ਕਿਸ ਨੇ ਕੀਤਾ ਲੁਧਿਆਣਾ ‘ਚ ਰਿਕਸ਼ਾ ਚਾਲਕ ਦਾ ਬੇਰਹਿਮੀ ਨਾਲ ਕਤਲ, ਹੋਇਆ ਵੱਡਾ ਖੁਲਾਸਾ

Ludhiana News
ਲੁਧਿਆਣਾ ਪੁਲਿਸ ਰਿਕਸ਼ਾ ਚਾਲਕ ਦੇ ਕਤਲ ’ਚ ਗ੍ਰਿਫ਼ਤਾਰ ਵਿਅਕਤੀ ਸਬੰਧੀ ਜਾਣਕਾਰੀ ਦੇਣ ਸਮੇਂ। 

ਪੁਲਿਸ ਨੇ ਤਿੰਨ ਘੰਟਿਆਂ ’ਚ ਮਾਮਲਾ ਸੁਲਝਾਉਂਦਿਆਂ ਕਾਤਲ ਨੂੰ ਕੀਤਾ ਗ੍ਰਿਫਤਾਰ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਬੁੱਧਵਾਰ–ਵੀਰਵਾਰ ਦੀ ਦਰਮਿਆਨੀ ਰਾਤ ਹੋਏ ਕਤਲ ਦੇ ਮਾਮਲੇ ਨੂੰ ਪੁਲਿਸ ਨੇ 3 ਘੰਟਿਆਂ ’ਚ ਸੁਲਝਾ ਲੈਣ ਦਾ ਦਾਅਵਾ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਵਿਅਕਤੀ ’ਤੇ ਪਹਿਲਾਂ ਵੀ ਕਤਲ ਦਾ ਇੱਕ ਮਾਮਲਾ ਦਰਜ਼ ਹੈ। (Ludhiana News)

ਜਾਣਕਾਰੀ ਦਿੰਦਿਆਂ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਵੀਰਵਾਰ ਸਵੇਰ ਸਮੇਂ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਬੱਸ ਸਟੈਂਡ ਲਾਗੇ ਇੱਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ। ਜਾਣਕਾਰੀ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤਾ ਸੀ ਅਤੇ ਮਾਮਲੇ ’ਚ ਜਾਂਚ ਆਰੰਭ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਕਤਲ ਦੇ ਉਕਤ ਮਾਮਲੇ ਨੂੰ ਪੁਲਿਸ ਨੇ ਮੁੱਖ ਅਫ਼ਸਰ ਥਾਣਾ ਡਵੀਜਨ ਨੰਬਰ- 5 ਦੀ ਅਗਵਾਈ ’ਚ ਸਿਰਫ਼ 3 ਘੰਟਿਆਂ ’ਚ ਹੱਲ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। (Ludhiana News)

ਮੁਢਲੀ ਪੁੱਛਗਿੱਛ ਦੌਰਾਨ ਮੰਨਿਆ

ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਪੱਪੂ ਮੰਡਲ ਵਜੋਂ ਹੋਈ ਸੀ ਜੋ ਰਾਤ ਨੂੰ ਬੱਸ ਸਟੈਂਡ ਤੋਂ ਭਾਰਤ ਨਗਰ ਚੌਂਕ ਵਿਚਕਾਰ ਦੁਕਾਨਾਂ ਦੇ ਅੱਗੇ ਸੌ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪੱਪੂ ਮੰਡਲ ਦਾ ਕਤਲ ਗੁਰਵਿੰਦਰ ਸਿੰਘ ਵਾਸੀ ਖਾਨਾਬਦੋਸ ਨੇ ਕੀਤਾ ਹੈ। ਜਿਸ ਨੇ ਗ੍ਰਿਫ਼ਤਾਰੀ ਉਪਰੰਤ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਦੀ ਆਪਸ ’ਚ ਇੱਕ ਸੌ ਰੁਪਏ ਦੇ ਦੇਣ- ਲੈਣ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਦੌਰਾਨ ਗੁਰਵਿੰਦਰ ਸਿੰਘ ਨੇ ਪੱਪੂ ਮੰਡਲ ਦੇ ਸਿਰ ਵਿੱਚ ਰੋੜਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

Also Read : ਦਿੱਲੀ ’ਚ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਪ ਦੇ ਵਰਕਰ ਲਏ ਹਿਰਾਸਤ ’ਚ

ਉਨ੍ਹਾਂ ਇਹ ਵੀ ਦੱਸਿਆ ਕਿ ਪੱਪੂ ਤੇ ਗੁਰਵਿੰਦਰ ਕੂੜਾ ਇਕੱਠਾ ਕਰਨ ਦਾ ਕੰਮ ਕਰਨ ਕਰਕੇ ਇੱਕ- ਦੂਜੇ ਨੂੰ ਜਾਣਦੇ ਸਨ। ਪੁਲਿਸ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਿਆ ਰੋੜਾ ਵੀ ਬਰਾਮਦ ਕਰ ਲਿਆ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਤੇ ਐੱਸਐੱਚਓ ਜਗਜੀਤ ਸਿੰਘ ਤੇ ਪੁਲਿਸ ਪਾਰਟੀ ਮੌਜੂਦ ਸੀ।