ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਫੜੀ ਗਈ ਸ਼ਰਾਬ ਫੈਕਟਰੀ ਦੇ ਤਾਰ ਕਾਂਗਰਸੀਆਂ ਨਾਲ ਜੁੜੇ

ਹਰਪਾਲ ਚੀਮਾ ਨੇ ਮੁਲਜ਼ਮ ਕਾਂਗਰਸੀ ਆਗੂ ਅਮਰੀਕ ਸਿੰਘ ਦੀਆਂ ਤਸਵੀਰਾਂ ਸੁਨੀਲ ਜਾਖੜ, ਮਦਨ ਲਾਲ ਜਲਾਲਪੁਰ ਅਤੇ ਪ੍ਰਨੀਤ ਕੌਰ ਨਾਲ ਕੀਤੀਆਂ ਜਾਰੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਅਣਅਧਿਕਾਰਤ ਚੱਲ ਰਹੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਸ ਦੇ ਤਾਰ ਕਾਂਗਰਸ ਪਾਰਟੀ ਨਾਲ ਜੁੜਦੇ ਨਜ਼ਰ ਆ ਰਹੇ ਹਨ। ਇੱਧਰ ਸ਼ਰਾਬ ਦੇ ਇਸ ਮਾਮਲੇ ‘ਤੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਗਈ ਹੈ । ਵਿਰੋਧੀ ਧਿਰਾਂ ਨੇ ਇਸ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਨੂੰ ਕਾਂਗਰਸ ਦੀ ਪੁਸ਼ਤਪਨਾਹੀ ਕਰਾਰ ਦੇ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਤਾਂ ਇਸ ਮਾਮਲੇ ‘ਚ ਵੱਡੇ ਖੁਲਾਸੇ ਕਰਦਿਆਂ ਸ਼ਰਾਬ ਫੈਕਟਰੀ ਦੇ ਕਥਿਤ ਮੁੱਖ ਮੁਲਜ਼ਮ ਕਾਂਗਰਸੀ ਆਗੂ ਅਮਰੀਕ ਸਿੰਘ ਦੀਆਂ ਤਸਵੀਰਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਮੁੱਖ ਮੰਤਰੀ ਦੀ ਧਰਮ ਪਤਨੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ ਪੇਸ਼ ਕਰਕੇ ਕਾਂਗਰਸ ਨੂੰ ਬੂਰੀ ਤਰ੍ਹਾਂ ਘੇਰ ਲਿਆ ਹੈ। ਦੱਸਣਯੋਗ ਹੈ ਕਿ ਅਮਰੀਕ ਸਿੰਘ ਦੀ ਪਤਨੀ ਹਲਕਾ ਘਨੌਰ ਦੇ ਸਿਹਰਾ ਜੋਨ ਤੋਂ ਮੌਜੂਦਾ ਸਮੇਂ ਕਾਂਗਰਸ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਵੀ ਹਨ। ਪੁਲਿਸ ਵੱਲੋਂ ਅਮਰੀਕ ਸਿੰਘ ਅਤੇ ਹੋਰਨਾ ਖਿਲਾਫ਼ ਇਸ ਮਾਮਲੇ ‘ਚ ਪਰਚਾ ਦਰਜ਼ ਵੀ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੁਲਿਸ ਵੱਲੋਂ ਹਲਕਾ ਘਨੌਰ ਦੇ ਪਿੰਡ ਗੰਡਿਆ ਕੋਲ ਸਥਿਤ ਕੋਲਡ ਸਟੋਰ ਨੇੜੇ ਸ਼ਰਾਬ ਦੇ ਵੱਡੀ ਪੱਧਰ ‘ਤੇ ਚੱਲ ਰਹੇ ਕਾਰੋਬਾਰ ਨੂੰ ਬੇਪਰਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕਾਂਗਰਸੀ ਆਗੂ ਅਮਰੀਕ ਸਿੰਘ ਸਮੇਤ ਅੱਧੀ ਦਰਜ਼ਨ ਤੋਂ ਵੱਧ ਲੋਕਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਇੱਧਰ ਅੱਜ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕਰਦਿਆਂ ਇਸ ਫੈਕਟਰੀ ਨੂੰ ਕਾਂਗਰਸ ਦੇ ਵੱਡੇ ਆਗੂਆਂ ਦੀ ਫੈਕਟਰੀ ਕਰਾਰ ਦੇ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਏਨਾ ਵੱਡਾ ਕਾਰੋਬਾਰ ਕਿਸੇ ਰਾਜਨੀਤਿਕ ਪੁਸ਼ਤਪਨਾਹੀ ਤੋਂ ਬਿਨਾ ਕੋਈ ਨਹੀਂ ਕਰ ਸਕਦਾ। ਉਨ੍ਹਾਂ ਇਸ ਮਾਮਲੇ ਵਿੱਚ ਐਸਐਸਪੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਕਾਂਗਰਸੀ ਆਗੂ ਅਮਰੀਕ ਸਿੰਘ ਦੀਆਂ ਤਸਵੀਰਾਂ ਕਾਂਗਰਸ ਦੇ ਵੱਡੇ ਆਗੂਆਂ ਨਾਲ ਉਜਾਗਰ ਕੀਤੀਆਂ। ਇੱਕ ਤਸਵੀਰ ‘ਚ ਅਮਰੀਕ ਸਿੰਘ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕਰਦਾ ਨਜ਼ਰ ਆ ਰਿਹਾ ਹੈ।

