ਡਾਕਟਰ ‘ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦਿਆਂ ਲਾਸ਼ ਹਸਪਤਾਲ ਦੇ ਸਾਹਮਣੇ ਰੱਖ ਵਾਰਿਸ਼ਾਂ ਨੇ ਲਾਇਆ ਧਰਨਾ | Malerkotla News
Malerkotla News: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸਥਾਨਕ ਗਾਂਧੀ ਨਗਰ ਨੌਧਰਾਣੀ ਰੋਡ ਦੀ ਵਸਨੀਕ ਔਰਤ ਅਮਨਦੀਪ ਕੌਰ ਦੀ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਗਾਇਨੀ ਵਿਭਾਗ ‘ਚ ਆਪ੍ਰੇਸ਼ਨ ਹੋਣ ਤੋਂ ਬਾਅਦ ਹਾਲਤ ਵਿਗੜ ਜਾਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਭੜਕੇ ਮ੍ਰਿਤਕ ਦੇ ਵਾਰਿਸਾਂ ਨੇ ਆਪ੍ਰੇਸ਼ਨ ਦੌਰਾਨ ਡਾਕਟਰ ‘ਤੇ ਕਥਿਤ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦੇ ਹੋਏ ਸਿਵਲ ਹਸਪਤਾਲ ਦੇ ਗੇਟ ਮੂਹਰੇ ਸੜਕ ਦੇ ਵਿਚਕਾਰ ਲਾਸ਼ ਰੱਖ ਕੇ ਧਰਨਾ ਦਿੰਦਿਆਂ ਨਾਅਰੇਬਾਜ਼ੀ ਕਰਦੇ ਹੋਏ ਆਪ੍ਰੇਸ਼ਨ ਕਰਨ ਵਾਲੀ ਮਹਿਲਾ ਡਾਕਟਰ ਦੇ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਮ੍ਰਿਤਕਾ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਆਪਣੀ ਗਰਭਵਤੀ ਪਤਨੀ ਅਮਨਦੀਪ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਇਆ ਸੀ, ਜਿੱਥੇ ਡਾਕਟਰ ਨੇਹਾ ਗਰਗ ਨੇ ਉਸ ਦਾ ਵੱਡਾ ਆਪ੍ਰੇਸ਼ਨ ਕੀਤਾ ਸੀ ਅਤੇ ਲੜਕਾ ਪੈਦਾ ਹੋਇਆ ਸੀ, ਜੋ ਕਿ ਠੀਕ-ਠਾਕ ਹੈ ਪਰ ਆਪ੍ਰੇਸ਼ਨ ਤੋਂ ਬਾਅਦ ਦਰਦ ਕਾਰਨ ਮੇਰੀ ਪਤਨੀ ਦੀ ਹਾਲਤ ਖਰਾਬ ਹੋਣ ਲੱਗੀ ਤਾਂ ਡਾਕਟਰ ਨੇ ਰਾਤ ਨੂੰ ਮੇਰੀ ਪਤਨੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। Malerkotla News
ਇਹ ਵੀ ਪੜ੍ਹੋ: Faridkot Jail: ਜੇਲ੍ਹ ਦੀ ਬਾਹਰਲੀ ਦੀਵਾਰ ਤੋਂ ਫੈਕੇ ਰਾਹੀਂ ਪਾਬੰਦੀਸ਼ੁਦਾ ਸਮਾਨ ਪਹੁੰਚਾਉਣ ਆਏ 4 ਗ੍ਰਿਫਤਾਰ
ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਵਿਖੇ ਮੇਰੀ ਪਤਨੀ ਦੀ ਮੌਤ ਹੋ ਗਈ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਮਾਲੇਰਕੋਟਲਾ ਸਿਵਲ ਹਸਪਤਾਲ ‘ਚ ਆਪ੍ਰੇਸ਼ਨ ਦੌਰਾਨ ਡਾਕਟਰ ਵੱਲੋਂ ਵਰਤੀ ਗਈ ਕਥਿਤ ਅਣਗਹਿਲੀ ਕਾਰਨ ਮੇਰੀ ਪਤਨੀ ਦੀ ਮੌਤ ਹੋਈ ਹੈ। ਮ੍ਰਿਤਕਾ ਦੇ ਪਤੀ ਸਮੇਤ ਸਮੂਹ ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਡਾਕਟਰਾਂ ਦਾ ਬੋਰਡ ਬਣਾਕੇ ਸੀ.ਸੀ.ਟੀ.ਵੀ. ਕੈਮਰਿਆਂ ਸਾਹਮਣੇ ਮ੍ਰਿਤਕਾ ਦਾ ਪੋਸਟਮਾਰਟਮ ਕੀਤਾ ਜਾਵੇ ਅਤੇ ਅਣਗਹਿਲੀ ਵਰਤਣ ਵਾਲੀ ਮਹਿਲਾ ਡਾਕਟਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਤੱਕ ਮਾਮਲੇ ਦੀ ਜਾਂਚ ਚੱਲ ਰਹੀ ਹੈ,ਉਦੋਂ ਤੱਕ ਉਕਤ ਮਹਿਲਾ ਡਾਕਟਰ ਨੇਹਾ ਗਰਗ ਦੇ ਸਿਵਲ ਹਸਪਤਾਲ ‘ਚ ਕੰਮ ਕਰਨ ‘ਤੇ ਰੋਕ ਲਗਾਈ ਜਾਵੇ।
