ਕੋਰੋਨਾ ਸੰਕਟ ਦੇ ਚੱਲਦਿਆਂ ਬਰਫ਼ ਤੇ ਖੰਡ ਰਹਿਤ
ਉਨ੍ਹਾਂ ਚਾਰਾਂ ਦੀ ਦੋਸਤੀ ਹੈ। ਚਾਰਾਂ ਨੇ ਰਲ ਕੇ ‘ਨਾਲੇ ਪੁੰਨ ਨਾਲੇ ਫਲੀਆਂ’ ਵਾਲਾ ਕੰਮ ਸ਼ੁਰੂ ਕਰ ਲਿਆ ਹੈ। ਚਾਰੇ ਮੋਗਾ ਜਿਲ੍ਹੇ ਨਾਲ ਸਬੰਧਿਤ ਹਨ। ਤਿੰਨ ਮਾਸਟਰ ਅਤੇ ਚੌਥਾ ਪੜਿ੍ਹਆ-ਲਿਖਿਆ ਕਾਰੋਬਾਰੀ ਨੌਜਵਾਨ ਹੈ। ਸਕੂਲ ਵਿੱਚ ਬੱਚਿਆਂ ਦੀ ਅਣਹੋਂਦ ਤੋਂ ਤੰਗ, ਇੱਕ ਤਰ੍ਹਾਂ ਦਾ ਵਿਹਲਾਪਣ ਜਿਹਾ ਉਨ੍ਹਾਂ ਹਿੰਮਤੀਆਂ ਨੂੰ ਅਕਾ ਤੇ ਥਕਾ ਰਿਹਾ ਸੀ। ਇੱਕ ਦਿਨ ਚਹੁੰਆਂ ਨੇ ਰਲ ਕੇ ਕੋਰੋਨਾ ਸੰਕਟ ਕਾਰਨ ਪੈਦਾ ਹੋਏ ਖਲਾਅ ਨੂੰ ਭਰਨ ਲਈ ਕੋਈ ਕੰਮ ਵਿੱਢਣ ਦਾ ਮਨ ਬਣਾਇਆ। ਚਹੁੰਆਂ ਦੇ ਮਨ ’ਚ ਇਹ ਵੀ ਪੱਕਾ ਸੀ ਕਿ ਕੰਮ ਸਾਫ਼-ਸੁਥਰਾ ਤੇ ਵਿਲੱਖਣ ਹੋਵੇ।
ਫਿਰ ਉਨ੍ਹਾਂ ਨੇ ਫਿਰੋਜ਼ਪੁਰ-ਮੋਗਾ ਰੋਡ ਉੱਪਰ ਡਗਰੂ ਸਟੇਸ਼ਨ ਦੇ ਨਜਦੀਕ ਤੇ ਨਿਧਾਂ ਵਾਲੇ ਮੋੜ ਦੇ ਸਾਹਮਣੇ ਆਪਣੀ ਹੀ ਜ਼ਮੀਨ ਵਿੱਚ ਆਰਗੈਨਿਕ ਗੰਨੇ ਦੇ ਜੂਸ ਦੀ ਦੁਕਾਨ ਖੋਲ੍ਹ ਕੇ ਖੂਬਸੂਰਤ ਕੰਮ ਤੋਂ ਖੂਬਸੂਰਤ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਕੰਮ ਦੀ ਖੂਬਸੂਰਤੀ ਇਸ ਗੱਲ ਵਿੱਚ ਵੀ ਹੈ ਕਿ ਬਰਫ਼ ਤੇ ਖੰਡ ਰਹਿਤ ਜੂਸ ਲੋਕਾਂ ਦੀ ਸਿਹਤ ਲਈ ਵਧੇਰੇ ਲਾਭਦਾਇਕ ਮੰਨਿਆ ਜਾਂਦਾ ਹੈ। ਇਸੇ ਕਰਕੇ ਪਾੜਿ੍ਹਆਂ ਦੇ ‘ਮਾਸਟਰ ਆਰਗੈਨਿਕ ਸ਼ੂਗਰਕੇਨ ਜੂਸ’ ਦੀ ਦੁਕਾਨ ਦੇ ਚਰਚੇ ਦੂਰ-ਦੁਰਾਡੇ ਤੱਕ ਹੋਣ ਲੱਗੇ ਹਨ। ਹੁਣ ਸਕੂਲ ਡਿਊਟੀ ਦੇਣ ਮਗਰੋਂ ਉਹ ਤਿੰਨੋ ਆਪਣੇ ਚੌਥੇ ਦੋਸਤ ਨਾਲ ਰਲ ਕੇ ਆਰਗੈਨਿਕ ਜੂਸ ਸੇਲ ਕਰਨ ਵਿੱਚ ਰੁੱਝੇ ਰਹਿੰਦੇ ਹਨ। ਜਿੱਥੇ ਚਾਰੇ ਦੋਸਤ ਕੋਰੋਨਾ ਸੰਕਟ ਦੇ ਚੱਲਦਿਆਂ ਲੋਕਾਂ ਨੂੰ ਬਿਹਤਰ ਤੇ ਪਾਏਦਾਰ ਜੂਸ ਵੇਚ ਕੇ ਰੋਗਾਂ ਤੋਂ ਰਿਸ਼ਟ-ਪੁਸ਼ਟ ਰੱਖ ਰਹੇ ਹਨ, ਉੱਥੇ ਹੀ ਨੌਜਵਾਨਾਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਵੀ ਦੇ ਰਹੇ ਹਨ।
