ਨਸ਼ੇ ਦੀ ਓਵਰਡੋਜ਼ (Drug Overdose) ਨਾਲ ਨੌਜਵਾਨ ਦੀ ਮੌਤ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਵਿਚ ਨਸ਼ੇ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਇਕ ਤੋਂ ਬਾਅਦ ਇਕ ਨਸ਼ਾ ਰੂਪੀ ਦਾਨਵ ਨੌਜਵਾਨਾਂ ਦੀਆਂ ਜਵਾਨੀਆਂ ਨੂੰ ਖਾਂਦਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਘਟਨਾ ਮੋਹਾਲੀ ਦੇਖਣ ਨੂੰ ਮਿਲੀ। ਮੋਹਾਲੀ ਦੇ ਮੁੱਲਾਪੁਰ ਵਿੱਚ ਨਸ਼ੇ ਦੀ ਓਵਰਡੋਜ਼ (Drug Overdose) ਕਾਰਨ ਨੌਜਵਾਨ ਦੀ ਮੌਤ ਹੋ ਗਈ। ਪਿੰਡ ਮੀਆਂਪੁਰ ਚੰਗਰ ਦੇ ਵਾਸੀ ਬਹਾਦੁਰ ਸਿੰਘ ਦੀ ਲਾਸ਼ ਪਿੰਡ ਤੋਂ ਡੇਢ ਤੋਂ ਦੋ ਕਿਲੋਮੀਟਰ ਦੂਰ ਖਿਜਰਾਬਾਦ ਦੇ ਖੰਡਰ ਇਲਾਕੇ ਵਿਚੋਂ ਬਰਾਮਦ ਹੋਈ। ਜਦੋਂ ਪਰਿਵਾਰਿਕ ਮੈਂਬਰ ਪਹੁੰਚੇ ਤਾਂ ਉਸ ਦਾ ਰੰਗ ਪੀਲਾ ਪੈ ਰਿਹਾ ਸੀ ਅਤੇ ਨਸ਼ਾ ਲਗਾਉਣ ਦੀ ਸੂਈ ਅਤੇ ਇੰਜੈਕਸ਼ਨ ਕੋਲ ਹੀ ਖਿੱਲਰੇ ਪਏ ਸੀ।
ਮ੍ਰਿਤਕ ਬਹਾਦਰ ਸਿੰਘ ਦਾ 27 ਸਾਲ ਦਾ ਵੱਡਾ ਭਰਾ ਵੀ ਨਸ਼ੇ ਦੀਆਂ ਗੋਲੀਆਂ ਖਾਂਦਾ ਸੀ ਉਸ ਦੀ ਵੀ ਨਸ਼ੇ ਨਾਲ ਮੌਤ ਹੋ ਗਈ ਸੀ। ਮਿਰਤਕ ਖੇਤੀਬਾੜੀ ਦਾ ਕੰਮ ਕਰਦਾ ਸੀ। ਅਚਾਨਕ ਹੋਈ ਇਸ ਮੌਤ ਨਾਲ਼ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਹੈ। ਬਹਾਦਰ ਸਿੰਘ ਦੀ ਰੋਂਦੀ ਮਾਂ ਨੇ ਕਿਹਾ ਕਿ ਮੇਰੇ ਤਿੰਨੋਂ ਪੁੱਤਰਾਂ ਨੂੰ ਨਸ਼ੇ ਨੇ ਨਿਗਲ ਲਿਆ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ‘ਤੇ ਕਾਬੂ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ। ਜੇਕਰ ਨਸ਼ਿਆਂ ‘ਤੇ ਪਾਬੰਦੀ ਲੱਗੀ ਹੁੰਦੀ ਤਾਂ ਅੱਜ ਮੇਰੇ ਪੁੱਤਰ ਜ਼ਿੰਦਾ ਹੁੰਦੇ। ਉਸ ਦੇ ਪੁੱਤਰਾਂ ਨੂੰ ਨਸ਼ੇ ਨੇ ਤਬਾਹ ਕਰ ਦਿੱਤਾ ਹੈ। ਮ੍ਰਿਤਕ ਦੇ ਸਾਲੇ ਨੇ ਦੱਸਿਆ ਕਿ ਬਹਾਦਰ ਸਿੰਘ ਪਹਿਲਾਂ ਵੀ ਨਸ਼ਾ ਕਰਦਾ ਸੀ। ਉਹ ਐਤਵਾਰ ਨੂੰ ਘਰ ਆਇਆ, ਉਸ ਤੋਂ ਬਾਅਦ ਘਰ ਨਹੀਂ ਪਰਤਿਆ। ਜਦੋਂ ਉਸ ਦੀ ਲਾਸ਼ ਮਿਲੀ ਤਾਂ ਉਸ ਦਾ ਰੰਗ ਫਿੱਕਾ ਅਤੇ ਹੱਥ-ਪੈਰ ਨੀਲੇ ਸਨ।
ਪਰਿਵਾਰ ਨੇ ਲਾਇਆ ਦੋਸ਼, ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ
ਦੂਜੇ ਪਾਸੇ ਬਹਾਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਪੂਰਾ ਪਿੰਡ ਨਸ਼ੇ ਦੀ ਲਪੇਟ ਵਿੱਚ ਹੈ ਪਰ ਇਸ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਸਥਾਨਕ ਨਿਵਾਸੀ ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤੋਂ ਪਹਿਲਾਂ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਬਾਹਰੋਂ ਨਸ਼ਾ ਵੇਚ ਰਿਹਾ ਹੈ ਤਾਂ ਪੰਚਾਇਤ ਨੂੰ ਸੂਚਿਤ ਕੀਤਾ ਜਾਵੇ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪਿੰਡ ਕਾਫੀ ਵੱਡਾ ਹੈ ਤੇ ਪੁਲਿਸ ਨੂੰ ਵੀ ਗਸ਼ਤ ਕਰਨੀ ਚਾਹੀਦੀ ਹੈ।
ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ। ਅਸੀਂ ਕੇਸ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਕਿਸੇ ਲੜਕੇ ਨਾਲ ਗਿਆ ਹੋਇਆ ਸੀ, ਜਿਸ ਕਾਰਨ ਲਾਪਤਾ ਹੋਣ ਦਾ ਮਾਮਲਾ ਨਹੀਂ ਬਣਦਾ ਸੀ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