1 ਜੁਲਾਈ ਨੂੰ ਮੁੱਖ ਮੰਤਰੀ ਦੇ ਮਹਿਲਾਂ ਵੱਲ ਮਾਰਚ ਕਰਨ ਦੀ ਚਿਤਾਵਨੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਅੱਜ ਜਲ ਸਪਲਾਈ ਕਾਮਿਆਂ ਵਲੋਂ ਮੰਗਾਂ ਦੇ ਹੱਲ ਲਈ ਡਿਪਟੀ ਡਾਇਰੈਕਟਰ (ਪ੍ਰਸ਼ਾਸ਼ਨ) ਦੇ ਖਿਲਾਫ ਖਰਾਬ ਮੌਸਮ ਦੇ ਬਾਵਜ਼ੂਦ ਰੋਸ ਪ੍ਰਦਰਸ਼ਨ ਕੀਤਾ। ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਮੁੱਖ ਦਫ਼ਤਰ ਅੱਗੇ ਲਾਏ ਪੱਕੇ ਮੋਰਚੇ ਦੀ ਅਗਵਾਈ ਹਰਜੀਤ ਸਿੰਘ, ਹਰਚੰਦ ਸਿੰਘ ਅਤੇ ਰਣਜੀਤ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਕੀਤੀ।
ਪੱਕੇ ਮੋਰਚੇ ‘ਤੇ ਬੈਠੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਜੋਨ ਪਟਿਆਲਾ ਦੇ ਪ੍ਰਧਾਨ ਜਸਵੀਰ ਸਿੰਘ ਖੋਖਰ, ਦਰਸ਼ਨ ਰੋਗਲਾ, ਹਰਦੇਵ ਸਿੰਘ ਸਮਾਣਾ ਅਤੇ ਗੁਰਮੀਤ ਸਿੰਘ ਪਟਿਆਲਾ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤੁਰੰਤ ਨੌਕਰੀਆਂ ਦਿੱਤੀਆਂ ਜਾਣ, ਵਿਭਾਗ ਦੇ ਫੀਲਡ ਕਰਮਚਾਰੀਆਂ ਦੇ ਪੱਕੇ ਸੇਵਾ ਨਿਯਮ ਬਣਾਕੇ ਦਰਜਾ ਤਿੰਨ ਅਤੇ ਚਾਰ ਕਰਮਚਾਰੀ ਤੁਰੰਤ ਪਦ ਉੱਨਤ ਕੀਤੇ ਜਾਣ, ਕੰਟਰੈਕਟ ਤੇ ਦਿਹਾੜੀਦਾਰ ਕਾਮੇ ਤੁਰੰਤ ਪੱਕੇ ਕੀਤੇ ਜਾਣ, ਜਲ ਸਪਲਾਈ ਸਕੀਮਾਂ ਤੇ ਨਵੀਂ ਭਰਤੀ ਕੀਤੀ ਜਾਵੇ, 2004 ਤੋਂ ਬਾਅਦ ਰੈਗੂਲਰ ਹੋਏ ਕਰਮਚਾਰੀਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਦੇ ਕਰਮਚਾਰੀਆਂ ਦੇ ਬਕਾਏ ਤੁਰੰਤ ਦਿੱਤੇ ਜਾਣ, ਵਾਟਰ ਸਪਲਾਈ ਸਕੀਮਾਂ ਦੀ ਰਿਪੇਅਰ ਕਰਵਾਈ ਜਾਵੇ ਅਤੇ ਮੈਡੀਕਲ ਬਿੱਲ ਅਤੇ ਵਰਦੀਆਂ ਦੇ ਬਕਾਏ ਤੇ ਕੋਰਟ ਕੇਸਾਂ ਦੇ ਬਕਾਏ ਜਾਰੀ ਕੀਤੇ ਜਾਣ।
ਉਹਨਾਂ ਕਿਹਾ ਕਿ ਉਕਤ ਮੰਗਾਂ ਦਾ ਹੱਲ ਹੋਣ ਤੱਕ ਪੱਕਾ ਮੋਰਚਾ ਜਾਰੀ ਰੱਖਦਿਆਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆ ਆਖਿਆ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਨੂੰ ਤਿੱਖਾ ਰੂਪ ਦਿੰਦਿਆ ਇੱਕ ਜੁਲਾਈ ਨੂੰ ਮੁੱਖ ਮੰਤਰੀ ਦੇ ਮਹਿਲ ਵੱਲ ਮਾਰਚ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