ਕਰਫਿਊ ਬਾਰੇ ਗ਼ਲਤ ਵਟਸਐਪ ਸੁਨੇਹਾ ਭੇਜਣ ਵਾਲੇ ਮਹਿਲਾ ਤੇ ਪੁਰਸ਼ ਗ੍ਰਿਫ਼ਤਾਰ

ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਐਸ.ਐਸ.ਪੀ. ਸਿੱਧੂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਆਪਣੇ ਘਰਾਂ ‘ਚ ਹੀ ਰੱਖਣ ਲਈ 23 ਮਾਰਚ ਨੂੰ ਲਗਾਏ ਗਏ ਕਰਫਿਊ ਦੌਰਾਨ ਪਟਿਆਲਾ ਪੁਲਿਸ ਨੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਸਾਰੇ ਕਰਫਿਊ ਪਾਸ ਰੱਦ ਹੋਣ ਅਤੇ ਲੋਕਾਂ ਨੂੰ ਖੁਰਾਕੀ ਵਸਤਾਂ ਅਤੇ ਦਵਾਈਆਂ ਦੀ ਸਪਲਾਈ ਬੰਦ ਹੋਣ ਬਾਰੇ ਗ਼ਲਤ ਵਟਸਐਪ ਸੁਨੇਹੇ ਭੇਜਣ ਵਾਲੀ ਮਹਿਲਾ ਸਮੇਤ ਇੱਕ ਵਿਅਕਤੀ ਨੂੰ ਨਾਮਜਦ ਕੀਤਾ ਹੈ।
ਥਾਣਾ ਲਾਹੌਰੀ ਗੇਟ ਵਿਖੇ ਆਈ.ਪੀ.ਸੀ. ਦੀ ਧਾਰਾ 188 ਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 52-54 ਤਹਿਤ ਦਰਜ ਕਰਕੇ ਤੇਜਵਿੰਦਰ ਸਿੰਘ ਅਤੇ ਬਲਵੀਰ ਕੌਰ ਵਾਸੀਅਨ ਗੁਰਬਖ਼ਸ਼ ਕਲੋਨੀ ਨੂੰ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ।

ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੁਝ ਜਰੂਰੀ ਵਸਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਸਨ ਪਰੰਤੂ ਸੋਸ਼ਲ ਮੀਡੀਆ ‘ਤੇ ਇਹ ਗ਼ਲਤ ਸੁਨੇਹੇ ਫੈਲ ਰਹੇ ਸਨ ਕਿ ਪ੍ਰਸ਼ਾਸਨ ਵੱਲੋਂ ਜਾਰੀ ਸਾਰੇ ਪਾਸ ਰੱਦ ਕਰ ਦਿੱਤੇ ਗਏ ਹਨ ਅਤੇ ਹੁਣ ਖੁਰਾਕੀ ਵਸਤਾਂ ਅਤੇ ਦਵਾਈਆਂ ਦੀ ਸਪਲਾਈ ਵੀ ਬੰਦ ਹੋ ਗਈ ਹੈ। ਉਨ੍ਹਾਂ ਦੱਸਿਆ ਜਿਸ ਲਈ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਅਜਿਹੇ ਸੁਨੇਹੇ ਵਾਇਰਲ ਕਰਨ ਵਾਲਿਆਂ ਦੀ ਪਛਾਣ ਕਰਕੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।

ਜ਼ਿਲ੍ਹਾ ਮੈਜਿਸਟੇਰਟ ਵੱਲੋਂ ਲਗਾਈ ਗਈ ਧਾਰਾ 144 ਦੀ ਪਾਲਣਾਂ ਕਰਨ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਅਤੇ ਨਾਲ ਹੀ ਕੋਰੋਨਾ ਵਾਇਰਸ ਸਬੰਧੀ ਕੋਈ ਵੀ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਨਾ ਫੈਲਾਉਣ ਬਾਰੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵਾਰ-ਵਾਰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ। ਪਰੰਤੂ ਇਨ੍ਹਾਂ ਦੋਵਾਂ, ਜੋ ਕਿ ਆਪਸ ਵਿੱਚ ਗੁਆਂਢੀ ਵੀ ਹਨ ਨੇ ਕਰਫਿਊ ਦੌਰਾਨ ਗ਼ਲਤ ਵਟਸਐਪ ਸੁਨੇਹੇ ਵਾਇਰਲ ਕੀਤੇ।

ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਗ਼ਲਤ ਮੈਸੇਜ਼ ਵਾਇਰਲ ਕਰਨ ਅਤੇ ਇਸ ਸਬੰਧੀ ਅਫ਼ਵਾਹ ਫੈਲਾਉਣਾ ਕਾਨੂੰਨਨ ਜੁਰਮ ਹੈ, ਜਿਹੜਾ ਵੀ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।