ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਜਾਵੇ

ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀ ਕੀਤਾ ਜਾਵੇ

ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਹਨ। ਇਨ੍ਹਾਂ ਵਿਹਲੇ ਦਿਨਾਂ ’ਚ ਅਸੀਂ ਕੀ ਕਰੀਏ? ਸਭ ਤੋਂ ਵੱਡੀ ਸਮੱਸਿਆ ਵਿਹਲੇ ਸਮੇਂ ਦੀ ਸਹੀ ਵਰਤੋਂ ਦੀ ਹੁੰਦੀ ਹੈ। ਜੇ ਅਸੀਂ ਸਮੇਂ ਦਾ ਸਹੀ ਵਰਤੋਂ ਕਰਨ ’ਚ ਸਫਲ ਨਾ ਹੋਏ ਤਾਂ ਸਮਝੋ ਆਪਾਂ ਆਪਣੇ ਨਿਸ਼ਾਨੇ ਵੱਲ ਨਹੀਂ ਵੱਧ ਸਕਦੇ। ਇਸ ਲਈ ਸਮੇਂ ਦੀ ਸਹੀ ਵਰਤੋਂ ਬੜੇ ਸੰਜਮ ਤੇ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ, ਸਮਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਹੁੰਦਾ ਹੈ।ਇਸ ਲਈ ਜ਼ਰੂਰੀ ਹੈ ਕਿ ਗਰਮੀ ਦੀਆਂ ਇਨ੍ਹਾਂ ਛੁੱਟੀਆਂ ਨੂੰ ਬਰਬਾਦ ਕਰਨ ਦੀ ਬਜਾਏ ਕੁਝ ਅਜਿਹਾ ਕੀਤਾ ਜਾਵੇ, ਜਿਸ ਨਾਲ ਇਹ ਸਮਾਂ ਬੱਚਿਆਂ ਲਈ ਯਾਦਗਾਰ ਬਣ ਸਕੇ।

ਮਾਤਾ-ਪਿਤਾ ਆਪਣੀ ਬਚਪਨ ਦੀਆਂ ਯਾਦਾਂ ਨੂੰ ਬੱਚਿਆਂ ਨਾਲ ਵੰਡਣਾ ਚਾਹੀਦਾ ਹੈ।ਤੁਹਾਡੀਆਂ ਇਨ੍ਹਾਂ ਗੱਲਾਂ ਨੂੰ ਜਾਣ ਬੱਚੇ ਵੀ ਇਸ ਤੋਂ ਖ਼ੁਦ ਨੂੰ ਜੋੜ ਕੇ ਦੇਖ ਸਕਣਗੇ। ਗਰਮੀ ਦੀਆਂ ਛੁੱਟੀਆਂ ਦਾ ਮਤਲਬ ਸਿਰਫ਼ ਘੰਟਿਆਂ ਟੀਵੀ ਦੇਖਣਾ, ਮੋਬਾਇਲ ’ਤੇ ਰੁੱਝੇ ਰਹਿਣਾ ਅਤੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਵਿੱਚ ਸਮਾਂ ਖ਼ਰਾਬ ਕਰਨਾ ਨਹੀਂ ਹੁੰਦਾ। ਇਸ ਸਮੇਂ ’ਚ ਬੱਚਿਆਂ ਨਾਲ ਜਿੰਨੀਆਂ ਗੱਲਾਂ ਕਰ ਸਕੋਗੇ, ਓਨਾ ਵਧੀਆ ਹੋਵੇਗਾ। ਆਪਣਾ ਬਚਪਨ, ਸਕੂਲ, ਮਸਤੀ, ਦੋਸਤ, ਪ੍ਰੀਖਿਆ ਦੇ ਸਮੇਂ ਦਾ ਤਜ਼ਰਬਾ ਅਤੇ ਖੇਡ ਵਰਗੀਆਂ ਸਾਰੀਆਂ ਚੀਜ਼ਾਂ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਹਨ।

