ਰਾਮਾਂ ਮੰਡੀ ਦੇ ਇੱਕ ਨੌਜਵਾਨ ਦੀ ਤਲਵੰਡੀ ਸਾਬੋ ‘ਚ ਹੋਈ ਸੀ ਮੌਤ
ਤਲਵੰਡੀ ਸਾਬੋ, (ਸੱਚ ਕਹੂੰ ਨਿਊਜ਼)। ਪੰਜਾਬ ਅੰਦਰ ਚਿੱਟੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਚਿੱਟੇ ਦੇ ਓਵਰਡੋਜ਼ ਕਾਰਨ ਮੌਤ ਦੇ ਮੂੰਹ ‘ਚ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਬੀਤੀ ਰਾਤ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ‘ਚ ਚਲਾ ਗਿਆ। ਮ੍ਰਿਤਕ ਲਵਪ੍ਰੀਤ ਸਿੰਘ ਬੱਬੂ (23) ਦੇ ਪਿਤਾ ਜੀਵਨ ਖਾਨ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ ਪਰ ਕੁਝ ਮਹੀਨੇ ਪਹਿਲਾਂ ਉਸ ਨੇ ਨਸ਼ਾ ਛੱਡ ਦਿੱਤਾ ਸੀ ਪਰ ਹੁਣ ਫਿਰ ਨਸ਼ਾ ਕਰਨ ਲੱਗ ਗਿਆ ਸੀ। (Drug)
ਉਹ ਮਾਤਾ, ਪਿਤਾ ਤੇ ਪਤਨੀ ਤੋਂ ਇਲਾਵਾ ਤਿੰਨ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਸਵੇਰ ਦੇ ਸਮੇਂ ਤਿੰਨ ਨੌਜਵਾਨ ਉਸ ਦੇ ਪੁੱਤਰ ਨੂੰ ਘਰੋਂ ਲੈ ਗਏ ਤੇ ਰਾਤ ਨੂੰ ਉਸ ਦੀ ਲਾਸ਼ ਸੂਏ ਕੋਲੋਂ ਬਰਾਮਦ ਹੋਈ ਮ੍ਰਿਤਕ ਲਵਪ੍ਰੀਤ ਸਿੰਘ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਆਪਣੇ ਪਿੱਛੇ ਮਾਤਾ, ਪਿਤਾ ਤੇ ਪਤਨੀ ਤੋਂ ਇਲਾਵਾ ਇੱਕ ਤਿੰਨ ਕੁ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਲਿਜਾਣ ਵਾਲੇ ਤੇ ਤਲਵੰਡੀ ਸਾਬੋ ਅੰਦਰ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਤਲਵੰਡੀ ਸਾਬੋ ਦੇ ਨਾਲ ਲਗਦੀ ਮੰਡੀ ਰਾਮਾਂ ਮੰਡੀ ਵਿਖੇ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। (Drug)
ਪਰ ਪ੍ਰਸ਼ਾਸ਼ਨ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਹੁਣ ਫਿਰ ਚਿੱਟੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਕਾਰਨ ਲੋਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਦੋਂ ਡੀ.ਐੱਸ.ਪੀ ਬਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਚਿੱਟੇ ਦੀ ਵੱਧ ਡੋਜ ਹੋਣ ਨਾਲ ਹੋਈ ਹੈ ਤੇ ਅਸੀਂ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Drug)