ਧਰਮਸੋਤ ਨੂੰ ਕੈਬਨਿਟ ‘ਚ ਬਰਖਾਸਤ ਕੀਤਾ ਜਾਵੇ : ਪਰਮਬੰਸ ਸਿੰਘ ਰੋਮਾਣਾ
ਚੰਡੀਗੜ, (ਅਸ਼ਵਨੀ ਚਾਵਲਾ)। ਐਸ.ਸੀ. ਵਜੀਫ਼ਾ ਘਪਲੇ ਦੀ ਜਾਂਚ ਬਾਰੇ ਯੂਥ ਅਕਾਲੀ ਦਲ ਪੰਜਾਬ ਦੀਆਂ ਸੜਕਾਂ ‘ਤੇ ਉੱਤਰਦੇ ਹੋਏ ਤਿੱਖਾ ਪ੍ਰਦਰਸ਼ਨ ਕਰਲ ਵਿੱਚ ਲੱਗਿਆ ਹੋਇਆ ਹੈ। ਯੂਥ ਅਕਾਲੀ ਦਲ ਵੱਲੋਂ ਪੰਜਾਬ ਭਰ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਐਸ.ਸੀ. ਵਜੀਫ਼ਾ ਘਪਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਦਲਿਤ ਵਿਦਿਆਰਥੀਆਂ ਦੇ ਭਵਿੱਖ ਦੀ ਕੀਮਤ ‘ਤੇ ਦਾਗੀ ਮੰਤਰੀ ਦਾ ਬਚਾਅ ਨਾ ਕਰਨ। ਉਹਨਾ ਨੇ ਕੈਬਨਿਟ ਮੰਤਰੀ ਬਾਰੇ ਚੋਰ ਵਰਗੇ ਅਪਸ਼ਬਦ ਵਰਤਣ ਤੋਂ ਵੀ ਗੁਰੇਜ਼ ਨਾ ਕੀਤਾ
ਪਰਮਬੰਸ ਸਿੰਘ ਰੋਮਾਣਾ ਨੇ ਮੁਹਾਲੀ ਵਿਚ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ ਜਿਥੇ ਨਾਅਰੇ ਲਗਾਏ ਗਏ ਕਿ ‘ਧਰਮਸੋਤ ਸਾਧੂ ਨਹੀਂ ਚੋਰ ਹੈ’, ‘ਕੈਪਟਨ ਦਾ ਸਾਧੂ ਚੋਰ ਹੈ’। ਰੋਮਾਣਾ ਨੇ ਕਿਹਾ ਕਿ ਇਹ ਕਿਹੋ ਜਿਹਾ ਨਿਆਂ ਹੈ ਜਦੋਂ ਧਰਮਸੋਤ ਵੱਲੋਂ ਐਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ 69 ਕਰੋੜ ਰੁਪਏ ਦਾ ਘਪਲਾ ਕਰਨ ਅਤੇ 309 ਕਰੋੜ ਰੁਪਏ ਦੀ ਵੰਡ ਰੋਕਣ ਤੇ 811 ਕਰੋੜ ਰੁਪਏ ਦੀ ਗਲਤ ਤਰੀਕੇ ਵੰਡ ਕੀਤੇ ਜਾਣ ਦੀ ਰਿਪੋਰਟ ਮਿਲ ਗਈ ਹੈ ਫਿਰ ਵੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਵੇਰਵੇ ਸਾਂਝੇ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਐਡੀਸ਼ਨਲ ਚੀਫ ਸੈਕਟਰੀ, ਜੋ ਕਿ ਐਸ ਸੀ ਭਲਾਈ ਵਿਭਾਗ ਦੇ ਇੰਚਾਰਜ ਹਨ, ਨੇ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਸੀ ਜਿਸਨੇ ਰਿਪੋਰਟ ਸੌਂਪੀ ਹੈ ਕਿ ਮੰਤਰੀ ਦੇ ਕਹਿਣ ‘ਤੇ ਜਾਰੀ ਕੀਤੇ ਗਏ 39 ਕਰੋੜ ਰੁਪਏ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ ਜਦਕਿ 24 ਕਰੋੜ ਰੁਪਏ ਧਰਮਸੋਤ ਨੇ ਉਹਨਾਂ ਵਿਦਿਅਕ ਅਦਾਰਿਆਂ ਨੂੰ ਜਾਰੀ ਕੀਤੇ ਹਨ ਜਿਹਨਾਂ ਖਿਲਾਫ ਪਿਛਲੀ ਵਸੂਲੀ ਹਾਲੇ ਬਾਕੀ ਹੈ।
ਉਹਨਾਂ ਕਿਹਾ ਕਿ ਮੰਤਰੀ ਦੇ ਖਿਲਾਫ ਇਸ ਤੱਥਾਂ ‘ਤੇ ਆਧਾਰਿਤ ਰਿਪੋਰਟ ਦੇ ਬਾਵਜੂਦ ਮੁੱਖ ਮੰਤਰੀ ਨੇ ਧਰਮਸੋਤ ਨੂੰ ਕਲੀਨ ਚਿੱਟ ਦਿੰਦਿਆਂ ਇਸਦੀ ਜਾਂਚ ਮੁੱਖ ਸਕੱਤਰ ਨੂੰ ਸੌਂਪ ਦਿੱਤੀ। ਉਹਨਾਂ ਸਵਾਲ ਕੀਤਾ ਕਿ ਹੁਣ ਮੁੱਖ ਸਕੱਤਰ ਕਿਸ ਦੀ ਜਾਂਚ ਕਰਨਗੇ ? ਉਹਨਾਂ ਕਿਹਾ ਕਿ ਅਸੀਂ ਇਸ ਜਾਂਚ ਨੂੰ ਰੱਦ ਕਰਦੇ ਹਾਂ ਤੇ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕੀਤੇ ਜਾਣ ਤੇ ਉਸ ਨੂੰ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕਰਦੇ ਹਾਂ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਅਸੀਂ ਇਸ ਚੋਰ ਦੇ ਖਿਲਾਫ ਸੰਘਰਸ਼ ਹੋਰ ਤੇਜ਼ ਕਰਾਂਗੇ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਧਰਮਸੋਤ ਦਾ ਬਚਾਅ ਕਰ ਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ਤੇ ਧਰਮਸੋਤ ਦਾ ਬਚਾਅ ਸਿਰਫ ਇਸ ਲਈ ਕਰ ਰਹੇ ਹਨ ਕਿ ਉਹ ਉਹਨਾਂ ਦੀ ਹਾਂ ਵਿਚ ਹਾਂ ਮਿਲਾਉਂਦਾ ਹੈ ਤੇ ਪਟਿਆਲਾ ਜ਼ਿਲੇ ਤੋਂ ਹੈ। ਯੂਥ ਅਕਾਲੀ ਦਲ ਨੇ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਦਾ ਧੰਨਵਾਦ ਕੀਤਾ ਜਿਹਨਾਂ ਨੇ ਘੁਟਾਲੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਪਰ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਸਿਫਾਰਸ਼ ਵੀ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.