ਜੋ ਕੰਮ ਪੁਲਿਸ ਨਾ ਕਰ ਸਕੀ, ਉਹ ਇਹ ਧੀ ਨੇ ਕਰ ਦਿਖਾਇਆ

Bathinda News

ਖੋਹਿਆ ਮੋਬਾਇਲ ਲੁਟੇਰੇ ਤੋਂ ਖੁਦ ਲਿਆ ਵਾਪਸ | Bathinda News

ਬਠਿੰਡਾ (ਅਸ਼ੋਕ ਗਰਗ)। ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਇੱਕ ਲੜਕੀ ਨੇ ਅਜਿਹਾ ਕੰਮ ਕਰ ਦਿਖਾਇਆ ਜੋ ਪੁਲਿਸ ਨਾ ਕਰ ਸਕੀ ਕਿਉਂਕਿ ਜਦੋਂ ਪੁਲਿਸ ਨੇ ਮੋਬਾਇਲ ਖੋਹਣ ਵਾਲੇ ਝਪਟਮਾਰ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਖੁਦ ਹਿੰਮਤ ਕਰਦਿਆਂ ਪੀੜਤ ਕੁੜੀ ਨੇ ਝਪਟਮਾਰ ਨੂੰ ਲੱਭ ਕੇ ਉਸ ਕੋਲੋਂ ਆਪਣਾ ਮੋਬਾਇਲ ਫੋਨ ਬਰਾਮਦ ਕਰ ਲਿਆ। ਭਾਵੇਂ ਲੜਕੀ ਨੇ ਪੁਲਿਸ ਨੂੰ ਖੁਦ ਲੁਟੇਰੇ ਦੀ ਲੋਕੇਸ਼ਨ ਲੱਭ ਕੇ ਸਭ ਕੁਝ ਦੱਸ ਦਿੱਤਾ ਸੀ ਪਰ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਇਹ ਲੜਕੀ ਇੱਕ ਪੱਤਰਕਾਰ ਦੀ ਲੜਕੀ ਹੈ। ਇੱਥੇ ਪ੍ਰੈਸ ਕਲੱਬ ਵਿੱਚ ਆਪਣੇ ਪਿਤਾ ਨਾਲ ਪਹੁੰਚੀ ਲੜਕੀ ਨਿਕਿਤਾ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਦਿੱਲੀ ਵਿਖੇ ਇੱਕ ਹਸਪਤਾਲ ਵਿੱਚ ਨੌਕਰੀ ਕਰਦੀ ਹੈ ਅਤੇ ਬਠਿੰਡਾ ਵਿਖੇ ਆਪਣੇ ਪਰਿਵਾਰ ਨੂੰ ਮਿਲਣ ਆਈ ਸੀ। ਜਦੋਂ ਉਹ ਬੀਤੀ ਚਾਰ ਫਰਵਰੀ ਨੂੰ ਹੰਸ ਨਗਰ ਵਿੱਚ ਜਾ ਰਹੀ ਸੀ ਤਾਂ ਇੱਕ ਐਕਟਿਵਾ ਸਵਾਰ ਨੌਜਵਾਨ ਉਸ ਦਾ ਮੋਬਾਇਲ ਫੋਨ ਖੋਹ ਕੇ ਭੱਜ ਗਿਆ। (Bathinda News)

ਅੰਡਰ-19 ਵਿਸ਼ਵ ਕੱਪ : ਕੰਗਾਰੂਆਂ ਦੀ ਆਖਿਰੀ ਵਿਕਟ ਦੀ ਸਾਂਝੇਦਾਰੀ ਨੇ ਤੋੜੀਆਂ ਪਾਕਿਸਤਾਨ ਦੀਆਂ ਉਮੀਦਾਂ, ਫਾਈਨਲ ’ਚ, 11 …

ਲੜਕੀ ਨੇ ਇਸ ਦੀ ਸੂਚਨਾ ਪੁਲਿਸ ਦੇ ਕੰਟਰੋਲ ਰੂਮ ਨੂੰ ਦਿੱਤੀ ਪਰ ਪੁਲਿਸ ਨੇ ਕੋਈ ਗੱਲ ਨਾ ਸੁਣੀ। ਇਸ ਮਾਮਲੇ ਵਿੱਚ ਜਦੋਂ ਪੱਤਰਕਾਰ ਭਾਈਚਾਰਾ ਜ਼ਿਲ੍ਹਾ ਪੁਲਿਸ ਮੁਖੀ ਹਰਮਨਵੀਰ ਸਿੰਘ ਗਿੱਲ ਦੇ ਦਫ਼ਤਰ ਪਹੁੰਚਿਆ ਅਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਤਾਂ ਪੁਲਿਸ ਮੁਖੀ ਨੇ ਐਕਸ਼ਨ ਦਾ ਭਰੋਸਾ ਦਿੰਦੇ ਹੋਏ ਆਖਿਆ ਕਿ ਨਾਗਰਿਕਾਂ ਨੂੰ ਖ਼ੁਦ ਸੁਚੇਤ ਰਹਿਣ ਚਾਹੀਦਾ ਹੈ ਅਤੇ ਨਾਲ ਹੀ ਕਿਹਾ ਕਿ ਲੁੱਟ-ਖੋਹ ਦੇ ਅਜਿਹੇ ਛੋਟੇ ਮਾਮਲਿਆਂ ਨੂੰ ਰੋਕਿਆ ਨਹੀਂ ਜਾ ਸਕਦਾ।

ਜੇਕਰ ਪੁਲਿਸ ਸਿਰਫ਼ ਇਸੇ ਪਾਸੇ ਲਗਾ ਦਿੱਤੀ ਤਾਂ ਵੱਡੇ ਅਪਰਾਧਿਕ ਮਾਮਲਿਆਂ ਨੂੰ ਠੱਲ੍ਹ ਪਾਉਣੀ ਅਸੰਭਵ ਹੋ ਜਾਵੇਗੀ। ਲੜਕੀ ਨੇ ਪੁਲਿਸ ਦੀ ਅਜਿਹੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਖੁਦ ਲੁਟੇਰੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਐਕਟਿਵਾ ਦਾ ਨੰਬਰ ਟਰੇਸ ਕਰਕੇ ਉਸ ਦਾ ਘਰ ਲੱਭ ਲਿਆ । ਇਸ ਬਾਰੇ ਸਾਰਾ ਕੁਝ ਥਾਣਾ ਕੈਨਾਲ ਪੁਲਿਸ ਨੂੰ ਦੱਸ ਦਿੱਤਾ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਾ ਕੀਤੀ, ਜਿਸ ਤੋਂ ਬਾਅਦ ਲੜਕੀ ਨੇ ਦਲੇਰੀ ਦਿਖਾਉਂਦਿਆਂ ਖੁਦ ਲੁਟੇਰੇ ਦੇ ਘਰ ਜਾ ਕੇ ਆਪਣਾ ਮੋਬਾਇਲ ਵਾਪਸ ਲੈ ਲਿਆ। (Bathinda News)