ਪੱਛੜੇਪਣ ਦਾ ਦਾਗ ਧੋ ਰਹੇ ਨੇ ਜ਼ਿਲ੍ਹਾ ਮਾਨਸਾ ਦੇ ਸਾਹਿਤਕਾਰ

backstory, District Mansa, Literary, Award

ਜ਼ਿਲ੍ਹਾ ਮਾਨਸਾ ਦੇ ਦੋ ਸਾਹਿਤਕਾਰਾਂ ਦੀ ਸਾਹਿਤ ਅਕਾਦਮੀ ਪੁਰਸਕਾਰ ਲਈ ਹੋਈ ਚੋਣ

ਸੁਖਜੀਤ, ਮਾਨਸਾ: ਬੇਸ਼ੱਕ ਬਾਹਰੀ ਜ਼ਿਲ੍ਹਿਆਂ ਦੇ ਲੋਕਾਂ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਪੱਛੜਿਆ ਸਮਝਿਆ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਰਿਹਾ ਸਾਹਿਤ ਖੇਤਰ ਤੋਂ ਇਲਾਵਾ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੀਆਂ ਪ੍ਰੀਖਿਆਵਾਂ ਸਮੇਤ ਹੋਰ ਉੱਚ ਪੱਧਰ ਦੀਆਂ ਪ੍ਰੀਖਿਆਵਾਂ ‘ਚੋਂ ਸਫਲ ਹੋਣ ਵਾਲਿਆਂ ‘ਚ ਮਾਨਸਾ ਜ਼ਿਲ੍ਹੇ ਦਾ ਨਾਂਅ ਵੀ ਬੋਲਣ ਲੱਗਾ ਹੈ ਜ਼ਿਲ੍ਹੇ ਦੀ ਤਾਜਾ ਪ੍ਰਾਪਤੀ ਸਾਹਿਤਕ ਖੇਤਰ ‘ਚ ਹੋਈ ਹੈ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਭਾਸ਼ਾ ਲਈ ਦੋ ਪੁਰਸਕਾਰ ਐਲਾਨੇ ਗਏ ਹਨ ਅਤੇ ਇਹ ਦੋਵੇਂ ਪੁਰਸਕਾਰਾਂ ਲਈ ਚੁਣੇ ਜਾਣ ਦਾ ਮਾਣ ਜ਼ਿਲ੍ਹਾ ਮਾਨਸਾ ਦੇ ਸਾਹਿਤਕਾਰਾਂ ਨੂੰ ਮਿਲਿਆ ਹੈ

ਸੱਤਪਾਲ ਭੀਖੀ ਨੂੰ ਬਾਲ ਸਾਹਿਤ ਦੀ ਸਿਰਜਣਾ ਲਈ ਮਿਲੇਗਾ ਪੁਰਸਕਾਰ

ਭਾਰਤੀ ਸਾਹਿਤ ਅਕਾਦਮੀ ਵੱਲੋਂ ਐਲਾਨੇ ਗਏ ਇਨ੍ਹਾਂ ਮਾਣਮੱਤੇ ਪੁਰਸਕਾਰਾਂ ਲਈ ਬਾਲ ਸਾਹਿਤਕਾਰ ਵਜੋਂ ਸੱਤਪਾਲ ਭੀਖੀ ਨੂੰ ‘ਬਾਲ ਸਾਹਿਤ ਪੁਰਸਕਾਰ’ ਅਤੇ ਯੁਵਾ ਪੁਰਸਕਾਰ ਵਜੋਂ ਸ਼ਾਇਰ ਹਰਮਨਜੀਤ ਨੂੰ ਚੁਣਿਆ ਗਿਆ ਹੈ ‘ਸੱਚ ਕਹੂੰ’ ਨਾਲ ਖਾਸ ਗੱਲਬਾਤ ਕਰਦਿਆਂ ਬਾਲ ਸਾਹਿਤਕਾਰ ਸੱਤਪਾਲ ਭੀਖੀ ਨੇ ਦੱਸਿਆ ਕਿ ਉਸਦੀ ਪਹਿਲੀ ਕਿਤਾਬ ਸਾਲ 2001 ‘ਚ ‘ਪਲਕਾਂ ਹੇਠ ਦਰਿਆ ‘ ਛਪੀ ਸੀ ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ‘ਚ ਬਾਲ ਸਾਹਿਤ ਹੀ ਨਹੀਂ ਸਗੋਂ ਆਮ ਕਵਿਤਾਵਾਂ ਵੀ ਲਿਖਦੇ ਸੀ ਪਰ ਬਾਲ ਸਾਹਿਤ ਦੀ ਵੱਡੇ ਪੱਧਰ ‘ਤੇ ਸ਼ੁਰੂਆਤ ਸਾਲ 2002 ‘ਚ ਇੱਕ ਪ੍ਰਾਇਮਰੀ ਅਧਿਆਪਕ ਵਜੋਂ ਭਰਤੀ ਹੋਣ ਤੋਂ ਬਾਅਦ ਹੀ ਹੋਈ

