ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ
ਪੱਟੀ:ਕੋਟ ਬੁੱਢਾ ਵਿਖੇ ਹਿਠਾੜ ਏਰੀਏ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਕਈ ਕਿਸਾਨਾਂ ਦੀ ਫਸਲ ਡੁੱਬ ਗਈ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਮਾਲ ਬਚਾਉਣ ਲਈ ਭੱਜ ਨਸ ਕਰਨੀ ਪੈ ਰਹੀ ਹੈ। ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਸਾਤ ਕਰਕੇ ਕੋਟ ਬੁੱਢਾ ਵਿਖੇ ਪੈਂਦੇ ਦਰਿਆ ਵਿਚ ਪਾਣੀ ਦਾ ਪੱਧਰ ਦਿਨ ਬ ਦਿਨ ਵੱਧ ਰਿਹਾ ਹੈ। 12 ਅਗਸਤ ਤਕ ਹਰੀਕੇ ਦਰਿਆ ਵਿਚ 34600 ਕਿਊਸਿਕ ਪਾਣੀ ਆ ਜਾਣ ਕਰਕੇ ਪਾਣੀ ਡਾਊਨ ਅਸਟੀਮ ਨੂੰ ਛੱਡ ਦਿੱਤਾ ਗਿਆ। ਉਸੇ ਪਾਣੀ ਨੇ ਪਿੰਡ ਭਊਵਾਲ, ਸਭਰਾਂ, ਗੱਟੀ, ਜੱਲਕੋ, ਬੰਡਾਲਾ ਵਿਚ ਹਜ਼ਾਰਾਂ ਏਕੜ ਝੋਨਾ, ਮੱਕੀ ਅਤੇ ਪਸ਼ੂਆਂ ਲਈ ਚਾਰੇ ਦਾ ਕਾਫੀ ਨੁਕਸਾਨ ਕੀਤਾ।
ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਸੁਖਵਿੰਦਰ ਸਭਰਾਂ ਨੇ ਕਿਹਾ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਸੂਬਾ ਸਰਕਾਰ ਮੁਆਵਜ਼ਾ ਜਾਰੀ ਕਰੇ। ਉਨ੍ਹਾਂ ਨੇ 40 ਹਜ਼ਾਰ ਰੁਪਏ ਪ੍ਰਤੀ ਮੁਆਵਜ਼ੇ ਦੀ ਮੰਗ ਕੀਤੀ ਹੈ। ਸਿੰਚਾਈ ਵਿਭਾਗ ਦੇ ਜੇਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਵੱਧਣ ਕਰਕੇ ਹਰੀਕੇ ਦਰਿਆ ਵਿਚ ਡਾਊਟ ਸਟਰੀਮ ਵਿਚ ਜ਼ਿਆਦਾ ਪਾਣੀ ਛੱਡਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਟ ਬੁੱਢਾਂ ਦਰਿਆ ਵਿਚ ਪਾਣੀ ਜ਼ਿਆਦਾ ਆ ਜਾਣ ਕਰਕੇ ਦਰਿਆ ਨਜ਼ਦੀਕ ਪਾਣੀ ਵਾਲੀ ਮੋਟਰਾਂ ਵੀ ਡੁੱਬ ਗਈਆਂ ਹਨ ਅਤੇ ਖੰਬੇ ਡੁੱਬਣ ਕਰਕੇ ਬਿਜ਼ਲੀ ਦੇ ਟਰਾਂਸਫਰਮਰ ਟੁੱਟ ਦਰਿਆ ਵਿਚ ਡਿੱਗ ਗਏ। ਉਕਤ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਉਨ੍ਹਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਖਰਾਬ ਹੋਈ ਫਸਲ ਦਾ ਕੀਤਾ ਜਾ ਰਿਹੈ ਨਿਰੀਖਣ: ਐਸਡੀਐਮ
ਇਸ ਸਬੰਧੀ ਐਸਡੀਐਮ ਪੱਟੀ ਸੁਰਿੰਦਰ ਸਿੰਘ ਨੇ ਕਿਹਾ ਕਿ ਦਰਿਆ ਦੇ ਇਲਾਕੇ ਵਿਚ ਖਰਾਬ ਹੋਈ ਫਸਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਉਸਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ਼ੀ ਜਾਵੇਗੀ । ਪੀੜਤ ਕਿਸਾਨਾਂ ਨੂੰ ਸਰਕਾਰ ਪਾਸੋ ਮੁਆਵਜ਼ਾ ਜਾਰੀ ਕਰਵਾਇਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।