‘ਦਫਤਰਾਂ ’ਚੋਂ ਰਿਸ਼ਵਤ ਵਾਲੇ ਕੋਹੜ ਨੂੰ ਖਤਮ ਕਰਾਂਗੇ ਤੇ ਸਿਹਤ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਾਂਗੇ’

MLA Labh Singh Ugoke Sachkahoon

ਚੰਨੀ ਨੂੰ ਬੁਰੀ ਤਰ੍ਹਾਂ ਹਰਾਉਣ ਵਾਲੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ‘ਸੱਚ ਕਹੂੰ’ ਦੀ ਵਿਸ਼ੇਸ਼ ਗੱਲਬਾਤ

(ਸੁਰਿੰਦਰ ਮਿੱਤਲ਼ )। ‘ਪੰਜਾਬ ਦੇ ਲੋਕਾਂ ਨੇ ਪੰਜਾਬ ’ਚੋਂ ਭਿ੍ਰਸ਼ਟ ਅਤੇ ਵਾਰੀ ਬਦਲ ਕੇ ਸਰਕਾਰ ਬਣਾਉਣ ਵਾਲੀਆਂ, ਲੋਕਾਂ ਦੀ ਹਰ ਪੱਖ ਤੋਂ ਲੁੱਟ ਕਰਨ ਵਾਲੀਆਂ, ਨੌਜਵਾਨਾਂ ਨੂੰ ਰੁਜ਼ਗਾਰ ਨਾ ਦੇ ਕੇ ਸਗੋਂ ਨਸ਼ਿਆਂ ਵੱਲ ਧੱਕਣ ਵਾਲੇ ਸਰਕਾਰਾਂ ਅਤੇ ਸਿਆਸਤਦਾਨਾਂ ਤੋਂ ਕਿਨਾਰਾ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਵੱਡੀਆਂ ਉਮੀਦਾਂ ਰੱਖ ਕੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਹੈੇ। ਉਹਨਾਂ ਸਾਰੇ ਪੰਜਾਬੀਆਂ ਦੀਆਂ ਖਵਾਹਿਸ਼ਾਂ ਨੂੰ ਪੂਰਾ ਕਰਨ ਲਈ ਸਾਲਾਂ, ਮਹੀਨਿਆਂ ਦੀ ਨਹੀਂ ਸਗੋਂ ਹਰ ਦਿਨ ਦੀ ਯੋਜਨਾ ਬਣਾਕੇ ਕੰਮ ਕੀਤੇ ਜਾਣਗੇ।’ ਇਹ ਵਿਚਾਰ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਭਾਰੀ ਫਰਕ ਨਾਲ ਹਰਾਉਣ ਵਾਲੇ ‘ਆਪ’ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।