ਜਦੋਂ ਮਾਸਟਰ ਜਤਿੰਦਰ ਸਿੰਘ, ਰਾਜਵਿੰਦਰ ਸਿੰਘ ਉਰਫ ਰਾਜ ਕੋਰੇਵਾਲਾ, ਮਾਸਟਰ ਗੁਰਭਿੰਦਰ ਸਿੰਘ ਤੇ ਮਾਸਟਰ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ ਪੈਸਾ ਨਹੀਂ, ਸਾਡੀ ਸੋਚ ਚੰਗਾ, ਵਜ਼ਨਦਾਰ, ਖੂਬਸੂਰਤ ਕਾਰਜ ਕਰਦਿਆਂ ਰੂਹ ਨੂੰ ਸਕੂਨ ਦੇਣ ਦੇ ਨਾਲ-ਨਾਲ ਜਿੰਦਗੀ ਦੀ ਪੱਟੜੀ ’ਤੇ ਚੱਲਦੀ ਸਾਹਾਂ ਦੀ ਗੱਡੀ ਨੂੰ ਤੁਰਦੀ ਰੱਖਣ ਵਿਚ ਹੈ। ਇੱਥੇ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਅਸੀਂ ਅੱਜ ਦੇ ਭਿਆਨਕ ਦੌਰ ਦੇ ਚੱਲਦਿਆਂ ਲੋਕਾਂ ਨੂੰ ਸਾਫ-ਸੁਥਰੇ ਆਰਗੈਨਿਕ ਜੂਸ ਪਿਲਾ ਰਹੇ ਹਾਂ। ਅੱਜ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਲਈ ਸਾਨੂੰ ਬਰਫ਼ ਤੇ ਖੰਡ ਦਾ ਇਸਤੇਮਾਲ ਹਰ ਹੀਲੇ ਘੱਟ ਕਰਨਾ ਪਵੇਗਾ।
ਇਹੀ ਸੋਚ ਲੈ ਕੇ ਅਸੀਂ ਲੋਕਾਂ ਨੂੰ ਗੰਨੇ ਦਾ ਜੂਸ ਬਰਫ਼ ਤੇ ਖੰਡ ਰਹਿਤ ਦੇ ਰਹੇ ਹਾਂ। ਸਾਡੇ ਇਸ ਉਪਰਾਲੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਤੇ ਹੁਲਾਰਾ ਮਿਲ ਰਿਹਾ ਹੈ। ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦਿਆਂ ਅਸੀਂ ਸਭ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ।ਉਨ੍ਹਾਂ ਇਹ ਵੀ ਦੱਸਿਆ ਕਿ ਆਰਗੈਨਿਕ ਗੰਨੇ ਦੇ ਜੂਸ ਦੇ ਨਾਲ-ਨਾਲ ਸਾਡੇ ਵੱਲੋਂ ਤਿਆਰ ਕੀਤਾ ਜਾਂਦਾ ਮੈਂਗੋ ਕੇਨ, ਬਨਾਨਾ ਕੇਨ ਅਤੇ ਚੀਕੂ ਕੇਨ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸਾਰਾ ਦਿਨ ਲੋਕ ਜਿੱਥੇ ਗੰਨੇ ਦਾ ਜੂਸ ਖੁਦ ਪੀਂਦੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਘਰ ਲੈ ਕੇ ਜਾਂਦੇ ਹਨ, ਉੱਥੇ ਹੀ ਉਕਤ ਤਿੰਨੇ ‘ਕੇਨ’ ਵੀ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਨ।
