(ਏਜੰਸੀ) ਜੈਪੁਰ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ( Rahul Gandhi) ਨੇ ਜਾਤੀਗਤ ਜਨਗਣਨਾ ਤੇ ਮਹਿਲਾ ਰਾਖਵਾਂਕਰਨ ਸਬੰਧੀ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਮੰਗ ਕੀਤੀ ਹੈ, ਦੇਸ਼ ’ਚ ਜਾਤੀਗਤ ਜਨਗਣਨਾ ਕਰਵਾਏ ਜਾਣ ਤੇ ਮਹਿਲਾਵਾਂ ਲਈ ਲਿਆਂਦੇ ਗਏ 33 ਫੀਸਦੀ ਰਾਖਵਾਂਕਰਨ ਬਿੱਲ ਨੂੰ ਹੁਣੇ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਰਾਹੁਲ ਗਾਂਧੀ ਸ਼ਨਿੱਚਰਵਾਰ ਨੂੰ ਇੱਥੇ ਰਾਜਸਥਾਨ ਕਾਂਗਰਸ ਦੇ ਨਵੇਂ ਭਵਨ ਦੇ ਉਦਘਾਟਨ ਤੋਂ ਬਾਅਦ ਵਰਕਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਬੱਬਰ ਸ਼ੇਰ ਦੱਸਦਿਆਂ ਕਿਹਾ ਕਿ ਇਹ ਬੱਬਰ ਸ਼ੇਰ ਸ਼ਾਂਤੀ ਨਾਲ ਬੈਠੇ ਹੋਏ ਹਨ, ਇਹ ਨਫ਼ਰਤ ਦਾ ਬਜ਼ਾਰ ਨਹੀਂ ਹੈ ਇਹ ਮੁਹੱਬਤ ਦੀ ਦੁਕਾਨ ਹੈ, ਕੋਈ ਹੰਕਾਰ ਤੇ ਨਫਰਤ ਨਹੀਂ ਹੈ, ਮੁਹੱਬਤ, ਇੱਜ਼ਤ ਤੇ ਪਿਆਰ ਹੈ, ਇਹ ਫਰਕ ਹੈ ਭਾਜਪਾ ਤੇ ਕਾਂਗਰਸ ’ਚ ਤੇ ਦੋਵਾਂ ’ਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ।
ਇਹ ਵੀ ਪੜ੍ਹੋ: ਚਿੱਪ ਵਾਲੇ ਮੀਟਰ ਲਾਉਣ ਲਈ ਪਾਵਰਕੌਮ ਪੱਬਾਂ ਭਾਰ, ਜੱਥੇਬੰਦੀ ਵੱਲੋਂ ਵਿਰੋਧ
ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸੰਸਦ ’ਚ ਭਾਸ਼ਣ ਦਿੱਤਾ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਕਿਉਂਕਿ ਉਨ੍ਹਾਂ ਨੂੰ ਡਰ ਲੱਗਦਾ ਹੈ ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਨਾਂਅ ਨੂੰ ਬਦਲਣ ਦੀਆਂ ਗੱਲਾਂ ਹੋਈਆਂ, ਜਦੋਂਕਿ ਸੰਵਿਧਾਨ ’ਚ ਸਾਫ਼ ਲਿਖਿਆ ਹੈ ਇੰਡੀਆ ਅਤੇ ਭਾਰਤ ਦੋਵੇਂ ਇੱਕ ਹੀ ਹਨ। ਉਨ੍ਹਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇੰਡੀਆ ਤੇ ਭਾਰਤ ਸਬੰਧੀ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜਨਤਾ ਇਸ ਨੂੰ ਮਨਜ਼ੂਰ ਨਹੀਂ ਕਰੇਗੀ ਤਾਂ ਹੁਣ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਤੇ ਹੁਣ ਮਹਿਲਾ ਰਾਖਵਾਂਕਰਨ ਦੀ ਗੱਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਮਹਿਲਾ ਰਾਖਵਾਂਕਰਨ ਦਾ ਅਸੀਂ ਪੂਰਾ ਸਮਰੱਥਨ ਕੀਤਾ ਹੈ, ਇਸ ਤੋਂ ਪਹਿਲਾਂ ਵੀ ਹਮਾਇਤ ਕੀਤੀ ਹੈ ਪਰ ਸਾਡੇ ਦੋ-ਤਿੰਨ ਸੁਆਲ ਹਨ ਕਿ ਹੋਰ ਪੱਛੜਿਆ ਵਰਗ (ਓਬੀਸੀ) ਮਹਿਲਾਵਾਂ ਲਈ ਰਾਖਵਾਂਕਰਨ ਕਿਉਂ ਨਹੀਂ ਕੀਤਾ ਗਿਆ। ਮਹਿਲਾਵਾਂ ਨੂੰ 33 ਫੀਸਦੀ ਸੀਟਾਂ ਅੱਜ ਦਿੱਤੀਆਂ ਜਾ ਸਕਦੀਆਂ ਹਨ ਪਰ ਬਹਾਨਾ ਬਣਾਇਆ ਜਾ ਰਿਹਾ ਹੈ, ਅਸੀਂ ਚਾਹੁੰਦੇ ਹਾਂ ਕਿ ਮਹਿਲਾ ਰਾਖਵਾਂਕਰਨ ਅੱਜ ਲਾਗੂ ਹੋਵੇ ਤੇ ਇਸ ’ਚ ਓਬੀਸੀ ਮਹਿਲਾਵਾਂ ਨੂੰ ਵੀ ਇਸ ਦਾ ਫਾਇਦਾ ਮਿਲੇ।