ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home ਵਿਚਾਰ ਲੇਖ ਅਸੀਂ ਕੀ ਬੋਲਦੇ...

    ਅਸੀਂ ਕੀ ਬੋਲਦੇ ਹਾਂ?

    ਅਸੀਂ ਕੀ ਬੋਲਦੇ ਹਾਂ?

    ਆਪਾਂ ਜਾਣਦੇ ਹਾਂ ਕਿ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ’ਚ ਸ਼ਬਦਾਂ ਦਾ ਅਥਾਰ ਭੰਡਾਰ ਮੌਜੂਦ ਹੈ। ਸ਼ਬਦ ਬਹੁਤ ਵਡਮੁੱਲੇ ਅਤੇ ਮਹੱਤਵਪੂਰਨ ਹੁੰਦੇ ਹਨ। ਪਰ ਇਨ੍ਹਾਂ ਦਾ ਮਹੱਤਵ ਅਰਥਾਂ ’ਤੇ ਨਿਰਭਰ ਕਰਦਾ ਹੈ। ਬਿਨਾਂ ਅਰਥਾਂ ਦੇ ਸ਼ਬਦਾਂ ਦੀ ਕੋਈ ਕੀਮਤ ਨਹੀਂ, ਕੋਈ ਮਹੱਤਵ ਨਹੀਂ। ਇਸ ਦੇ ਬਿਨਾਂ ਇਹ ਵਿਅਰਥ ਅਤੇ ਬੇਕਾਰ ਹਨ। ਸਾਡੀ ਬੋਲ-ਵਾਣੀ ਸ਼ਬਦਾਂ ਦਾ ਹੀ ਸਮੂਹ ਹੁੰਦੀ ਹੈ। ਬੋਲ-ਵਾਣੀ ਦੀ ਲੋੜ ਅਨੁਸਾਰ ਸੁਚੱਜਤਾ ਨਾਲ ਕੀਤੀ ਗਈ ਵਰਤੋਂ ਨਾਲ ਵੱਡੀਆਂ-ਵੱਡੀਆਂ ਉਲਝਣਾਂ ਅਤੇ ਸਮੱਸਿਆਵਾਂ ਦਾ ਨਿਬੇੜਾ ਸੰਭਵ ਹੈ। ਹਰੇਕ ਥਾਂ ਅਤੇ ਹਰੇਕ ਸਮਾਂ ਬੋਲਣ ਦੇ ਯੋਗ ਨਹੀਂ ਹੁੰਦੇ। ਕਈ ਵੇਰ ਕਿਸੇ ਥਾਂ ’ਤੇ ਚੁੱਪ ਕਰ ਜਾਣਾ ਜਾਂ ਘੱਟ ਬੋਲਣਾ ਵੀ ਸਾਡੀ ਕਾਮਯਾਬੀ ਅਤੇ ਸਾਡੀ ਸਿਆਣਪ ਲਈ ਫਾਇਦੇਮੰਦ ਹੁੰਦਾ ਹੈ। ਇਹ ਸਭ ਨਿਰਭਰ ਹੈ ਤੁਹਾਡੀ ਉਸਾਰੂ ਅਤੇ ਸਮਝਦਾਰੀ ਭਰੀ ਬੋਲਚਾਲ ’ਤੇ। ਕਈ ਵੇਰ ਸਿਰਫ ਦੋ ਸ਼ਬਦਾਂ ਨਾਲ ਹੀ ਗੱਲ ਬਣਦੀ ਬਣਦੀ ਵਿਗੜ ਜਾਂਦੀ ਹੈ।

    ਜ਼ਿਆਦਾ ਬੋਲਣ ਵਾਲੇ ਬੰਦੇ ਕੁੱਝ ਸਮੇਂ ਲਈ ਹੀ ਪਸੰਦ ਕੀਤੇ ਜਾਂਦੇ ਹਨ। ਘੱਟ ਬੋਲਣ ਵਾਲੇ ਆਦਮੀ ਜ਼ਿਆਦਾ ਸਤਿਕਾਰੇ ਜਾਂਦੇ ਹਨ। ਜੋ ਆਦਮੀ ਜਿਆਦਾ ਬੋਲਦੇ ਹਨ, ਉਸਦੇ ਪਿੱਛੇ ਇੱਕ ਖਾਸ ਕਾਰਨ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਪਣੇ ਕਮਜੋਰ ਪੱਖ ਦਾ ਗਿਆਨ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਦਿਮਾਗ ਦੀ ਸ਼ਾਂਤੀ ਉੱਪਰ ਸ਼ੱਕ ਹੁੰਦਾ ਹੈ। ਬੱਸ ਇਹੀ ਕਮਜ਼ੋਰੀਆਂ ਜ਼ਾਹਿਰ ਨਾ ਹੋ ਜਾਣ ਇਸੇ ਲਈ ਉਹ ਜ਼ਿਆਦਾ ਬੋਲ ਕੇ ਆਪਣੀ ਮਾਨਸਿਕ ਸ਼ਕਤੀ ਦਾ ਵਿਖਾਵਾ ਕਰਨ ਲਈ ਵਿਆਕੁਲ ਰਹਿੰਦੇ ਹਨ।

