼ਾ ਦਾ ਨਿਘਾਰ ਪੇਸ਼ ਕਰਨ ਦੇ ਨਾਲ-ਨਾਲ ਭਵਿੱਖ ਦੀਆਂ ਉਮੀਦਾਂ ਨੂੰ ਵਿਦਿਆਰਥੀਆਂ ਨੇ ਸਜੀਵ ਕੀਤਾ। ਝਾਕੀਆ ਵਿੱਚ ਲੋਕ ਨਾਚਾਂ, ਗੀਤਾਂ ਅਤੇ ਲੋਕ ਕਾਵਿ ਬੋਲਾਂ ਦੇ ਆਸਰੇ ਵੱਖ-ਵੱਖ ਟੀਮਾਂ ਨੇ ਬੇਹੱਦ ਸਜੀਵ ਮਾਹੌਲ ਸਥਾਪਿਤ ਕੀਤਾ। ਸ਼ੁਰੂਆਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਸ਼ਾਮਿਲ ਸਨ ਜਦੋਂਕਿ ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਉੱਤਰੀ ਲੁਧਿਆਣਾ ਹਲਕੇ ਦੇ ਵਿਧਾਇਕ ਸ਼੍ਰੀ ਮੱਦਨ ਲਾਲ ਬੱਗਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।

ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਮੌਜੂਦਾ ਸਮਾਂ ਬੇਹੱਦ ਚੁਣੌਤੀਆਂ ਵਾਲਾ ਦੌਰ ਹੈ। ਜੀਵਨ ਦੇ ਹਰ ਖੇਤਰ ਵਿੱਚ ਉਥਲ-ਪੁਥਲ ਨੇ ਆਪਣੇ ਪੈਰ ਪਸਾਰੇ ਹਨ। ਇਸ ਸਮੇਂ ਵਿਚ ਸੱਭਿਆਚਾਰਕ ਵਿਰਸੇ ਨਾਲ ਜੁੜ ਕੇ ਸਥਿਰਤਾ ਦੀ ਤਲਾਸ਼ ਕੀਤੀ ਜਾ ਸਕਦੀ ਹੈ। ਖੇਤੀਬਾੜੀ ਮੰਤਰੀ ਨੇ ਪੀਏਯੂ ਵੱਲੋਂ ਪੰਜਾਬੀ ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਰੱਖ-ਰਖਾਵ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਨੂੰ ਪੰਜਾਬੀ ਵਿਰਸੇ ਦਾ ਗੜ੍ਹ ਆਖਿਆ। ਸ਼੍ਰੀ ਖੁੱਡੀਆ ਨੇ ਕਿਹਾ ਕਿ ਪੰਜਾਬ ਨੂੰ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਚੁਣੌਤੀਆਂ ਨਾਲ ਲੜਨ ਦੀ ਸਮਰੱਥਾ ਹਾਸਲ ਕਰਨੀ ਹੋਵੇਗੀ ਅਤੇ ਇਸ ਦਿਸ਼ਾ ਵਿੱਚ ਖੇਤੀਬਾੜੀ ਵਿਗਿਆਨ ਅਤੇ ਸੱਭਿਆਚਾਰਕ ਵਿਰਸਾ ਦੋ ਅਹਿਮ ਸਤੰਭ ਬਣਨਗੇ। Youth Fair

ਇਹ ਵੀ ਪੜ੍ਹੋ: Old Pension Scheme Punjab: ਕੇਂਦਰ ਦੀ ਨਵੀਂ ਸਕੀਮ ’ਤੇ ਟਿਕੀ ਪੰਜਾਬ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ

ਪ੍ਰਧਾਨਗੀ ਭਾਸ਼ਣ ’ਚ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਯੁਵਕ ਮੇਲੇ ਦਾ ਪਹਿਲਾ ਪੜਾਅ ਬੇਹੱਦ ਸਫਲਤਾ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਨਾਲ ਨੇਪਰੇ ਚੜਿਆ ਹੈ। ਦੂਜੇ ਪੜਾਅ ਵਿੱਚ ਗੀਤ-ਸੰਗੀਤ, ਲੋਕ ਨਾਚ, ਨਾਟ-ਵੰਨਗੀਆਂ ਆਦਿ ਪੇਸ਼ ਕੀਤੀਆਂ ਜਾਣਗੀਆਂ। ਵਾਈਸ ਚਾਂਸਲਰ ਨੇ ਦੱਸਿਆ ਕਿ ਯੁਵਕ ਮੇਲੇ ਵਿੱਚ 48 ਮੁਕਾਬਲਿਆਂ ਵਿੱਚ 500 ਤੋਂ ਵਧੇਰੇ ਵਿਦਿਆਰਥੀ ਹਿੱਸਾ ਲੈ ਰਹੇ ਹਨ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਯੁਵਕ ਮੇਲਾ ਪੀਏਯੂ ਦੀ ਪਛਾਣ ਨੂੰ ਦੇਸ਼-ਵਿਦੇਸ਼ ਵਿਚ ਫੈਲਾਅ ਰਿਹਾ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਭਵਿੱਖ ਵਿਚ ਸੱਭਿਆਚਾਰ ਅਤੇ ਸੰਗੀਤ ਦੇ ਖੇਤਰ ਵਿਚ ਪੀਏਯੂ ਦੀ ਰਹਿਨੁਮਾਈ ਕਰਨਗੇ। ਅੰਤ ਵਿੱਚ ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਡਾ. ਆਸ਼ੂ ਤੂਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਪੀਏਯੂ ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਗਾਇਕ ਗੁਰਵਿੰਦਰ ਬਰਾੜ ਨੂੰ ਇੱਕ ਫੁਲਕਾਰੀ ਅਤੇ ਸਨਮਾਨ ਚਿੰਨ ਨਾਲ ਨਿਵਾਜ਼ਿਆ ਗਿਆ। Youth Fair