ਚੰਗੀ ਸੋਚ ਨੂੰ ਪ੍ਰਣਾਏ ਇਨ੍ਹਾਂ ਨੌਜਵਾਨਾਂ ਵੱਲੋਂ ਮਿਲਾਵਟ ਰਹਿਤ ਆਰਗੈਨਿਕ ਆਟਾ, ਬਾਸਮਤੀ ਚਾਵਲ, ਸਰ੍ਹੋਂ ਦਾ ਤੇਲ ਤੇ ਵੱਖ- ਵੱਖ ਤਰ੍ਹਾਂ ਦੀਆਂ ਦਾਲਾਂ ਵੀ ਲੋਕਾਂ ਨੂੰ ਵਾਜਿਬ ਰੇਟ ਉੱਪਰ ਦਿੱਤੀਆਂ ਜਾ ਰਹੀਆਂ ਹਨ। ਇੱਥੇ ਕੁਝ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਕਤ ਨੌਜਵਾਨ ਪੜ੍ਹੇ-ਲਿਖੇ ਤੇ ਲੋਕਾਂ ਦੇ ਦੁੱਖ-ਤਕਲੀਫਾਂ ਨੂੰ ਮਹਿਸੂਸ ਕਰਨ ਦੀ ਸੋਝੀ ਰੱਖਦੇ ਹੋਣ ਕਰਕੇ, ਇਮਾਨਦਾਰੀ ਦਾ ਪੱਲਾ ਫੜ ਕੇ ਮਿਲਾਵਟ ਤੋਂ ਬਗੈਰ ਚੰਗੀ ਤੇ ਖਾਲਸ ਚੀਜ ਵੇਚ ਕੇ ਲੋਕਾਂ ਦੀਆਂ ਦੁਆਵਾਂ ਬਟੋਰ ਰਹੇ ਹਨ, ਕਿਉਂਕਿ ਹਰ ਪਾਸੇ ਬੇਈਮਾਨੀ ਤੇ ਮਿਲਾਵਟਖੋਰੀ ਦਾ ਮਹਿੰਗਾ ਸਮਾਜ ਪੈਦਾ ਹੋ ਗਿਆ ਹੈ।
ਉਕਤ ਸਾਰੀ ਕਹਾਣੀ ’ਚੋਂ ਇਹ ਸੱਚਾਈ ਨਿੱਕਲ ਕੇ ਸਾਹਮਣੇ ਆਉਂਦੀ ਹੈ ਕਿ ਕੋਵਿਡ-19 ਦੀ ਦਸਤਕ ਨੇ ਜਿੱਥੇ ਲੋਕਾਂ ਨੂੰ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣ ਵੱਲ ਮੋੜਿਆ ਹੈ, ਉੱਥੇ ਹੀ ਵਿਹਲੇਪਣ ਤੋਂ ਤੰਗ ਲੋਕ ਵਿਅਸਤ ਹੋਣ ਵਿਚ ਯਕੀਨ ਰੱਖਣ ਲੱਗੇ ਹਨ। ਕੋਰੋਨਾ ਮਹਾਂਮਾਰੀ ਨੇ ਲੋਕਾਂ ਨੂੰ ਆਰਗੈਨਿਕ ਚੀਜਾਂ ਦੀ ਅਹਿਮੀਅਤ ਦੱਸ ਦਿੱਤੀ ਹੈ। ਫਰਿੱਜ ਦਾ ਪਾਣੀ ਪੀਣ ਦੇ ਸ਼ੌਕੀਨ ਘੜਿਆਂ ਦਾ ਪਾਣੀ ’ਤੇ ਮਾਣ ਮਹਿਸੂਸ ਕਰਨ ਲੱਗੇ ਹਨ। ਇਸੇ ਕਰਕੇ ਉਕਤ ਨੌਜਵਾਨਾਂ ਦੇ ‘ਮਾਸਟਰ ਆਰਗੈਨਿਕ ਸ਼ੂਗਰਕੇਨ ਜੂਸ’ ਦਾ ਦੂਰ-ਦੁਰਾਡੇ ਤੱਕ ਜ਼ਿਰ ਛਿੜ ਪਿਆ ਹੈ।ਬੇਅੰਤ ਗਿੱਲ ਭਲੂਰ, ਭਲੂਰ (ਮੋਗਾ)ਮੋ. 99143-81958
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।