    ਕਈ ਵੇਰ ਅਸੀਂ ਵੇਖਦੇ ਹਾਂ ਕਿ ਕੁੱਝ ਬੋਲਣ ਤੋਂ ਪਹਿਲਾਂ ਸਾਹਮਣੇ ਵਾਲਾ ਆਦਮੀ ਕਹਿੰਦਾ ਹੈ ਕਿ ‘ਜ਼ਰਾ ਸੰਖੇਪ ’ਚ ਹੀ ਗੱਲ ਕਰਨਾ’। ਇਸਦਾ ਮਤਲਬ ਸਾਫ ਹੈ ਕਿ ਤੁਸੀਂ ਜੋ ਕਹਿਣ ਜਾ ਰਹੇ ਹੋ ਉਸਨੂੰ ਸੁਣਨ ਵਿੱਚ ਕਿਸੇ ਨੂੰ ਜ਼ਰਾ ਜਿੰਨੀ ਵੀ ਦਿਲਚਸਪੀ ਨਹੀਂ ਹੈ। ਉਹ ਤਾਂ ਤੁਹਾਨੂੰ ਸਿਰਫ ਇਸ ਲਈ ਬੋਲਣ ਦਾ ਮੌਕਾ ਦੇ ਰਹੇ ਹਨ ਤਾਂ ਕਿ ਤੁਸੀਂ ਆਪਣੀ ਬੋਲਣ ਦੀ ਭੁੱਖ ਨੂੰ ਮਿਟਾ ਲਉ। ਦੁਨੀਆਂ ’ਚ ਕਿਸੇ ਵੀ ਆਦਮੀ ਨੂੰ ਸਮਝਣ ਲਈ ਉਹਦੇ ਸਾਹਮਣੇ ਬੋਲਣਾ ਜਰੂਰੀ ਨਹੀਂ ਹੈ, ਉਸਨੂੰ ਸੁਣਨਾ ਜਰੂਰੀ ਹੈ ਹੱਸਣਾ, ਜਿੰਨਾ ਤੁਹਾਡੀ ਸਿਹਤ ਲਈ ਚੰਗਾ ਹੈ, ਜਿਆਦਾ ਬੋਲਣਾ ਤੁਹਾਡੀ ਸਿਹਤ ਲਈ ਓਨਾ ਹੀ ਖਰਾਬ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਚੁੱਪ ਰਹਿਣ ਦੀ ਆਦਤ ਪਾਓ। ਇਹ ਦੁਨੀਆਂ ਸ਼ਾਂਤ ਅਤੇ ਚੁੱਪ ਰਹਿਣ ਵਾਲੇ ਆਦਮੀਆਂ ਨੂੰ ਸਿਆਣੇ ਤੇ ਅਕਲਮੰਦ ਇਨਸਾਨ ਸਮਝਦੀ ਹੈ।

    ਬਿਹਤਰ ਹੈ ਕਿ ਠੋ੍ਹਕਰ ਪੈਰ ਤੋਂ ਖਾਉ ਨਾ ਕਿ ਜੀਭ ’ਤੋ। ਜੋ ਲੋਕ ਘੱਟ ਬੋਲਦੇ ਹਨ ਉਨ੍ਹਾਂ ਦੇ ਸ਼ਬਦਾਂ ਦੀ ਕੀਮਤ ਏਨੀ ਜ਼ਿਆਦਾ ਹੁੰਦੀ ਹੈ ਕਿ ਅਸੀਂ ਤਾਰਨ ’ਚ ਅਸਮਰੱਥ ਹੁੰਦੇ ਹਾਂ। ਅਜਿਹੇ ਲੋਕਾਂ ਨੂੰ ‘ਮੁਆਫ ਕਰਨਾ’ ਕਹਿਣ ਦੀ ਕਦੇ ਵੀ ਲੋੜ ਨਹੀਂ ਪੈਂਦੀ। ਜ਼ਿਆਦਾ ਬੋਲਣਾ ਸਾਰੇ ਸਮਾਜਿਕ ਦੋਸ਼ਾਂ ਵਿੱਚੋਂ ਸਭ ਤੋਂ ਬੁਰਾ ਦੋਸ਼ ਹੈ। ਜੇਕਰ ਤੁਹਾਡੇ ’ਚ ਇਹ ਦੋਸ਼ ਹੈ ਤਾਂ ਤੁਹਾਡਾ ਸਭ ਤੋਂ ਗੂੜ੍ਹਾ ਦੋਸਤ ਵੀ ਤੁਹਾਨੂੰ ਇਸ ਬਾਰੇ ਨਹੀਂ ਦੱਸੇਗਾ, ਸਗੋਂ ਉਹ ਤੁਹਾਡੇ ਤੋਂ ਕੰਨੀ ਕਤਰਾਉਂਦਾ ਫਿਰੇਗਾ।

