ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home ਵਿਚਾਰ ਲੇਖ ਸਿਰਲੱਥ ਯੋਧਾ ਸ਼...

    ਸਿਰਲੱਥ ਯੋਧਾ ਸ਼ਹੀਦ ਬਾਬਾ ਦੀਪ ਸਿੰਘ ਜੀ

    Baba Deep Singh Ji

    ਸਿਰਲੱਥ ਯੋਧਾ ਸ਼ਹੀਦ ਬਾਬਾ ਦੀਪ ਸਿੰਘ ਜੀ

    ਸ਼ਹੀਦ ਕੌਮ ਦਾ ਸਰਮਾਇਆ ਤੇ ਉਸ ਮਿੱਟੀ ਦਾ ਮਾਣ ਹੰੁਦੇ ਹਨ, ਜਿਸ ਵਿੱਚ ਉਨ੍ਹਾਂ ਦਾ ਜਨਮ ਹੁੰਦਾ ਹੈ। ਦੀਨ-ਦੁਖੀਆਂ ਦੀ ਰਖਵਾਲੀ, ਸਤਿ, ਧਰਮ ਤੇ ਮਨੁੱਖਤਾ ਦੀ ਖਾਤਰ ਸਮੇਂ-ਸਮੇਂ ਦੇਸ਼ ਕੌਮ ਅਤੇ ਸਮਾਜ ਉੱਪਰ ਆਏ ਸੰਕਟਾਂ ਦਾ ਖਿੜੇ ਮੱਥੇ ਸਵਾਗਤ ਕਰਨਾ, ਇਨ੍ਹਾਂ ਸੰਕਟਾਂ ਦਾ ਡਟ ਕੇ ਮੁਕਾਬਲਾ ਕਰਨਾ, ਇਸ ਮੁਕਾਬਲੇ ਨੂੰ ਕਿਸੇ ਨਿਰਣਾਇਕ ਮੋੜ ’ਤੇ ਲਿਜਾਣ ਤੱਕ ਆਪਣੇ ਕਦਮ ਪਿਛਾਂਹ ਨਾ ਪੁੱਟਣੇ ਤੇ ਆਪਣੇ ਮਨੋਰਥ ਦੀ ਸਿੱਧੀ ਲਈ ਆਪਾ ਤੱਕ ਵਾਰ ਦੇਣਾ ਹੀ ਸ਼ਹੀਦਾਂ ਦੀ ਪਹਿਚਾਣ ਹੰੁਦੀ ਹੈ। ਸ਼ਹੀਦ ਫੌਲਾਦੀ ਇਰਾਦੇ ਦਾ ਮਾਲਕ ਹੰੁਦਾ ਹੈ, ਜਿਸ ਦੇ ਵਿਚਾਰਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਇਰਾਦੇ ਤੇ ਵਿਚਾਰਾਂ ਦੀ ਮਲਕੀਅਤ ਰੱਖਣ ਵਾਲੇ ਸਨ, ਬਾਬਾ ਦੀਪ ਸਿੰਘ ਜੀ ਸ਼ਹੀਦ।

    ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ (ਹੁਣ ਤਰਨ ਤਾਰਨ) ਦੀ ਤਹਿਸੀਲ ਪੱਟੀ ਦੇ ਪਿੰਡ ਪਹੂਵਿੰਡ ਵਿਖੇ ਰਹਿਣ ਵਾਲੇ ਇੱਕ ਸਧਾਰਨ ਪਰਿਵਾਰ ਭਾਈ ਭਗਤੂ ਅਤੇ ਮਾਤਾ ਜਿਊਣੀ ਦੇ ਘਰ ਹੋਇਆ। ਆਮ ਬਾਲਕਾਂ ਵਾਂਗ ਬਾਬਾ ਜੀ ਦੇ ਬਚਪਨ ਦਾ ਨਾਂਅ ਵੀ ਦੀਪਾ ਰੱਖਿਆ ਗਿਆ। ਜਦੋਂ ਦੀਪੇ ਦੀ ਉਮਰ 18 ਸਾਲ ਦੀ ਹੋਈ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਏ। ਕੁੱਝ ਦਿਨ ਰਹਿ ਕੇ ਦੀਪੇ ਦੇ ਮਾਤਾ-ਪਿਤਾ ਤਾਂ ਵਾਪਸ ਪਿੰਡ ਆ ਗਏ ਪਰ ਦੀਪਾ ਇੱਥੇ ਹੀ ਰਹਿ ਪਿਆ। ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੀਪੇ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਮੋੜ ਆ ਗਿਆ ਤੇ ਉਹ ਦੀਪੇ ਤੋਂ ਦੀਪ ਸਿੰਘ ਬਣ ਗਿਆ।

    ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਦੀਪ ਸਿੰਘ ਨੇ ਸ਼ਸਤਰ ਤੇ ਸ਼ਾਸਤਰ ਵਿੱਦਿਆ ਵਿਚ ਬਰਾਬਰੀ ਨਾਲ ਮੁਹਾਰਤ ਹਾਸਲ ਕਰ ਲਈ। 20-22 ਸਾਲ ਦੀ ਉਮਰ ਤੱਕ ਦੀਪ ਸਿੰਘ ਨੇ ਜਿੱਥੇ ਭਾਈ ਮਨੀ ਸਿੰਘ ਵਰਗੇ ਉਸਤਾਦ ਕੋਲੋਂ ਗੁਰਬਾਣੀ ਦਾ ਚੋਖਾ ਗਿਆਨ ਹਾਸਲ ਕੀਤਾ, ਉੱਥੇ ਉਹ ਇੱਕ ਨਿਪੰੁਨ ਸਿਪਾਹੀ ਵੀ ਬਣ ਗਿਆ। ਕੁੱਝ ਸਮੇਂ ਬਾਅਦ ਦੀਪ ਸਿੰਘ ਆਪਣੇ ਪਿੰਡ ਪਹੂਵਿੰਡ ਆ ਗਏ। ਪਿੰਡ ਆ ਕੇ ਉਨ੍ਹਾਂ ਨੇ ਆਸ-ਪਾਸ ਦੇ ਇਲਾਕੇ ਵਿਚ ਧਰਮ ਪ੍ਰਚਾਰ ਦੇ ਕਾਰਜ ਨੂੰ ਬੜੀ ਹੀ ਲਗਨ ਅਤੇ ਸ਼ਰਧਾ-ਭਾਵਨਾ ਨਾਲ ਕਰਨਾ ਆਰੰਭ ਕਰ ਦਿੱਤਾ, ਜਿਸ ਦਾ ਨੌਜਵਾਨ ਤਬਕੇ ’ਤੇ ਬਹੁਤ ਹੀ ਸਾਰਥਿਕ ਤੇ ਸੁਚੱਜਾ ਪ੍ਰਭਾਵ ਪੈਣ ਲੱਗਾ।

    ਜਦੋਂ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੇ ਨਾਲ-ਨਾਲ ਬਾਬਾ ਦੀਪ ਸਿੰਘ ਜੀ ਦਾ ਵੀ ਭਰਪੂਰ ਸਹਿਯੋਗ ਲਿਆ। ਦੱਖਣ ਵੱਲ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਸੇਵਾ–ਸੰਭਾਲ ਦੀ ਜ਼ਿੰਮੇਵਾਰੀ ਪੂਰਨ ਰੂਪ ਵਿੱਚ ਬਾਬਾ ਜੀ ਨੂੰ ਸੌਂਪ ਦਿੱਤੀ।

    1709 ਈ: ਵਿੱਚ ਜਦੋਂ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਹਿਸਾਬ ਚੁਕਤਾ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਜੀ ਨੇ ਸੈਂਕੜੇ ਮਰਜੀਵੜਿਆਂ ਦੀ ਫੌਜ ਨਾਲ ਲੈ ਕੇ ਉਨ੍ਹਾਂ ਦਾ ਡਟਵਾਂ ਸਾਥ ਦਿੱਤਾ। ਇਸ ਸਾਥ ਸਦਕਾ ਹੀ ਸਿੱਖਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਬਾਬਾ ਜੀ ਵੱਲੋਂ ਇਸ ਜੰਗ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਕਾਰਨ ਹੀ ਉਨ੍ਹਾਂ ਨੂੰ ਜਿੰਦਾ ਸ਼ਹੀਦ ਦੇ ਖਿਤਾਬ ਨਾਲ ਨਿਵਾਜ਼ਿਆ ਜਾਂਦਾ ਹੈ। ਜਦੋਂ ਜਹਾਨ ਖਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਚਲਾ ਪਵਿੱਤਰ ਖੂਹ ਪੂਰ ਦਿੱਤੇ ਜਾਣ ਦੀ ਖ਼ਬਰ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਨ੍ਹਾਂ ਦਾ ਖ਼ੂਨ ਉਬਾਲੇ ਖਾਣ ਲੱਗਾ। ਅਰਦਾਸ ਕਰਕੇ ਬਾਬਾ ਜੀ ਨੇ 18 ਸੇਰ ਦਾ ਖੰਡਾ ਚੁੱਕ ਲਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ।