ਡਾ. ਵਨੀਤ ਸਿੰਗਲਾ ਅਨੁਸਾਰ ਅਸੀਂ ਸਾਰੇ 24 ਘੰਟੇ ਸੱਤੇ ਦਿਨ ਰੱੁਝੇ ਰਹਿਣ ਦੇ ਆਦਿ ਹੋ ਗਏ ਹਾਂ, ਪਰ ਥੋੜ੍ਹਾ ਯਾਦ ਕਰੋ ਅਸੀਂ ਸਾਰੇ ਅਜਿਹੇ ਸਕੂਲਾਂ ’ਚ ਪੜ੍ਹ ਕੇ ਵੱਡੇ ਹੋਏ ਹਾਂ ਜਿੱਥੇ ਏਅਰ ਕੰਡੀਸ਼ਨਰ ਵਰਗੀ ਕੋਈ ਸਹੂਲਤ ਨਹੀਂ ਹੋਇਆ ਕਰਦੀ ਸੀ, ਇਸ ਦੇ ਬਾਵਜੂਦ ਸਾਡੀ ਇਮਿਊੁਨਿਟੀ (ਰੋਗਾਂ ਨਾਲ ਲੜਨ ਦੀ ਸਮਰੱਥਾ) ਅਜੋਕੇ ਬੱਚਿਆਂ ਦੀ ਤੁਲਨਾ ’ਚ ਕਿਤੇ ਜ਼ਿਆਦਾ ਮਜ਼ਬੂਤ ਹੋਇਆ ਕਰਦੀ ਸੀ। ਕੋਈ ਵੀ ਵਿਅਕਤੀ ਭਿਆਨਕ ਗਰਮੀ ਦੀ ਦੁਪਹਿਰ ’ਚ ਆਪਣੇ ਬੱਚੇ ਨੂੰ ਘਰ ਤੋਂ ਬਾਹਰ ਪਾਰਕ ਵਿੱਚ ਖੇਡਣ ਨਹੀਂ ਭੇਜਣਾ ਚਾਹੇਗਾ, ਪਰ ਜੇਕਰ ਤੁਹਾਡਾ ਬੱਚਾ ਸਿਰਫ਼ ਇਨਡੋਰ ਐਕਟਿਵਿਟੀਜ਼ ਵਿੱਚ ਹੀ ਰੁੱਝਾ ਰਹੇਗਾ ਤਾਂ ਇਸ ਗੱਲ ਦਾ ਫ਼ਿਕਰ ਰਹੇਗੀ ਕਿ ਉਹ ਸਮਾਜ ’ਚ ਘੁਲ ਮਿਲ ਨਹੀਂ ਸਕੇਗਾ।

ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਅਤੇ ਜ਼ਿੰਮੇਵਾਰ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਕੁਦਰਤ ਨਾਲ ਰਿਸ਼ਤਾ ਬਣਾਉਣ ’ਚ ਮਦਦ ਕੀਤੀ ਜਾਵੇ। ਤਕਨੀਕੀ ਰੁਕਾਵਟਾਂ ਤੋਂ ਦੂਰ ਕਿਸੇ ਕੁਦਰਤੀ ਕੈਂਪ ‘ਚ ਗੁਜ਼ਾਰਿਆ ਗਿਆ ਇੱਕ ਹਫ਼ਤਾ ਬੱਚਿਆਂ ਦੇ ਮਨ ਵਿੱਚ ਕੁਦਰਤ, ਧਰਤੀ ਮਾਂ ਲਈ ਪ੍ਰੇਮ ਦਾ ਪੌਦਾ ਲਗਾਉਣ ’ਚ ਵੱਡੀ ਪ੍ਰੇਰਨਾ ਦਾ ਕੰਮ ਕਰੇਗਾ ਅਤੇ ਉਨ੍ਹਾਂ ਨੂੰ ਸੰਤੁਲਿਤ ਅਤੇ ਚੰਗੀ ਜ਼ਿੰਦਗੀ ਜਿਉਣ ਲਈ ਕੁਦਰਤ ਅਤੇ ਵਾਤਾਵਰਨ ਦੇ ਮਹੱਤਵ ਨੂੰ ਸਮਝਣ ਦਾ ਮੌਕਾ ਵੀ ਦੇਵੇਗਾ।