ਉਨ੍ਹਾਂ ਦੱਸਿਆ ਕਿ ਸਕੂਲ ‘ਚ ਛੋਟੇ ਬੱਚਿਆਂ ਦੀਆਂ ਆਦਤਾਂ, ਗੱਲਾਂ ਆਦਿ ‘ਤੇ ਉਸਨੇ ਸੌਖੀ ਸ਼ਬਦਾਵਲੀ ਵਾਲੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸੱਤਪਾਲੀ ਭੀਖੀ ਇਸ ਵੇਲੇ ਪ੍ਰਾਇਮਰੀ ਸਕੂਲ ਦਾਣਾ ਮੰਡੀ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਸਦੀਆਂ 18 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ‘ਚੋਂ 12 ਕਿਤਾਬਾਂ ਬਾਲ ਸਾਹਿਤ ਨਾਲ ਸਬੰਧਤ ਹਨ

 3 ਕਿਤਾਬਾਂ ਦਾ ਕੀਤਾ ਗਿਆ ਹੈ ਅਨੁਵਾਦ

ਇਸ ਤੋਂ ਇਲਾਵਾ 3 ਕਿਤਾਬਾਂ ਦਾ ਅਨੁਵਾਦ ਉਨ੍ਹਾਂ ਵੱਲੋਂ ਕੀਤਾ ਗਿਆ ਹੈ ਬਾਲ ਸਾਹਿਤਕਾਰ ਸੱਤਪਾਲ ਭੀਖੀ ਨੇ ਆਪਣਾ ਪੁਰਸਕਾਰ ਸਵ. ਅਜਮੇਰ ਔਲਖ ਨੂੰ ਸਮਰਪਿਤ ਕੀਤਾ ਹੈ ਉਨ੍ਹਾਂ ਆਖਿਆ ਕਿ ਛੋਟੇ ਹੁੰਦਿਆਂ ਉਹ ਪ੍ਰੋ. ਔਲਖ ਦੇ ਨਾਟਕ ਵੇਖਦੇ ਹੁੰਦੇ ਸੀ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਉਨ੍ਹਾਂ ਤੋਂ ਹੀ ਲੇਖਣੀ ਦੀ ਗੁੜਤੀ ਲਈ ਸੀ

ਨੌਜਵਾਨ ਸ਼ਾਇਰ ਹਰਮਨਜੀਤ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਕਲਾਂ ਦਾ ਜੰਮਪਲ ਹੈ ਹਰਮਨ ਨੂੰ ਯੁਵਾ ਪੁਰਸਕਾਰ ਉਸਦੀ ਕਿਤਾਬ ‘ਰਾਣੀ ਤੱਤ’ ਦੀ ਅਪਾਰ ਸਫਲਤਾ ‘ਤੇ ਮਿਲ ਰਿਹਾ ਹੈ ਜਿਸਦੇ ਹੁਣ ਤੱਕ 5 ਐਡੀਸ਼ਨ ਆ ਚੁੱਕੇ ਹਨ ਇਸ ਸ਼ਾਇਰ ਦੀ ਇਹ ਪਹਿਲੀ ਹੀ ਕਿਤਾਬ ਹੈ ਜੋ ਉਨ੍ਹਾਂ ਨੇ 2015 ‘ਚ ਲਿਖੀ ਸੀ ਸੱਤਪਾਲ ਭੀਖੀ ਦੀ ਤਰ੍ਹਾਂ ਹਰਮਨਜੀਤ ਵੀ ਪ੍ਰਾਇਮਰੀ ਅਧਿਆਪਕ ਹੈ ਹਰਮਨਜੀਤ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖਦਾ ਹੈ ਫਿਲਮ ਸਰਵਣ ਅਤੇ ਲਹੌਰੀਏ ਵਿੱਚ ਵੀ ਉਸ ਵੱਲੋਂ ਲਿਖੇ ਗੀਤਾਂ ਨੂੰ ਗਾਇਆ ਗਿਆ ਹੈ

ਜ਼ਿਲ੍ਹਾ ਮਾਨਸਾ ਦੇ ਇਨ੍ਹਾਂ ਦੋਵੇਂ ਲੇਖਕਾਂ ਦੀ ਇਸ ਮਾਣ ਮੱਤੀ ਪ੍ਰਾਪਤੀ ‘ਤੇ ਜ਼ਿਲ੍ਹਾ ਵਾਸੀਆਂ ਤੋਂ ਇਲਾਵਾ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਹੋਰ ਲੋਕਾਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ
ਦੱਸਣਯੋਗ ਹੈ ਕਿ ਵੱਖ-ਵੱਖ ਸੂਬਿਆਂ ਦੇ ਚੁਣੇ ਜਾਂਦੇ ਸਾਹਿਤਕਾਰਾਂ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਹ ਪੁਰਸਕਾਰ ਇੱਕ ਵੱਡੇ ਸਮਾਗਮ ਦੌਰਾਨ ਵੰਡੇ ਜਾਂਦੇ ਹਨ ਪੁਰਸਕਾਰ ‘ਚ ਪੰਜਾਹ ਹਜ਼ਾਰ ਰੁਪਏ, ਸਨਮਾਨ ਪੱਤਰ ਅਤੇ ਇੱਕ ਸ਼ਾਲ ਸ਼ਾਮਲ ਹੁੰਦਾ ਹੈ

