ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਨੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਕੀਤੀ ਵਿਸ਼ੇਸ਼ ਮੀਟਿੰਗ
Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੀ ਮੀਟਿੰਗ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮੌਜੂਦ ਰਹੇ। ਮੀਟਿੰਗ ਦੌਰਾਨ ਪੰਜਾਬ ਭਰ ਦੇ ਘੱਟ ਗਿਣਤੀਆਂ ਨੂੰ ਪੇਸ਼ ਆਉਣ ਵਾਲੀਆਂ ਪਰੇਸ਼ਾਨੀਆਂ ਦੇ ਬਾਰੇ ਚੇਅਰਮੈਨ ਸਲਮਾਨੀ ਅਤੇ ਸ਼ਾਹੀ ਇਮਾਮ ਪੰਜਾਬ ਨੇ ਖੁੱਲ੍ਹ ਕੇ ਗੱਲਬਾਤ ਕੀਤੀ।
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਲੁਧਿਆਣਾ ਦੇ ਮੁਸਲਮਾਨਾਂ ਦੀ ਪੁਰਾਣੀ ਮੰਗ ਲਿਖਤੀ ਰੂਪ ’ਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਦਿੰਦਿਆਂ ਸ਼ਹਿਰ ਵਿੱਚ ਈਦਗਾਹ ਅਤੇ ਮੁਸਲਿਮ ਕਮਿਊਨਿਟੀ ਸੈਂਟਰ ਬਣਾਉਣ ਲਈ ਪੰਜਾਬ ਸਰਕਾਰ ਤੋਂ ਫੌਰੀ ਤੌਰ ’ਤੇ ਜਗ੍ਹਾ ਅਤੇ ਫੰਡ ਮੁਹੱਈਆ ਕਰਵਾਉਣ ਦੀ ਮੰਗ ਰੱਖੀ। ਸ਼ਾਹੀ ਇਮਾਮ ਨੇ ਘੱਟ ਗਿਣਤੀਆਂ ਨਾਲ ਸਬੰਧ ਰੱਖਣ ਵਾਲੇ ਬੱਚਿਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਭਰ ਦੇ ਬੱਚਿਆਂ ਨੂੰ ਜਾਤੀ ਪ੍ਰਮਾਣ ਪੱਤਰ, ਸੂਬੇ ਭਰ ’ਚ ਆਏ ਦਿਨ ਕਬਰਸਤਾਨਾਂ ’ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਦੇ ਸੰਬੰਧ ਵਿੱਚ ਵੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ: World Oldest Person: ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਟੋਮੀਕੋ ਝਟੂਕਾ ਦਾ ਦੇਹਾਂਤ
ਚੇਅਰਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਘੱਟ ਗਿਣਤੀ ਕਮਿਸ਼ਨ ਲਗਾਤਾਰ ਘੱਟ ਗਿਣਤੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਘੱਟ ਗਿਣਤੀਆਂ ਦੇ ਨਾਲ ਸਬੰਧਿਤ ਸਿੱਖਿਆ ਸੰਸਥਾਨਾਂ ਨੂੰ ਘੱਟ ਗਿਣਤੀ ਦਾ ਦਰਜਾ ਦੇ ਕੇ ਵਿਸ਼ੇਸ਼ ਸਹੂਲਤਾਂ ਦੇਣ ਲਈ ਵਿਸ਼ੇਸ਼ ਤੌਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਦਰੱਸਿਆਂ ਵਿੱਚ ਪ੍ਰਾਇਮਰੀ ਸਿੱਖਿਆ ਦੇ ਅਧਿਆਪਕ ਵੀ ਪੰਜਾਬ ਸਰਕਾਰ ਵੱਲੋਂ ਉਪਲੱਬਧ ਕਰਵਾਏ ਜਾਣਗੇ। ਲੁਧਿਆਣਾ ਸ਼ਹਿਰ ਅਤੇ ਪੰਜਾਬ ਭਰ ਦੀਆਂ ਜੋ ਵੀ ਮੰਗਾਂ ਪੰਜਾਬ ਦੇ ਮੁਸਲਮਾਨਾਂ ਦੇ ਧਾਰਮਿਕ ਆਗੂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਵੱਲੋਂ ਰੱਖੀਆਂ ਗਈਆਂ ਹਨ ਉਹ ਉਹਨਾਂ ਨੂੰ ਲੈ ਕੇ ਜਲਦ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਇਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। Ludhiana News