ਦੁਕਾਨ ‘ਚੋਂ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ

Shop, Theft, Stolen, Punjab Police

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਆਰੰਭੀ

ਰਾਮ ਗੋਪਾਲ ਰਾਏਕੋਟੀ, ਰਾਏਕੋਟ:ਪਿਛਲੇ ਕੁਝ ਸਮੇਂ ਤੋਂ ਇਲਾਕੇ ‘ਚ ਚੋਰੀ ਦੀਆਂ ਘਟਨਾਵਾਂ ‘ਚ ਇਕਦਮ ਵਾਧਾ ਹੋਇਆ ਹੈ। ਬੀਤੀ ਰਾਤ  ਵੀ ਚੋਰਾਂ ਨੇ ਸ਼ਹਿਰ ਦੇ ਕਮੇਟੀ ਗੇਟ ਨੇੜੇ ਸਥਿੱਤ ਇਕ ਬੇਕਰੀ ਅਤੇ ਕਰਿਆਨਾ ਸਟੋਰ ‘ਚ ਪਾੜ ਲਗਾ ਕੇ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਇਕ ਵਾਰ ਫਿਰ ਤੋਂ ਪੁਲਿਸ ਨੂੰ ਵੰਗਾਰਿਆ ਹੈ।

ਘਟਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਜਤਿੰਦਰ ਪਾਸੀ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਆਪਣੀ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਗੱਲਾ ਅਤੇ ਉੱਥੇ ਬਣਿਆ ਲਾਕਰ ਟੁੱਟਾ ਹੋਇਆ ਹੈ। ਜਿਸ ਵਿੱਚੋਂ ਤੀਹ ਹਜਾਰ ਰੁਪਏ ਅਤੇ ਉੱਥੇ ਰੱਖੇ 15 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਗਾਇਬ ਸਨ। ਜਿਨ੍ਹਾਂ ਦੀ ਕੀਮਤ ਲਗਪਗ 5 ਲੱਖ ਰੁਪਏ ਦੇ ਕਰੀਬ ਬਣਦੀ ਹੈ। ਜਦ ਉਨ੍ਹਾਂ ਦੁਕਾਨ ਦੇ ਪਿੱਛੇ ਬਣੇ ਗੋਦਾਮ ‘ਚ ਜਾ ਕੇ ਦੇਖਿਆ ਤਾਂ ਗੋਦਾਮ ਦੀ ਪਿਛਲੀ ਦੀਵਾਰ ਤੇ ਇਕ ਪਾੜ ਲੱਗਿਆ ਹੋਇਆ ਸੀ। ਦੁਕਾਨ ‘ਚ ਲਾਕਰ ਬਣਿਆ ਹੋਣ ਕਰਕੇ ਦੁਕਾਨਦਾਰ ਨੇ ਗਹਿਣੇ ਵੀ ਦੁਕਾਨ ਦੇ ਲਾਕਰ ‘ਚ ਰੱਖੇ ਹੋਏ ਸਨ।

ਘਟਨਾਂ ਦੀ ਸੂਚਨਾਂ ਮਿਲਦੇ ਹੀ ਡੀ.ਐੱਸ.ਪੀ ਸੁਰਜੀਤ ਸਿੰਘ ਧਨੋਆ, ਥਾਣਾ ਮੁਖੀ ਜਰਨੈਲ ਸਿੰਘ ਅਤੇ ਏ.ਐੱਸ.ਆਈ ਲਖਵੀਰ ਸਿੰਘ ਮੌਕੇ ਤੇ ਪੁੱਜੇ ਅਤੇ ਘਟਨਾਂ ਦੀ ਜਾਣਕਾਰੀ ਲਈ। ਫੌਰੈਂਸਿਕ ਵਿਭਾਗ ਦੀ ਟੀਮ ਵੀ ਘਟਨਾਂ ਵਾਲੀ ਥਾਂ ਤੇ ਪੁੱਜੀ ਅਤੇ ਦੋਸ਼ੀਆਂ ਦੇ ਸੁਰਾਗ ਲਈ ਫਿੰਗਰ ਪ੍ਰਿੰਟ ਆਦਿ ਇਕੱਠਾ ਕੀਤੇ।

ਇਸ ਮੌਕੇ ਕਰਿਆਨਾ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਏਬੰਤ ਜੈਨ ਅਤੇ ਆਲ਼ ਟ੍ਰੇਡਰਜ਼ ਯੂਨੀਅਨ ਦੇ ਪ੍ਰਧਾਨ ਡਾ. ਪ੍ਰਵੀਨ ਅੱਗਰਵਾਲ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ‘ਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ। ਡੀ.ਐੱਸ.ਪੀ ਸੁਰਜੀਤ ਸਿੰਘ ਧਨੋਆ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।