ਔਰਤਾਂ ’ਚ ਮਾਨਸਿਕ ਰੋਗ

ਔਰਤਾਂ ’ਚ ਮਾਨਸਿਕ ਰੋਗ

ਦਿਮਾਗੀ ਬਿਮਾਰੀਆਂ ਦਾ ਜ਼ਿਆਦਾਤਰ ਸੰਬੰਧ ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ਨਾਲ ਹੁੰਦਾ ਹੈ। ਇਹ ਘਟਨਾਵਾਂ ਕਿਸੇ ਇਨਸਾਨ ਦੇ ਦਿਲੋ-ਦਿਮਾਗ ’ਤੇ ਬਹੁਤ ਗਹਿਰਾ ਅਸਰ ਛੱਡ ਜਾਂਦੀਆਂ ਹਨ। ਕਿਉਂਕਿ ਜਿੰਦਗੀ ਹੈ ਤਾਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹੀ ਹਨ। ਇਨ੍ਹਾਂ ਘਟਨਾਵਾਂ ਦੇ ਸਿੱਟੇ ਵਜੋਂ ਸਾਨੂੰ ਗੁੱਸਾ, ਪਿਆਰ, ਖੁਸ਼ੀ, ਗਮੀ ਆਦਿ ਭਾਵਨਾਵਾਂ ਦਾ ਪ੍ਰਗਟਾਵਾ ਹੋਣਾ ਇੱਕ ਕੁਦਰਤੀ ਗੱਲ ਹੈ। ਇਹ ਭਾਵਨਾਵਾਂ ਇਨਸਾਨ ਨੂੰ ਇਨਸਾਨੀ ਹੋਂਦ ਦਾ ਅਹਿਸਾਸ ਕਰਾਉਂਦੀਆਂ ਹਨ।ਪਰ ਜਦੋਂ ਕੋਈ ਉਦਾਸੀ ਵਰਗੀ ਭਾਵਨਾ ਜ਼ਿਆਦਾ ਦੇਰ ਲਈ ਜ਼ਿੰਦਗੀ ਵਿਚ ਘਰ ਕਰ ਲਵੇ ਤਾਂ ਉਹ ਕਿਸੇ ਦਿਮਾਗੀ ਬਿਮਾਰੀ ਦਾ ਸੂਚਕ ਬਣ ਜਾਂਦੀ ਹੈ। ਅੱਜ ਦੇ ਜਮਾਨੇ ਵਿਚ ਮਾਨਸਿਕ ਰੋਗ ਬਹੁਤ ਜ਼ਿਆਦਾ ਵਧ ਰਹੇ ਹਨ।

ਔਰਤਾਂ ਵਿਚ ਇਹ ਰੋਗ ਮਰਦਾਂ ਨਾਲੋਂ ਦੁੱਗਣੀ ਗਿਣਤੀ ਵਿੱਚ ਸਾਹਮਣੇ ਆ ਰਿਹਾ ਹੈ। ਔਰਤਾਂ ਵਿਚ ਇਨ੍ਹਾਂ ਰੋਗਾਂ ਦੇ ਬਹੁਤ ਸਾਰੇ ਕਾਰਨ ਵੀ ਉਨ੍ਹਾਂ ਦੇ ਸਰੀਰਕ ਤੇ ਹਾਰਮੋਨਲ ਬਦਲਾਵਾਂ ਨਾਲ ਜੁੜੇ ਹੋਏ ਹਨ। ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਹਾਰਮੋਨਲ ਬਦਲਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਘੁਟਣ ਵਾਲੇ ਮਾਹੌਲ ਵਿੱਚ ਰਹਿੰਦੀਆਂ ਹਨ। ਔਰਤਾਂ ਦੇ ਅੰਦਰ ਇਸਟਰੋਜਨ ਨਾਂਅ ਦੇ ਹਾਰਮੋਨਾਂ ਦੇ ਉਤਾਰ-ਚੜ੍ਹਾਅ ਕਾਰਨ ਸਰੀਰਕ ਤੇ ਮਾਨਸਿਕ ਬਦਲਾਅ ਆਉਂਦੇ ਹਨ। ਔਰਤਾਂ ਵਿਚ ਮਾਨਸਿਕ ਰੋਗਾਂ ਦਾ ਇਹ ਸਭ ਤੋਂ ਵੱਡਾ ਕਾਰਨ ਹੈ।

