ਆਂਢੀ ਗੁਆਂਢੀ ਕਿਸਾਨ ਫ਼ਿਕਰਮੰਦ
ਸਤੀਸ਼ ਜੈਨ,ਰਾਮਾਂ ਮੰਡੀ:ਰਾਮਾਂ ਮੰਡੀ ਦੇ ਇੱਕ ਕਿਸਾਨ ਦੀ 2 ਕਨਾਲਾਂ ਵਿੱਚ ਬੀਜੀ ਹੋਈ ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਦਾ ਹਮਲਾ ਹੋਣ ਦੀ ਖ਼ਬਰ ਹੈ ਜਿਸ ਨਾਲ ਆਂਢੀ ਗੁਆਂਢੀ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਹੈ।
ਪਿੰਡ ਵਾਸੀ ਚੇਤ ਸਿੰਘ ਪੁੱਤਰ ਭੂਰਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਕੁੱਝ ਜ਼ਮੀਨ ਵਿੱਚ ਨਰਮਾ ਸੁਪਰ ਸੀਡ 971 ਰਾਮਾਂ ਮੰਡੀ ਤੋਂ ਹੀ ਬੀਜ ਖਰੀਦ ਕੇ ਬੀਜਿਆ ਸੀ ਪਰ ਕੁੱਝ ਦਿਨ ਪਹਿਲਾਂ ਹੀ ਉਸਦੇ ਖੇਤ ਵਿੱਚ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਜਿਸ ਨਾਲ ਨਰਮੇ ਦੇ ਬੂਟਿਆਂ ਦੇ ਪੱਤੇ ਸੁੰਗੜਨੇ ਸ਼ੁਰੂ ਹੋ ਗਏ
ਚਿੱਟੀ ਮੱਖੀ ਦੇ ਹਮਲੇ ਨਾਲ ਪੱਤੇ ਕਾਲੇ ਪੈਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਝਾੜ ਤਾਂ ਦੂਰ ਦੀ ਗੱਲ ਨਰਮੇ ਦੀ ਫਸਲ ਦਾ ਬਚਣਾ ਵੀ ਮੁਸ਼ਕਲ ਜਾਪਦਾ ਹੈ। ਇਸ ਸਬੰਧੀ ਉਸਨੇ ਖੇਤੀਬਾੜੀ ਵਿਭਾਗ ਨੂੰ ਵੀ ਸੂਚਨਾ ਦਿੱਤੀ ਅਤੇ ਖੇਤੀ ਮਾਹਿਰਾਂ ਮੁਤਾਬਿਕ ਉਸਨੇ ਲੱਗਭੱਗ ਤਿੰਨ ਸਪਰੇਆਂ ਕੀਤੀਆਂ ਪਰ ਚਿੱਟੀ ਮੱਖੀ ਦਾ ਖ਼ਾਤਮਾ ਤਾਂ ਕੀ ਹੋਣਾ ਸੀ ਸਗੋਂ ਇਸਦਾ ਹਮਲਾ ਪਹਿਲਾਂ ਨਾਲੋਂ ਵੀ ਵੱਧ ਗਿਆ।
ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਵੀ ਨਹੀਂ ਆਈਆਂ ਕੰਮ