ਮੌਕੇ ‘ਤੇ ਪੁੱਜੇ ਥਾਣਾ ਸਿਟੀ-1 ਦੇ ਐਸ. ਐੱਚ. ਓ. ਸੁਰਿੰਦਰ ਕੁਮਾਰ ਭੱਲਾ ਨੇ ਧਰਨਾਕਾਰੀਆਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੰਦਿਆਂ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਟੱਸ ਤੋਂ ਮੱਸ ਨਾ ਹੋਏ ਧਰਨਾਕਾਰੀ ਆਪਣੀ ਮੰਗ ‘ਤੇ ਅੜੇ ਰਹੇ। ਲੰਮਾਂ ਸਮਾਂ ਜੱਦੋ-ਜਹਿਦ ਤੋਂ ਬਾਅਦ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪੁੱਜੇ ਸਹਾਇਕ ਸਿਵਲ ਸਰਜਨ ਡਾ. ਸੰਜੀਲਾ ਖਾਨ ਨੇ ਧਰਨਾਕਾਰੀਆਂ ਨੂੰ ਇਨਸਾਫ ਦਿੱਤੇ ਜਾਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਡਾਕਟਰਾਂ ਦੇ ਬੋਰਡ ਦੀ ਨਿਗਰਾਨੀ ‘ਚ ਮ੍ਰਿਤਕਾ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਮਾਮਲੇ ਦੀ ਵਿਭਾਗੀ ਜਾਂਚ ਦੌਰਾਨ ਜੇਕਰ ਆਪ੍ਰੇਸ਼ਨ ‘ਚ ਡਾਕਟਰ ਦੀ ਅਣਗਹਿਲੀ ਪਾਈ ਗਈ ਤਾਂ ਉਕਤ ਡਾਕਟਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। Malerkotla News
ਮੇਰੀ ਕੋਈ ਗਲਤੀ ਨਹੀਂ : ਡਾ. ਨੇਹਾ ਗਰਗ
ਇਸ ਮਾਮਲੇ ਸਬੰਧੀ ਜਦੋਂ ਆਪ੍ਰੇਸ਼ਨ ਕਰਨ ਵਾਲੀ ਮਹਿਲਾ ਡਾ. ਨੇਹਾ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਧਰਨਾਕਾਰੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੇਰੀ ਕੋਈ ਗਲਤੀ ਨਹੀਂ ਹੈ, ਨਾ ਹੀ ਮੈਂ ਕੋਈ ਅਣਗਹਿਲੀ ਵਰਤੀ ਹੈ। ਮੇਰੇ ਵੱਲੋਂ ਆਪ੍ਰੇਸ਼ਨ ਬਿਲਕੁਲ ਠੀਕ ਕੀਤਾ ਗਿਆ ਹੈ। ਉਸ ਦੀ ਮੌਤ ਤਾਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਦੌਰਾਨ ਹੋਈ ਹੈ।
ਜਾਂਚ ਦੌਰਾਨ ਜੇ ਅਣਗਹਿਲੀ ਪਾਈ ਗਈ ਤਾਂ ਸਖ਼ਤ ਕਾਰਵਾਈ ਕਰਾਂਗੇ : ਐੱਸ.ਐੱਮ.ਓ. ਡਾ. ਜਗਜੀਤ ਸਿੰਘ
ਇਕ ਮਹਿਲਾ ਦੀ ਹੋਈ ਮੌਤ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਮਲੋਰਕੋਟਲਾ ਦੇ ਐੱਸ.ਐੱਮ.ਓ. ਡਾ. ਜਗਜੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ। ਜਾਂਚ ਦੌਰਾਨ ਜੇਕਰ ਕੋਈ ਵੀ ਅਣਗਹਿਲੀ ਪਾਈ ਗਈ ਤਾਂ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। Malerkotla News