ਜਦਕਿ ਦੂਜੀ ਤਸਵੀਰ ‘ਚ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਬੈਠਾ ਦਿਖਾਈ ਦੇ ਰਿਹਾ ਹੈ। ਇੱਥੋਂ ਤੱਕ ਕਿ ਉਸ ਦੇ ਨਾਲ ਇੱਕ ਪੁਲਿਸ ਦਾ ਏਐਸਆਈ ਵੀ ਬੈਠਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਇਹ ਕਰਤਾ-ਧਰਤਾ ਘਨੌਰ ਦਾ ਵਿਧਾਇਕ ਹੈ, ਜਿਸ ‘ਤੇ ਪਹਿਲਾਂ ਵੀ ਮਾਈਨਿੰਗ ਆਦਿ ਦੇ ਦੋਸ਼ ਲੱਗ ਚੁੱਕੇ ਹਨ। ਚੀਮਾ ਵੱਲੋਂ ਤੀਜੀ ਤਸਵੀਰ ਪੇਸ਼ ਕਰਦਿਆਂ ਅਮਰੀਕ ਸਿੰਘ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਮਦਨ ਲਾਲ ਜਲਾਲਪੁਰ ਦਾ ਪੁੱਤਰ ਵੀ ਨਾਲ ਖੜ੍ਹਾ ਹੈ। ਚੀਮਾ ਨੇ ਦੋਸ਼ ਲਾਇਆ ਕਿ ਇਹ ਸਾਰੇ ਜਣੇ ਸ਼ਰਾਬ ਦੇ ਇਸ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਇਸ ਮਾਮਲੇ ਦੀ ਵੱਡੀ ਪੱਧਰ ‘ਤੇ ਜਾਂਚ ਹੋਣੀ ਚਾਹੀਦੀ ਹੈ।