ਇਸ ਤੋਂ ਇਲਾਵਾ ਦੁਰਵਿਹਾਰ, ਬਰਾਬਰੀ ਦੇ ਹੱਕ ਨਾ ਮਿਲਣਾ, ਸਰੀਰਕ ਸਮਰੱਥਾ ਤੋਂ ਜ਼ਿਆਦਾ ਕੰਮ ਕਰਨਾ ਪੈਣਾ, ਸਰੀਰਕ ਛੇੜਛਾੜ, ਮਾਨਸਿਕ ਤੇ ਸਰੀਰਕ ਜਰੂਰਤਾਂ ਨੂੰ ਤੇ ਭਾਵਨਾ ਨੂੰ ਦਬਾਉਣਾ, ਗਰਭ ਦੌਰਾਨ ਜਾਂ ਮਾਂ ਬਣਨ ਦੇ ਬਾਅਦ ਹਾਰਮੋਨਲ ਬਦਲਾਅ, ਕਿਸੇ ਆਪਣੇ ਬਹੁਤ ਨਜਦੀਕੀ ਦਾ ਵਿਛੋੜਾ, ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਾ ਕਰ ਸਕਣਾ, ਮੋਟੇ-ਮੋਟੇ ਕਾਰਨ ਬਣਦੇ ਹਨ।ਮਾਨਸਿਕ ਰੋਗਾਂ ਦੇ ਚੱਲਦਿਆਂ ਔਰਤ ਆਪਣੇ-ਆਪ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੰਦੀ ਹੈ, ਕਿਸੇ ਨੂੰ ਮਿਲਣਾ ਜਾਂ ਗੱਲ ਕਰਨਾ ਜਾਂ ਕਿਧਰੇ ਜਾਣਾ ਉਸ ਨੂੰ ਚੰਗਾ ਨਹੀਂ ਲੱਗਦਾ, ਉਸ ਦੇ ਅੰਦਰੋਂ ਉਤਸ਼ਾਹ ਖਤਮ ਹੋ ਜਾਂਦਾ ਹੈ, ਉਹ ਖੁਦ ਨੂੰ ਹਰ ਬੁਰੇ ਕੰਮ ਲਈ ਜਿੰਮੇਵਾਰ ਸਮਝਦੀ ਹੈ,

ਉਸ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ, ਰੋਜ਼ਾਨਾ ਦੇ ਕੰਮ, ਜੋ ਕਿ ਉਹ ਪਹਿਲਾਂ ਚਾਅ ਨਾਲ ਕਰਦੀ ਸੀ, ਕਰਨਾ ਬੰਦ ਕਰ ਦਿੰਦੀ ਹੈ, ਹਰ ਵਕਤ ਉਦਾਸ, ਨਰਾਜ ਨਜਰ ਆਉਂਦੀ ਹੈ। ਉਸ ਨੂੰ ਫੈਸਲੇ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਉਸ ਦੀ ਨੀਂਦ ਤੇ ਭੁੱਖ ਚਲੀ ਜਾਂਦੀ ਹੈ। ਅਸੀਂ ਇਕਾਗਰਤਾ ਭੰਗ ਹੋ ਜਾਂਦੀ ਹੈ। ਉਹ ਜਾਂ ਤਾਂ ਬੱਚਿਆਂ ਦਾ ਬਹੁਤ ਜ਼ਿਆਦਾ ਫਿਕਰ ਕਰਦੀ ਹੈ, ਜਾਂ ਫਿਰ ਉਨ੍ਹਾਂ ਨੂੰ ਬਿਲਕੁਲ ਹੀ ਵਿਸਾਰ ਦਿੰਦੀ ਹੈ, ਉਸ ਦੇ ਮਨ ਵਿੱਚ ਖੁਦਕੁਸ਼ੀ ਦੇ ਵਿਚਾਰ ਵੀ ਆਉਂਦੇ ਹਨ, ਇਸ ਵਿੱਚ ਸ਼ੱਕ, ਆਵਾਜਾਂ ਸੁਣਨੀਆਂ, ਗੁੱਸੇ ਵਾਲੀਆਂ ਭਾਵਨਾਵਾਂ ਵੀ ਬਹੁਤ ਹੋ ਜਾਂਦੀਆਂ ਹਨ।ਜਦੋਂ ਕਿਸੇ ਔਰਤ ਵਿਚ ਇਹ ਸਭ ਤਬਦੀਲੀਆਂ ਨਜਰ ਆਉਂਦੀਆਂ ਹਨ ਤਾਂ?ਉਸ ਦਾ ਪਰਿਵਾਰ ਉਸ ਨੂੰ ਭੰਡਣਾ ਸ਼ੁਰੂ ਕਰ ਦਿੰਦਾ ਹੈ।