ਕੁਦਰਤੀ ਕੈਂਪ ਦੇ ਹੋਰ ਫ਼ਾਇਦਿਆਂ ’ਚ ਸ਼ਾਮਲ ਹਨ।ਆਰਾਮ ਕਰਨ, ਵੰਡਣ, ਲੱਭਣ ਅਤੇ ਕੁਦਰਤ ਬਾਰੇ ਢੇਰ ਸਾਰੀਆਂ ਅਨੋਖੀ ਗੱਲਾਂ ਸਿੱਖਣ ਲਈ ਮਿਲਣ ਵਾਲਾ ਢੇਰ ਸਾਰਾ ਸਮਾਂ ਕੁਦਰਤੀ ਤਸਵੀਰਾਂ, ਪੰਛੀਆਂ ਨੂੰ ਦੇਖਣਾ ਅਤੇ ਈਕੋਫ੍ਰੈਂਡਲੀ ਮਾਹੌਲ ਦਾ ਆਨੰਦ ਲੈਣਾ। ਮਾਤਾ-ਪਿਤਾ ਲਈ ਇਹੀ ਸਮਾਂ ਹੈ ਆਪਣੇ ਬੱਚੇ ਨੂੰ ਕੁਦਰਤ ਦੇ ਕਰੀਬ ਲਿਆਉਣ ਦਾ।ਕਿਤਾਬਾਂ ਤੋਂ ਵਧੀਆ ਅਤੇ ਸੱਚਾ ਦੋਸਤ ਹੋਰ ਕੋਈ ਨਹੀਂ ਹੁੰਦਾ।

ਬੱਚਿਆਂ ’ਚ ਘੱਟ ਹੁੰਦੀ ਪੜ੍ਹਨ ਦੀ ਆਦਤ ਦੁਨੀਆਂ ਭਰ ’ਚ ਚਿੰਤਾ ਦਾ ਵਿਸ਼ਾ ਹੈ। ਪੜ੍ਹਨ ਦੀ ਆਦਤ ਬੱਚੇ ਦੀ ਸਿੱਖਿਆ ’ਚ ਕੇਂਦਰ-ਬਿੰਦੁੂ ਦੀ ਤਰ੍ਹਾਂ ਹੁੰਦੀ ਹੈ ਅਤੇ ਇਹ ਬੱਚੇ ਨੂੰ ਸਕੂਲ ਤੋਂ ਬਾਅਦ ਦੀ ਜ਼ਿੰਦਗੀ ਲਈ ਤਿਆਰ ਹੋਣ ਦਾ ਮੌਕੇ ਦਿੰਦੀ ਹੈ।ਕਮਜ਼ੋਰ ਵਿਸ਼ੇ ਦੀ ਤਿਆਰੀ ਦੂਸਰੀ ਅਹਿਮ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਅਸੀਂ ਆਪਣੇ ਕਿਸੇ ਵਿਸ਼ੇ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਵਾਧੂ ਮਿਹਨਤ ਕਰ ਸਕਦੇ ਹਾਂ।ਇੰਜ ਸਾਡੀ ਵਿੱਦਿਅਕ ਪ੍ਰਾਪਤੀ ’ਚ ਵਾਧਾ ਹੋ ਜਾਵੇਗਾ। ਅੱਜ-ਕੱਲ੍ਹ ਸਾਡੇ ਵਿੱਚੋਂ ਮਾਪਿਆਂ ਨਾਲ ਕੰਮ ’ਚ ਹੱਥ ਵਟਾਉਣ ਦੀ ਆਦਤ ਵੀ ਖ਼ਤਮ ਹੋ ਰਹੀ ਹੈ।