    ਦੂਜੇ ਪਾਸੇ ਜਹਾਨ ਖਾਂ ਨੂੰ ਜਦੋਂ ਬਾਬਾ ਜੀ ਦੇ ਕਾਫ਼ਲੇ ਦੀ ਅੰਮ੍ਰਿਤਸਰ ਵੱਲ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਇੱਕ ਜਰਨੈਲ ਅਤਈ ਖਾਂ ਦੀ ਅਗਵਾਈ ’ਚ ਇੱਕ ਵੱਡੀ ਫੌਜ ਸਿੱਖਾਂ ਦਾ ਰਾਹ ਰੋਕਣ ਲਈ ਭੇਜ ਦਿੱਤੀ। ਗੋਹਲਵੜ ਦੇ ਸਥਾਨ ’ਤੇ ਲਹੂ ਡੋਲ੍ਹਵੀਂ ਲੜਾਈ ਹੋਈ। ਸਿੱਖ ਸਿਪਾਹੀਆਂ ਦੇ ਜੈਕਾਰਿਆਂ ਅੱਗੇ ਅਫ਼ਗਾਨੀ ਫ਼ੌਜਾਂ ਦੇ ਹੌਂਸਲੇ ਪਸਤ ਹੋਣ ਲੱਗੇ ਤੇ ਉਹ ਪਿਛਲਖ਼ੁਰੀ ਹੋਣ ਲੱਗੀਆਂ । ਇਸ ਸਮੇਂ ਦੌਰਾਨ ਯਕੂਬ ਖਾਂ ਤੇ ਸਾਬਕ ਅਲੀ ਖਾਂ ਵੀ ਬਾਬਾ ਦੀਪ ਸਿੰਘ ਜੀ ਨਾਲ ਮੁਕਾਬਲੇ ’ਤੇ ਆ ਗਏ। ਯਕੂਬ ਖਾਂ ਤੇ ਬਾਬਾ ਜੀ ਵਿਚਲੇ ਫਸਵੀਂ ਟੱਕਰ ਹੋਈ ਪਰ ਯਕੂਬ ਖਾਂ ਬਾਬਾ ਜੀ ਦੇ ਵਾਰ ਦੀ ਤਾਬ ਨਾ ਝੱਲ ਸਕਿਆ। ਯਕੂਬ ਖਾਂ ਨੂੰ ਢੇਰੀ ਹੁੰਦਿਆਂ ਦੇਖ ਕੇ ਇੱਕ ਹੋਰ ਅਫ਼ਗਾਨੀ ਜਵਾਨ ਅਸਮਾਨ ਖਾਂ ਵੀ ਮੈਦਾਨ-ਏ-ਜੰਗ ’ਚ ਆ ਨਿੱਤਰਿਆ।

    ਦੋਹਾਂ ਦੇ ਸਾਂਝੇ ਵਾਰ ਨਾਲ ਬਾਬਾ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਨਾਲ ਦੇ ਇੱਕ ਸਿੱਖ ਸਿਪਾਹੀ ਨੇ ਜਦੋਂ ਬਾਬਾ ਦੀਪ ਸਿੰਘ ਨੂੰ ਅਰਦਾਸ ਸਮੇਂ ਕੀਤਾ ਹੋਇਆ ਪ੍ਰਣ ਯਾਦ ਕਰਵਾਇਆ ਤਾਂ ਉਹ ਕੱਟੇ ਹੋਏ ਸੀਸ ਨੂੰ ਆਪਣੇ ਖੱਬੇ ਹੱਥ ਦਾ ਆਸਰਾ ਦੇ ਕੇ ਸੱਜੇ ਹੱਥ ਵਿਚ ਫੜੇ ਹੋਏ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁਣ ਲੱਗ ਪਏ। ਆਪਣੇ ਕੀਤੇ ਹੋਏ ਪ੍ਰਣ ਨੂੰ ਨਿਭਾਅ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਭੇਟ ਕਰ ਦਿੱਤਾ ਅਤੇ 11 ਨਵੰਬਰ 1760 ਈ. ਨੂੰ ਸ਼ਹਾਦਤ ਦਾ ਜਾਮ ਪੀ ਗਏ।
    ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
    ਮੋ. 94631-32719
    ਰਮੇਸ਼ ਬੱਗਾ ਚੋਹਲਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