ਜਦ ਕਿ ਉਸ ਨੂੰ ਬਹੁਤ ਸਹਿਯੋਗ ਦੀ ਲੋੜ ਹੁੰਦੀ ਹੈ। ਇਸ ਵਕਤ ਉਸ ਨੂੰ ਸਰੀਰਕ ਇਲਾਜ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਸਹਾਰੇ ਦੀ ਲੋੜ ਹੁੰਦੀ ਹੈ। ਉਸਦਾ ਪਰਿਵਾਰ ਅਤੇ ਉਸਦੀਆਂ ਸਹੇਲੀਆਂ ਦਾ ਸਹਾਰਾ ਉਸਨੂੰ ਉਸ ਵਿਚੋਂ ਬਾਹਰ ਕੱਢਣ ਵਿਚ ਸਹਾਈ ਹੁੰਦਾ ਹੈ। ਅਜਿਹੇ ਵਿਚ ਡਾਕਟਰ ਦੀ ਕੌਂਸਲਿੰਗ ਬਹੁਤ ਜਰੂਰੀ ਹੋ ਜਾਂਦੀ ਹੈ। ਬਿਮਾਰੀ ਦੇ ਪੱਧਰ ਨੂੰ ਦੇਖਣ ਤੋਂ ਬਾਅਦ ਦਵਾਈ ਵੀ ਜਰੂਰੀ ਹੈ। ਮਾਨਸਿਕ ਰੋਗ ਦੇ ਚੱਲਦਿਆਂ ਰੋਗੀ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ। ਅਜਿਹੇ ਵਿਚ ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ।

ਜਿੰਨੀ ਜਲਦੀ ਇਲਾਜ ਹੋਵੇ ਤਾਂ ਉਨੀ ਜਲਦੀ ਹੀ ਰੋਗੀ ਠੀਕ ਹੋ ਸਕਦਾ ਹੈ, ਇਲਾਜ ਵਿਚ ਦੇਰੀ ਬਿਮਾਰੀ ਨੂੰ ਵਧਾ ਸਕਦੀ ਹੈ।ਮਾਨਸਿਕ ਰੋਗ ਰੋਗੀ ਦੇ ਆਤਮ-ਵਿਸ਼ਵਾਸ ਨੂੰ ਬਿਲਕੁਲ ਜ਼ੀਰੋ ਕਰ ਦਿੰਦੇ ਹਨ। ਵੇਲੇ ਸਿਰ ਨਾ ਕੀਤਾ ਗਿਆ ਇਲਾਜ ਇਹਨਾਂ ਸਭ ਸਮੱਸਿਆਵਾਂ ਨੂੰ ਬਹੁਤ ਜਿਆਦਾ ਵਧਾ ਸਕਦਾ ਹੈ। ਸੋ ਆਪਣੇ-ਆਪਣੇ ਘਰ ਦੀਆਂ ਔਰਤਾਂ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਸਭ ਦਾ ਫਰਜ ਹੈ ਤਾਂ ਕਿ ਔਰਤ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਹਿੱਸਾ ਪਾ ਸਕੇ। ਔਰਤ ਸਰੀਰਕ, ਮਾਨਸਿਕ ਰੂਪ ਵਿੱਚ ਤੰਦਰੁਸਤ ਹੈ, ਤਾਂ ਸਾਰਾ ਪਰਿਵਾਰ, ਸਮਾਜ, ਦੇਸ਼ ਤੇ ਸੰਸਾਰ ਤੰਦਰੁਸਤ ਹੈ।

ਰਾਜਨਦੀਪ ਕੌਰ ਮਾਨ

ਮੋ. 62393-26166

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।