ਉਹ ਸਿਰਫ਼ ਤੇ ਸਿਰਫ਼ ਪੜ੍ਹਾਈ ਨੂੰ ਹੀ ਪਹਿਲ ਦੇ ਰਹੇ ਹਨ, ਜਦੋਂਕਿ ਵਿਦੇਸ਼ਾਂ ਵਿੱਚ ਸਾਰੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੱਥੀਂ ਕਿਰਤ ਵੀ ਕਰਦੇ ਹਨ। ਸਾਡੇ ਮਹਾਂਪੁਰਸ਼ਾਂ ਨੇ ਵੀ ਕਿਰਤ ਦੀ ਮਹਾਨਤਾ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਕਿਰਤ ਕਰਨ ਦੀ ਆਦਤ ਬਚਪਨ ’ਚ ਹੀ ਪੈਦਾ ਹੋ ਜਾਣੀ ਚਾਹੀਦੀ ਹੈ, ਜਿਸ ਦਾ ਅਰੰਭ ਘਰੇਲੂ ਕੰਮਾ ਤੋਂ ਹੁੰਦਾ ਹੈ। ਪਿਤਾ ਪੁਰਖੀ ਕੰਮ ਸਿੱਖਣਾ ਪਿਤਾ ਪੁਰਖੀ ਕੰਮ ਸਿੱਖਣ ਦੀ ਵਿਸ਼ੇਸ਼ ਲੋੜ ਨਹੀਂ ਹੁੰਦੀ। ਉਹ ਸਾਨੂੰ ਵਾਤਾਵਰਨ ਵਿੱਚੋਂ ਹੀ ਪਤਾ ਲੱਗ ਜਾਂਦਾ ਹੈ।

ਇਸ ਲਈ ਮਾਪਿਆਂ ਦੇ ਕਾਰਜਾਂ ਦੇ ਨਾਲ-ਨਾਲ ਆਪਣੇ ਸ਼ੌਂਕ ਦਾ ਵਿਕਾਸ ਵੀ ਕਰੋ। ਤੁਸੀਂ ਸਭ ਜਾਣਦੇ ਹੋ ਕਿ ਅੱਜ-ਕੱਲ੍ਹ ਸਬਜ਼ੀਆਂ, ਫਲਾਂ ਤੇ ਹੋਰ ਫਸਲਾਂ ’ਤੇ ਦਵਾਈਆਂ ਦਾ ਅੰਨ੍ਹੇਵਾਹ ਛਿੜਕਾਅ ਕਰ ਕੇ ਸਾਡੇ ਸਰੀਰ ਨੂੰ ਨੁਕਸਾਨ ਕਰਨ ਵਾਲੀਆ ਵਸਤਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਜੇਕਰ ਘਰ ਵਿੱਚ ਜਗ੍ਹਾ ਹੈ ਤਾਂ ਆਪਣੀ ਤੇ ਆਪਣੇ ਪਰਿਵਾਰ ਦੀ ਚੰਗੀ ਸਿਹਤ ਲਈ ਘਰ ਵਿੱਚ ਕਿਚਨ ਗਾਰਡਨ ਦੀ ਤਿਆਰੀ ਜ਼ਰੂਰ ਕਰੋ। ਇਸ ਨਾਲ ਸਾਨੂੰ ਜਿੱਥੇ ਚੰਗੀ ਸਿਹਤ ਮਿਲੇਗੀ, ਉਥੇ ਆਰਥਿਕ ਲਾਭ ਵੀ ਹੋਵੇਗਾ।