 ਇਸ ਸਬੰਧੀ ਉਹ ਅੱਜ ਐਸਐਸਪੀ ਪਟਿਆਲਾ ਨੂੰ ਮੰਗ ਪੱਤਰ ਸੌਂਪ ਕੇ ਇਸ ਮਾਮਲੇ ‘ਤੇ ਜਾਂਚ ਦੀ ਮੰਗ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਲਾਕਡਾਊਨ ਹੋਰ ਕਾਰੋਬਾਰ ਠੱਪ ਹੋ ਗਏ ਤਾਂ ਕਾਂਗਰਸੀ ਆਗੂਆਂ ਨੇ ਸ਼ਰਾਬ ਦੇ ਇਸ ਕਾਰੋਬਾਰ ਨੂੰ ਪਹਿਲ ਦਿੱਤੀ ਤੇ ਇਹ ਫੈਕਟਰੀ ਧੜਾਧੜ ਗੈਰ ਕਾਨੂੰਨੀ ਸ਼ਰਾਬ ਵੰਡਦੀ ਰਹੀ, ਜਿਸ ਦੀ ਹਿੱਸਾ ਪੱਤੀ ਇਨ੍ਹਾਂ ਸਾਰੇ ਕਾਂਗਰਸੀ ਆਗੂਆਂ ਨੂੰ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਨੇੜਲਾ ਸਾਥੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਸ ਸ਼ਰਾਬ ਮਾਫੀਏ ਦੀ ਉੱਚ ਪੱਧਰ ‘ਤੇ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਆਮ ਆਮ ਆਦਮੀ ਪਾਰਟੀ ਦੇ ਹੋਰ ਵੀ ਆਗੂ ਹਾਜਰ ਸਨ।

ਮੇਰਾ ਸ਼ਰਾਬ ਦੇ ਮਾਮਲੇ ਵਿੱਚ ਕੋਈ ਸਬੰਧ ਨਹੀਂ: ਮਦਨ ਲਾਲ ਜਲਾਲਪੁਰ

ਇਸ ਮਾਮਲੇ ਸਬੰਧੀ ਜਦੋਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸਦਾ ਕਿਸੇ ਸ਼ਰਾਬ ਦੀ ਫੈਕਟਰੀ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਦੀ ਪਤਨੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਤੇ ਅਮਰੀਕ ਸਿੰਘ ਨਾਲ ਉਨ੍ਹਾਂ ਦਾ ਸਹਿਚਾਰ ਹੈ। ਜਦੋਂ ਉਨ੍ਹਾਂ ਤੋਂ ਅਮਰੀਕ ਸਿੰਘ ‘ਤੇ ਪਰਚੇ ਦਰਜ਼ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਵੀ ਜਾਂਚ ਕਰਵਾਉਣਗੇ। ਜੇਕਰ ਉਹ ਦੋਸ਼ੀ ਹੋਇਆ ਤਾਂ ਉਸ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਕਿਸੇ ਸ਼ਰਾਬ ਦੇ ਮਾਮਲੇ ਵਿੱਚ ਕੋਈ ਸਬੰਧ ਨਹੀਂ ਹੈ।

ਇਨ੍ਹਾਂ ਖਿਲਾਫ਼ ਹੋਇਆ ਮਾਮਲਾ ਦਰਜ਼

ਪੁਲਿਸ ਵੱਲੋਂ ਇਸ ਜਾਅਲੀ ਸ਼ਰਾਬ ਦੇ ਮਾਮਲੇ ‘ਚ ਦੀਪੇਸ਼ ਕੁਮਾਰ ਵਾਸੀ ਰਾਜਪੁਰਾ, ਹਰਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਥੂਹਾ, ਬਚੀ ਪੁੱਤਰ ਨਾ-ਮਾਲੂਮ, ਅਮਰੀਕ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਖਾਨਪੁਰ ਖੁਰਦ, ਅਮਿਤ ਕੁਮਾਰ ਪੁੱਤਰ ਧਰਮਪਾਲ ਸਿੰਘ ਵਾਸੀ ਕੁਰਿਆਨਾ ਜਿਲ੍ਹਾ ਲਖੀਮਪੁਰ ਖੀਰੀ ਯੂ. ਪੀ. ਹਾਲ ਰਾਜਪੁਰਾ ਤੇ ਕੁਝ ਹੋਰ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਮੌਕੇ ਖੁਦ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਪੁੱਜੇ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।