ਉਹਨਾਂ ਕਿਹਾ ਕਿ ਹਲਕੇ ਅੰਦਰ ਖੇਤੀ ਬਾੜੀ ਨਾਲ ਸਬੰਧਿਤ ਇੱਕ ਫੈਕਟਰੀ ਲਗਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਬਦਲਵੀਂ ਫਸਲ ਜਿਵੇਂ ਸੂਰਜਮੁਖੀ, ਤੇਲਾਂ ਵਾਲੀਆਂ ਫ਼ਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾਵੇਗਾ। ਜਿਸ ਨਾਲ ਉਹਨਾਂ ਨੂੰ ਆਪਣੀ ਫਸਲ ਵੇਚਣ ਲਈ ਦੂਰ ਨਹੀਂ ਜਾਣਾ ਪਵੇਗਾ। ਉਹਨਾਂ ਦਾ ਮੁਨਾਫ਼ਾ ਵਧੇਗਾ ਅਤੇ ਖੱਜਲ-ਖੁਆਰੀ ਘਟਣ ਦੇ ਨਾਲ-ਨਾਲ ਹਲਕੇ ਦੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ। ਸਰਕਾਰੀ ਦਫਤਰਾਂ ’ਚ ਵੱਡੇ ਪੱਧਰ ’ਤੇ ਫੈਲੇ ਭਿ੍ਰਸ਼ਟਾਚਾਰ ਨੂੰ ਕਾਬੂ ਕਰਨ ਦੇ ਸਵਾਲ ’ਤੇ ਉਗੋਕੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਪੰਜਾਬੀਆਂ ਨੇ ਮੌਕਾ ਹੀ ਇਸ ਮੁੱਦੇ ’ਤੇ ਦਿੱਤਾ ਹੈ ਸਰਕਾਰੀ ਮੁਲਾਜ਼ਮਾਂ, ਅਫਸਰਾਂ ਨੂੰ ਹੁਣ ਸਮੇਂ ਮੁਤਾਬਿਕ ਦਫਤਰ ਬੈਠ ਕੇ ਬਿਨਾਂ ਕਿਸੇ ਸਿਫ਼ਾਰਸ਼ ਅਤੇ ਮਿਹਨਤ ਮਜ਼ਦੂਰੀ ਕਰਕੇ ਕੀਤੀ ਕਮਾਈ ’ਚੋਂ ਕੰਮ ਕਰਵਾਉਣ ਲਈ ਲੋਕਾਂ ਦੀਆਂ ਜੇਬਾਂ ਖਾਲੀ ਕੀਤੇ ਬਿਨਾਂ ਲੋਕਾਂ ਦੇ ਕੰਮ ਕਰਨੇ ਪੈਣਗੇ। ਲੋਕਾਂ ਨੂੰ ਰਿਸ਼ਵਤਖੋਰ ਅਫਸਰਾਂ ਦੀ ਸ਼ਿਕਾਇਤ ਕਰਨ ਲਈ ਨੰਬਰ ਦਿੱਤੇ ਜਾਣਗੇ। ਜਿੱਥੇ ਲੋਕ ਬੇਖੌਫ ਹੋਕੇ ਰਿਸ਼ਤਵਖੋਰ ਮੁਲਾਜਮਾਂ ਦੀ ਸ਼ਿਕਾਇਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਸਰਕਾਰੀ ਕੰਮਾਂ ਲਈ ਹੁਣ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ। ਦਿੱਲੀ ਵਾਂਗ ਪੰਜਾਬ ’ਚੋਂ ਇਸ ਰਿਸ਼ਵਤ ਵਾਲੇ ਕੋਹੜ ਦਾ ਖਾਤਮਾ ਕਰਕੇ ਛੱਡਾਂਗੇ।

ਨਗਰ ਕੌਂਸਲ, ਟਰੱਕ ਯੂਨੀਅਨ ਮਾਰਕੀਟ ਕਮੇਟੀ ਆਦਿ ’ਚ ਪ੍ਰਧਾਨਗੀ ਦੇ ਸਵਾਲ ’ਤੇ ਉਹਨਾਂ ਕਿਹਾ ਕਿ ਬਿਨਾ ਸ਼ੱਕ ਸਾਰੇ ਦਫਤਰਾਂ ’ਚ ਹੀ ਇਮਾਨਦਾਰੀ ਨਾਲ ਬਿਨਾਂ ਕਿਸੇ ਭੇਦ-ਭਾਵ ਦੇ ਜਨਤਾ ਦੇ ਭਲੇ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਜਾਵੇਗਾ। ਸਿਹਤ ਸੇਵਾਵਾਂ ਅਤੇ ਹਸਪਤਾਲਾਂ ਦਾ ਮਿਆਰ ਉਚਾ ਚੁੱਕਣ ਦੇ ਸਵਾਲ ’ਤੇ ਉਹਨਾਂ ਕਿਹਾ ਕਿ 16 ਮਾਰਚ ਤੋਂ ਬਾਅਦ ਪਹਿਲ ਦੇ ਅਧਾਰ ’ਤੇ ਹਲਕੇ ਦੇ ਭਦੌੜ ਅਤੇ ਤਪਾ ਦੇ ਹਸਪਤਾਲਾਂ ਅੰਦਰ ਸਾਰੇ ਸਪੈਸ਼ਲਿਸਟ ਡਾਕਟਰ, ਸਟਾਫ ਅਤੇ ਦਵਾਈਆਂ ਦਾ ਮੁਕੰਮਲ ਪ੍ਰਬੰਧ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਸਪਤਾਲਾਂ ਦੀ ਦਿੱਖ ਬਦਲੀ ਜਾਵੇਗੀ ਅਤੇ ਮਰੀਜ਼ਾਂ ਨੂੰ ਨਿੱਜੀ ਡਾਕਟਰਾਂ ਦੀ ਲੁੱਟ ਤੋਂ ਬਚਾਇਆ ਜਾਵੇਗਾ।