ਗਰਮੀ ਤੋਂ ਬਚਾਅ ਜਿਹੜੇ ਬੱਚੇ ਕਲਾ ਨੂੰ ਵਿਕਸਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਇਹ ਸਮਾਂ ਬੜਾ ਲਾਭਕਾਰੀ ਹੈ। ਹਰ ਪ੍ਰਕਾਰ ਦਾ ਅਭਿਆਸ ਇਨ੍ਹਾਂ ਛੁੱਟੀਆਂ ਵਿੱਚ ਕੀਤਾ ਜਾ ਸਕਦਾ ਹੈ। ਗੀਤ ਸੰਗੀਤ, ਡਾਂਸ, ਭੰਗੜਾ, ਲਿਖਾਈ, ਸਿਲਾਈ-ਕਢਾਈ, ਪੇਂਟਿੰਗ ਅਤੇ ਯੋਗ ਸਾਧਨਾ ਆਦਿ ਕਲਾਵਾਂ ਨੂੰ ਸ਼ਿੰਗਾਰਿਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਦੇ ਨਾਲ-ਨਾਲ ਗਰਮੀ ਤੋਂ ਬਚਣ ਲਈ ਪਾਣੀ ਦੀ ਸਹੀ ਮਿਕਦਾਰ ’ਚ ਵਰਤੋਂ ਕਰਨੀ ਲਾਜ਼ਮੀ ਹੈ। ਨਿੰਬੂ ਪਾਣੀ, ਲੱਸੀ, ਤਰਬੂਜ਼, ਪੁਦੀਨਾ, ਖੀਰਾ ਆਦਿ ਵਸਤਾਂ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਤਲੀਆਂ ਵਸਤੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਡਾ. ਸਿੰਗਲਾ ਅਨੁਸਾਰ ਹੁਨਰ ਨੂੰ ਨਿਖਾਰੋ, ਦੋਸਤੋ ! ਇਨ੍ਹਾਂ ਛੁੱਟੀਆਂ ’ਚ ਅਸੀਂ ਆਪਣੇ ਅੰਦਰ ਛੁਪੇ ਹੋਏ ਹੁਨਰ ਨੂੰ ਜ਼ਰੂਰ ਉਜਾਗਰ ਕਰਨਾ ਹੈ। ਸਮੇਂ ਦਾ ਸਹੀ ਇਸਤੇਮਾਲ ਕਰਨ ਨਾਲ ਹੀ ਅਸੀਂ ਹਰ ਖੇਤਰ ’ਚ ਅੱਗੇ ਵਧ ਸਕਦੇ ਹਾਂ। ਕਲਾਤਮਿਕ ਕੈਂਪਾਂ ’ਚ ਭਾਗ ਲੈ ਕੇ ਆਪਣੇ ਹੁਨਰ ਨੂੰ ਨਿਖਾਰੋ ਤੇ ਸਮੇਂ ਦੇ ਹਾਣ ਦੀਆਂ ਗੱਲਾਂ ਨੂੰ ਵਿਚਾਰੋ। ਉਸਾਰੂ ਸੋਚ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਹੋ ਸਕੇਗੀ। ਆਓ, ਇਨ੍ਹਾਂ ਛੁੱਟੀਆਂ ਦਾ ਸਹੀ ਇਸਤੇਮਾਲ ਕਰਦਿਆਂ ਆਪਣੇ ਤਨ-ਮਨ ਤੇ ਬੁੱਧੀ ਦਾ ਵਿਕਾਸ ਕਰੀਏ। ਛੁੱਟੀ ਵਿੱਚ ਬਹੁਤ ਕੁਝ ਸਿਖ ਕੇ ਆਪਣੀ ਸ਼ਖਸੀਅਤ ਨਿਖਾਰੀਏ।

ਡਾ. ਵਨੀਤ ਕੁਮਾਰ ਸਿੰਗਲਾ,
ਬੁਢਲਾਡਾ (ਮਾਨਸਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