ਪੰਜਾਬ ਸਰਕਾਰ ਨੇ ਆਲੂ ਅਤੇ ਖੰਡ ਬਰਾਮਦ ਕਰਨ ਦੀ ਮੰਗ ਕੇਂਦਰ ਸਰਕਾਰ ਕੋਲ ਚੁੱਕੀ
ਚੰਡੀਗੜ | ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪੇਸ਼ ਕੀਤੇ ਧਿਆਨ ਦਵਾਊ ਨੋਟਿਸ ‘ਤੇ ਮੁੱਖ ਮੰਤਰੀ ਜਿਨਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਦੀ ਤਰਫ਼ੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਵਾਬ ਦਿੱਤਾ ਜਿਸ ਦੌਰਾਨ ਮੁੱਖ ਮੰਤਰੀ ਨੇ ਦਖ਼ਲ ਦਿੰਦਿਆਂ ਉਕਤ ਵਿਚਾਰ ਜ਼ਾਹਰ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨਾਂ ਦੀ ਸਰਕਾਰ ਨੇ ਸੂਬੇ ਵਿੱਚੋਂ ਆਲੂ ਅਤੇ ਖੰਡ ਰੂਸ, ਯੂ.ਏ.ਈ., ਇਰਾਨ ਅਤੇ ਸ੍ਰੀ ਲੰਕਾ ਨੂੰ ਬਰਾਮਦ ਕਰਨ ਦੀ ਇਜ਼ਾਜਤ ਦੇਣ ਦੀ ਮੰਗ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਉਠਾਈ ਹੈ ਤਾਂ ਕਿ ਇਨਾਂ ਫ਼ਸਲਾਂ ਦਾ ਚੰਗਾ ਭਾਅ ਹਾਸਲ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਉਨਾਂ ਨੂੰ ਇਹ ਫ਼ਸਲਾਂ ਬਰਾਮਦ ਕਰਨ ਲਈ ਪੰਜਾਬ ਨੂੰ ਇਜ਼ਾਜਤ ਦੇਣ ਵਾਸਤੇ ਕੇਂਦਰੀ ਵਪਾਰ ਤੇ ਉਦਯੋਗ ਮੰਤਰਾਲੇ ਨੂੰ ਹਦਾਇਤ ਕਰਨ ਲਈ ਆਖਿਆ ਹੈ ਤਾਂ ਕਿ ਆਲੂ ਅਤੇ ਗੰਨੇ ਦੀਆਂ ਫ਼ਸਲਾਂ ਦੀਆਂ ਕੀਮਤਾਂ ਵਿੱਚ ਹੁੰਦੇ ਉਤਰਾਅ-ਚੜਾਅ ਨੂੰ ਸਥਿਰ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਮਿਡ ਡੇ ਮੀਲ, ਜੇਲਾਂ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਆਲੂਆਂ ਦੀ ਖਪਤ ਵਧਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਤਾਂ ਕਿ ਫ਼ਸਲ ਦੀਆਂ ਕੀਮਤਾਂ ਨੂੰ ਸਥਿਰ ਕੀਤਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