ਵਪਾਰੀ ਵਰਗ ਨੂੰ ਸਹੂਲਤਾਂ ਦੇਣ ਸਬੰਧੀ ਸਵਾਲ ਦੇ ਜਵਾਬ ’ਚ ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਸਰਕਾਰ ਵੱਲੋਂ ਦੁਸ਼ਹਿਰਾੇ/ਦਿਵਾਲੀ ’ਤੇ ਵਪਾਰੀਆਂ ਵੱਲੋਂ ਲੱਖਾਂ ਰੁਪਏ ਦੇ ਨਜ਼ਰਾਨੇ ਲੈਣ ਵਾਲੇ ਬਣਾਏ ਕਲਚਰ ਤੋਂ ਨਿਜਾਤ ਮਿਲੇਗੀ ਅਤੇ ਪੰਜਾਬੀ ਵਪਾਰੀਆਂ ਨੂੰ ਟੈਕਸ, ਸੈਂਪਲਿੰਗ ਆਦਿ ਵਾਲੇ ਇੰਸਪੈਕਟਰੀ ਰਾਜ ਤੋਂ ਛੁਟਕਾਰਾ ਦਵਾਉਣ ਲਈ ਉਨ੍ਹਾਂ ਦੀ ਪਾਰਟੀ ਅਤੇ ਸਰਕਾਰ ਵਚਨਬੱਧ ਹੈ। ਤਪਾ ਵਿਖੇ ਅਕਾਲੀ ਸਰਕਾਰ ਵੱਲੋਂ ਛੇ ਸਾਲ ਪਹਿਲਾਂ ਬਣਾਏ ਗਏ ਬੱਸ ਅੱਡੇ ਨੂੰ ਸ਼ੁਰੂ ਕਰਨ ਦੇ ਸਵਾਲ ’ਤੇ ਉਹਨਾਂ ਕਿਹਾ ਕਿ ਸਿਆਸਤ ਦੀ ਭੇਂਟ ਚੜੇ ਇਸ ਬੱਸ ਅੱਡੇ ਨੂੰ ਚਲਾਉਣ ਲਈ ਉਹਨਾਂ ਪਹਿਲਾਂ ਹੀ ਬਹੁਤ ਯਤਨ ਕੀਤੇ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਹੁਣ ਉਨ੍ਹਾਂ ਨੂੰ ਲੋਕਾਂ ਨੇ ਕੰਮ ਕਰਨ ਦੀ ਤਾਕਤ ਦਿੱਤੀ ਹੈ। ਜਲਦੀ ਹੀ ਤਪਾ ਦੇ ਬੱਸ ਅੱਡੇ ਨੂੰ ਸ਼ੁਰੂ ਕੀਤਾ ਜਾਵੇਗਾ।

ਉਹਨਾਂ ਅਖੀਰ ’ਤੇ ਆਪਣੀ ਜਿੱਤ ਲਈ ਸਮੁੱਚੇ ਮੀਡੀਆ ਕਰਮੀਆਂ, ਸੋਸ਼ਲ ਮੀਡੀਆ ਵਾਲਿਆਂ, ਹਲਕੇ ਦੇ ਹਰ ਵੋਟਰ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਹਮੇਸ਼ਾ ਦਿਲੋਂ ਰਿਣੀ ਰਹਿਣਗੇ, ਜਿੰਨ੍ਹਾਂ ਨੇ ਇੱਕ ਮਜਦੂਰ ਦੇ ਗਰੀਬ ਪੁੱਤ ਨੂੰ ਬਹੁਤ ਵੱਡੇ ਸਿਆਸੀ, ਕਰੋੜਪਤੀ ਧੁਰੰਦਰ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾਕੇ ਵਿਧਾਨ ਸਭਾ ਭੇਜਿਆ ਹੈ। ਉਹਨਾਂ ਕਿਹਾ ਕਿ ਲੋਕਾਂ ’ਚ ਰਹਿ ਕੇ ਲੋਕਾਂ ਦੇ ਭਲੇ ਲਈ ਕੰਮ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