ਪੰਜਾਬ ਵਿੱਚ ਸਟੋਰੇਜ਼ ਵਧਾਉਣ ‘ਤੇ ਕੰਮ ਜਾਰੀ, 31 ਸਾਈਲੋ ਬਣਾਏ ਜਾਣਗੇ

ਪੰਜਾਬ ਦੇਸ਼ ਦਾ ਅੰਨਦਾਤਾ ਹੈ ਐਫ.ਸੀ.ਆਈ ਦਾ ਸਟੋਰੇਜ ਵੀ ਵਧਾਇਆ ਜਾਵੇਗ : ਰਾਓ ਸਾਹਿਬ ਪਟੇਲ

ਕੇਂਦਰੀ ਮੰਤਰੀ ਨੇ ਐਫ.ਸੀ.ਆਈ. ਦੇ ਗੁਦਾਮਾਂ ਦਾ ਕੀਤਾ ਦੌਰਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਓ ਸਾਹਿਬ ਪਟੇਲ ਦਾਨਵੀ ਨੇ ਅੱਜ ਪਟਿਆਲਾ ਦੇ ਸਰਹਿੰਦ ਰੋਡ ਸਥਿੱਤ ਫੂਡ ਕਾਰੋਪਰੇਸ਼ਨ ਆਫ ਇੰਡੀਆ ਦੇ ਦਫ਼ਤਰ ਅਤੇ ਗੁਦਾਮਾਂ ਦਾ ਦੌਰਾ ਕੀਤਾ।

ਇਸ ਮੌਕੇ ‘ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਰਾਜ ਦੇ ਗੁਦਾਮਾਂ ‘ਚ ਸਟੋਰੇਜ ਦੀ ਸਮੱਸਿਆ ਬਣੀ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਸਟੋਰੇਜ ਵਧਾਉਣ ‘ਤੇ ਜਲਦੀ ਹੀ ਕੰਮ ਕੀਤਾ ਜਾ ਰਿਹਾ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ 31 ਸਾਈਲੋ ਬਣਾਏ ਜਾਣਗੇ, ਇਹਨਾਂ ਵਿਚੋਂ 21 ਦੇ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਪਟੇਲ ਦਾਨਵੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨਦਾਤਾ ਹੈ, ਇਸ ਲਈ ਇਥੇ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਫ.ਸੀ.ਆਈ. ਦਾ ਸਟੋਰੇਜ ਵੀ ਵਧਾਇਆ ਜਾ ਰਿਹਾ ਹੈ ਅਤੇ ਗੁਦਾਮ ਵੀ ਬਣਾਏ ਜਾ ਰਹੇ ਹਨ। ਕੇਂਦਰ ਸਰਕਾਰ ਦਾ ਪੰਜਾਬ ‘ਚ ਚਾਵਲਾਂ ਦੇ ਸਟੋਰੇਜ ਦਾ ਵੀ ਪੂਰਾ ਧਿਆਨ ਹੈ।

ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਪਟੇਲ ਨੇ ਐਫ.ਸੀ.ਆਈ ਦੇ ਗੁਦਾਮਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ, ਕਰਮਚਾਰੀ ਯੂਨੀਅਨਾਂ ਅਤੇ ਹੋਰ ਸਬੰਧਤ ਨਾਲ ਵੀ ਗੱਲਬਾਤ ਕੀਤੀ ਅਤੇ ਰੁੱਖ ਵੀ ਲਗਾਇਆ।
ਇਸ ਮੌਕੇ ਐਫ.ਸੀ.ਆਈ ਦੇ ਜਰਨਲ ਮੈਨੇਜਰ ਅਰਸ਼ਦੀਪ ਸਿੰਘ ਥਿੰਦ, ਐਫ.ਸੀ.ਆਈ. ਦੇ ਡਿਪਟੀ ਜਰਨਲ ਮੈਨੇਜਰ ਮੇਹਰ ਸਿੰਘ, ਜ਼ਿਲ੍ਹਾ ਮੈਨੇਜਰ ਆਕਾਸ਼ ਕੁਮਾਰ, ਭਾਜਪਾ ਦੇ ਪ੍ਰਦੇਸ਼ ਕਿਸਾਨ ਸੈਲ ਦੇ ਰਵਿੰਦਰ ਸਿੰਘ ਗਿੰਨੀ ਢਿਲੋਂ, ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਤਰਸੇਮ ਸੈਣੀ ਤੋਂ ਇਲਾਵਾ ਹੋਰ ਵੱਡੀ ਗਿਣਤੀ ‘ਚ ਯੂਨੀਅਨਾਂ ਦੇ ਨੁਮਾਇੰਦੇ, ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।