    ਸ਼ਾਂਤ ਰਹਿ ਕੇ ਸੁਣਨ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਅਸੀਂ ਸਾਹਮਣੇ ਵਾਲੇ ਦੀਆਂ ਗੱਲਾਂ ਸੁਣਨ ਤੋਂ ਹੀ ਸਮਝ ਜਾਂਦੇ ਹਾਂ ਕਿ ਉਹ ਕੀ ਸੋਚ ਰਿਹਾ ਹੈ ਅਤੇ ਕੀ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ ਸਾਹਮਣੇ ਵਾਲੇ ਦੀਆਂ ਗੱਲਾਂ ਵੱਲ ਧਿਆਨ ਕੇਂਦਰਿਤ ਕਰੋਗੇ ਤਾਂ ਹੀ ਤੁਸੀਂ ਉਹਨੂੰ ਆਪਣੀ ਗੱਲ ਸੁਣਨ ਲਈ ਮਜ਼ਬੂਰ ਕਰ ਸਕੋਗੇ। ਲੋਕੀ ਹਮੇਸ਼ਾ ਉਸ ਆਦਮੀ ਤੋਂ ਨਫਰਤ ਕਰਦੇ ਹਨ ਜੋ ਆਪਣੇ ਦਿਮਾਗ ਦੇ ਇੰਜਣ ਨੂੰ ਚਾਲੂ ਕੀਤੇ ਬਿਨਾਂ ਹੀ ਮੂੰਹ ਨੂੰ ਟਾਪ ਗੇਅਰ ’ਚ ਪਾ ਲੈਂਦੇ ਹਨ। ਜਿਆਦਾਤਰ ਬੰਦੇ ਬੋਲਣ ਲਈ ਕਾਹਲੇ ਹੋਏ ਰਹਿੰਦੇ ਹਨ। ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਪਰ ਕੁਦਰਤ ਦਾ ਨਿਯਮ ਹੈ ਕਿ ਅਸੀਂ ਦੁੱਗਣਾ ਸੁਣੀਏ ਅਤੇ ਉਸ ਤੋਂ ਅੱਧਾ ਬੋਲੀਏ ।

    ਕਾਰਨ ਸਾਫ ਹੈ- ਸਾਡੀ ਜੀਭ ਤਾਂ ਇੱਕ ਹੈ ਤੇ ਕੰਨ ਦੋ। ਵੇਖਿਆ ਗਿਆ ਹੈ ਕਿ ਜੋ ਲੋਕ ਜਿਆਦਾ ਬੋਲਣਾ ਪਸੰਦ ਕਰਦੇ ਹਨ ਉਨ੍ਹਾਂ ਨੂੰ ਕੋਈ ਸੁਣਨਾ ਪਸੰਦ ਨਹੀਂ ਕਰਦਾ। ਜਿਹੜੇ ਬੰਦੇ ਸ਼ਾਂਤ ਰਹਿਣਾ ਜਾਣਦੇ ਹਨ, ਦੁਨੀਆਂ ਉਨ੍ਹਾਂ ਨੂੰ ਸੁਣਨ ਲਈ ਵਿਆਕੁਲ ਰਹਿੰਦੀ ਹੈ। ਜ਼ਰੂਰੀ ਨਹੀਂ ਕਿ ਲੋਕੀ ਇਸ ਲਈ ਬੋਲਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਮਤਲਬ ਨਿੱਕਲੇ। ਬਹੁਤੇ ਲੋਕੀ ਤਾਂ ਸਿਰਫ ਬੋਲਣ ਲਈ ਹੀ ਬੋਲਦੇ ਹਨ। ਉਹ ਆਪਣੀ ਬੋਲ-ਵਾਣੀ ਰਾਹੀਂ ਆਪਣੇ-ਆਪ ਨੂੰ ਸਿੱਧ ਕਰਨ ’ਚ ਲੱਗੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੂਸਰਿਆਂ ਨੂੰ ਬਿਨਾਂ ਦੇਖੇ ਹੀ ਬੋਲ ਕੇ ਸਭ ਕੁੱਝ ਦਿਖਾ ਦਿੱਤਾ ਜਾਵੇ। ਬੁਹਤੇ ਲੋਕੀ ਝੂਠੀਆਂ ਘਟਨਾਵਾਂ ਨੂੰ ਆਪਣੀਆਂ ਗੱਲਾਂ ਰਾਹੀਂ ਸੱਚੀਆਂ ਅਤੇ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ’ਚ ਵੱਧ ਤੋਂ ਵੱਧ ਬੋਲਦੇ ਹਨ।