ਕਿਸਾਨ ਨੇ ਇਹ ਵੀ ਦੱਸਿਆ ਕਿ ਇਸ ਖੇਤ ਤੋਂ ਇਲਾਵਾ ਉਸਨੇ ਦੂਜੇ ਖੇਤਾਂ ਵਿੱਚ 773 ਅਤੇ 6588 ਬੀਟੀ ਬੀਜ ਬੀਜਿਆ ਸੀ ਉਸ ‘ਤੇ ਹਾਲੇ ਤੱਕ ਚਿੱਟੀ ਮੱਖੀ ਦਾ ਕੋਈ ਹਮਲਾ ਵੇਖਣ ਨੂੰ ਨਹੀਂ ਮਿਲਿਆ ਪਰ ਉਕਤ ਖੇਤ ਵਿੱਚ ਚਿੱਟੀ ਮੱਖੀ ਦੇ ਹਮਲੇ ਤੋਂ ਪ੍ਰੇਸ਼ਾਨ ਕਿਸਾਨ ਨੇ ਦੱਸਿਆ ਕਿ ਹੁਣ ਉਸ ਨੂੰ ਅਤੇ ਆਂਢੀ ਗੁਆਂਢੀ ਕਿਸਾਨਾਂ ਨੂੰ ਇਹ ਫ਼ਿਕਰ ਸਤਾ ਰਿਹਾ ਹੈ ਕਿ ਜੇਕਰ ਇੱਕ ਖੇਤ ਵਿੱਚ ਚਿੱਟੀ ਮੱਖੀ ਦਾ ਹਮਲਾ ਹੋ ਸਕਦਾ ਹੈ ਤਾਂ ਦੂਜੇ ਖੇਤ ਵੀ ਇਸ ਦੀ ਚਪੇਟ ਵਿੱਚ ਆ ਸਕਦੇ ਹਨ। ਕਿਸਾਨ ਚੇਤ ਸਿੰਘ ਅਤੇ ਹੋਰ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਸਮਾਂ ਰਹਿੰਦਿਆਂ ਹੀ ਵਿਭਾਗ ਵੱਲੋਂ ਇਸ ਸਬੰਧ ਵਿੱਚ ਉਚੇਚੇ ਕਦਮ ਚੁੱਕੇ ਜਾਣ ਤਾਂ ਜੋ ਇਹ ਬਿਮਾਰੀ ਫੈਲਣ ਤੋਂ ਪਹਿਲਾਂ ਹੀ ਕਾਬੂ ਕੀਤੀ ਜਾ ਸਕੇ।
ਜਲਦ ਕਾਬੂ ਆ ਜਾਵੇਗੀ ਬਿਮਾਰੀ
ਇਸ ਸਬੰਧ ਵਿੱਚ ਖੇਤੀਬਾੜੀ ਵਿਭਾਗ ਦੇ ਏਡੀਓ ਬਲੌਰ ਸਿੰਘ ਨੇ ਦੱਸਿਆ ਕਿ ਉਕਤ ਕਿਸਾਨ ਦੀ ਸ਼ਿਕਾਇਤ ਤੋਂ ਬਾਅਦ ਉਹ ਖੁਦ ਮੌਕਾ ਵੇਖਣ ਲਈ ਗਏ ਸਨ ਅਤੇ ਪਤਾ ਲੱਗਾ ਕਿ ਕਿਸਾਨ ਨੇ ਨਰਮੇ ਦੇ ਨਾਲ ਹੀ ਜਵਾਰ ਅਤੇ ਭਿੰਡੀ ਦੀ ਫਸਲ ਬੀਜੀ ਹੋਈ ਹੈ ਜਿਸ ‘ਤੇ ਚਿੱਟੀ ਮੱਖੀ ਦਾ ਹਮਲਾ ਪਹਿਲ ਦੇ ਅਧਾਰ ‘ਤੇ ਹੁੰਦਾ ਹੈ ਅਤੇ ਇਸ ਕਾਰਨ ਹੀ ਨਰਮੇ ਦੀ ਫਸਲ ਵੀ ਚਿੱਟੀ ਮੱਖੀ ਦੀ ਚਪੇਟ ਵਿੱਚ ਆਈ ਹੈ । ਉਨ੍ਹਾ ਦੱਸਿਆ ਕਿ ਕਿਸਾਨ ਤੋਂ ਸਹੀ ਮਾਤਰਾ ਵਿੱਚ ਕੀਟਨਾਸ਼ਕ ਛਿੜਕਵਾ ਦਿੱਤੇ ਗਏ ਹਨ ਜਿਸ ਨਾਲ ਜਲਦੀ ਹੀ ਇਹ ਬਿਮਾਰੀ ਕਾਬੂ ਵਿੱਚ ਆ ਜਾਵੇਗੀ।