    ਮੌਨ ਰਹਿਣਾ ਹਰ ਹਾਲਤ ’ਚ ਲਾਭਕਾਰੀ ਹੈ। ਬੋਲਣ ਨਾਲ ਜਿੰਨੇ ਸਮੇਂ ’ਚ ਅਸੀਂ ਜਿਹੜੇ ਵਿਚਾਰ ਪ੍ਰਗਟ ਕਰਦੇ ਹਾਂ, ਸ਼ਾਂਤ ਰਹਿ ਕੇ ਉਸ ਤੋਂ ਕਈ ਗੁਣਾ ਜ਼ਿਆਦਾ ਵਿਚਾਰ ਅਸੀਂ ਓਨੇ ਹੀ ਸਮੇਂ ’ਚ ਆਪਣੇ ਮਨ ’ਚ ਉਤਪੰਨ ਕਰ ਸਕਦੇ ਹਾਂ। ਜਿਆਦਾਤਰ ਇਕੱਠਾਂ ’ਚ ਲੋਕ ਬੋਲਣ ਵਾਲੇ ਨੂੰ ਸੁਣਦੇ ਘੱਟ ਅਤੇ ਵੇਖਦੇ ਜ਼ਿਆਦਾ ਹਨ। ਇੱਕ ਹਿੰਦੀ ਲੇਖਿਕਾ ਮੀਨਾਕਸ਼ੀ ਮਨਹਰ ਨੇ ਆਪਣਾ ਸਾਢੇ ਤਿੰਨ ਸੌ ਸਫਿਆਂ ਦਾ ਨਾਵਲ ਛਪਣ ਲਈ ਪ੍ਰਕਾਸ਼ਕ ਕੋਲ ਭੇਜਿਆ। ਮੈਂ ਉਹਦੇ ਨਾਲ ਨਾਵਲ ਦੇ ਜਿਆਦਾ ਵਿਸਥਾਰ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਅਜੇ ਤਾਂ ਮੇਰੀ ਗੱਲ ਵੀ ਪੂਰੀ ਨਹੀਂ ਹੋਈ।

    ਸਮਝਦਾਰ ਆਦਮੀ ਇੱਕ ਸ਼ਬਦ ਕਹਿੰਦਾ ਹੈ ਅਤੇ ਦੋ ਸ਼ਬਦ ਸੁਣਦਾ ਹੈ।

    ਖੁੱਲ੍ਹੇ ਦਿਲ ਵਾਲਾ ਆਦਮੀ ਤਾਂ ਹੀ ਮਹੱਤਵਪੂਰਨ ਹੁੰਦਾ ਹੈ ਜੇਕਰ ਉਹ ਖੁੱਲੇ੍ਹ ਕੰਨਾਂ ਵਾਲਾ ਵੀ ਹੋਵੇ।
    ਸਮਝਦਾਰੀ ਇਸ ’ਚ ਨਹੀ ਕਿ ਅਸੀਂ ਕਿਉਂ ਬੋਲਦੇ ਹਾਂ? ਸਗੋਂ ਇਸ ’ਚ ਹੈ ਕਿ ਅਸੀਂ ਕੀ ਬੋਲਦੇ ਹਾਂ?
    ਗੁਰੂ ਅਰਜਨ ਦੇਵ ਨਗਰ
    ਚੁੰਗੀ ਨੰ:7,ਫਰੀਦਕੋਟ। ਮੋ. 98152-96475

    ਸੰਤੋਖ ਸਿੰਘ ਭਾਣਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.