ਲੇਖਕਾਂ ਦੀਆਂ ਰਚਨਾਵਾਂ ‘ਚੋਂ ਸਰਕਾਰਾਂ ਪੜ੍ਹਨ ਲੋਕਾਂ ਦੀ ਪੀੜਾ

ਸੱਤਪਾਲ ਭੀਖੀ ਦਾ ਕਹਿਣਾ ਹੈ ਕਿ ਸਰਕਾਰਾਂ ਲੇਖਕਾਂ ਨੂੰ ਸਾਹਿਤ ਸਿਰਜਣਾ ਦਾ ਮਹੌਲ ਦੇਣ ਉਨ੍ਹਾਂ ਆਖਿਆ ਕਿ ਲੇਖਕਾਂ ਦੀਆਂ ਰਚਨਾਵਾਂ ਆਮ ਲੋਕਾਂ ਦੇ ਮਸਲਿਆਂ ਨਾਲ ਜੁੜੀਆਂ ਹੁੰਦੀਆਂ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੇਖਕਾਂ ਦੀਆਂ ਰਚਨਾਵਾਂ ‘ਚੋਂ ਲੋਕਾਂ ਦੀ ਪੀੜਾ ਪੜ੍ਹਕੇ ਉਨ੍ਹਾਂ ਦਾ ਹੱਲ ਕਰਨ

ਇੱਕੋ ਘਰ ਦੇ ਨੇ ਚਾਰ ਸਾਹਿਤਕਾਰ

ਪੰਜਾਬੀ ਦੀ ਕਹਾਵਤ ‘ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ’ ਬਾਲ ਸਾਹਿਤਕਾਰ ਦੇ ਪਰਿਵਾਰ ‘ਤੇ ਸਹੀ ਢੁੱਕਦੀ ਹੈ ਇਸ ਪਰਿਵਾਰ ‘ਚੋਂ ਸੱਤਪਾਲ ਦੇ ਵੱਡੇ ਭਰਾ ਡਾ. ਲਕਸ਼ਮੀ ਨਰਾਇਣ ਵੀ ਸਾਹਿਤਕਾਰ ਹਨ, ਜਿਨ੍ਹਾਂ ਦੀਆਂ ਹੁਣ ਤੱਕ ਕਰੀਬ 6 ਕਿਤਾਬਾਂ ਛਪ ਚੁੱਕੀਆਂ ਹਨ ਸੱਤਪਾਲ ਦੀ ਪਤਨੀ ਨਰਿੰਦਰਪਾਲ ਕੌਰ ਵੀ ਕਵਿਤਾਵਾਂ ਲਿਖਦੀ ਹੈ ਉਨ੍ਹਾਂ ਦੀ ਇੱਕ ਕਿਤਾਬ ‘ਕੈਕਟਸ ਦੀ ਖੁਸ਼ਬੂ’ ਛਪ ਚੁੱਕੀ ਹੈ  ਸੱਤਪਾਲ ਦੀ ਨੌਵੀਂ ‘ਚ ਪੜ੍ਹਦੀ ਧੀ ਵੀ ਬਾਲ ਸਾਹਿਤ ਦੀ ਸਿਰਜਣਾ ਕਰਦੀ ਹੈ ਜਿਸਦੀਆਂ ਹੁਣ ਤੱਕ 3 ਬਾਲ ਪੁਸਤਕਾਂ ਛਪ ਚੁੱਕੀਆਂ ਹਨ

ਪ੍ਰੋ. ਔਲਖ ਤੋਂ ਬਾਅਦ ਫਿਰ ਮਿਲਿਆ ਮਾਨਸਾ ਨੂੰ ਮਾਣ

ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ‘ਚ ਪ੍ਰੋ. ਅਜਮੇਰ ਸਿੰਘ ਔਲਖ ਨੂੰ ਮਿਲਿਆ ਸੀ ਲੰਬੇ ਅਰਸੇ ਬਾਅਦ ਹੁਣ ਫਿਰ ਇਹ ਪੁਰਸਕਾਰ ਹਾਸਲ ਕਰਨ ਦਾ ਮਾਣ ਜ਼ਿਲ੍ਹਾ ਮਾਨਸਾ ਦੇ ਦੋ ਸਾਹਿਤਕਾਰਾਂ ਹਰਮਨਜੀਤ ਅਤੇ ਸੱਤਪਾਲ ਭੀਖੀ ਨੂੰ ਮਿਲਿਆ ਹੈ

ਵਹੀਕਲਾਂ ‘ਤੇ ਲਿਖਾਉਂਦੇ ਨੇ ਲੋਕ ‘ਰਾਣੀ ਤੱਤ’ ਦੀਆਂ ਸਤਰਾਂ

ਕਿਸੇ ਵੀ ਲੇਖਕ ਦੀ ਰਚਨਾ ਜਦੋਂ ਲੋਕ ਗੀਤ ਵਾਂਗ ਲੋਕਾਂ ਦੀ ਜੁਬਾਨ ‘ਤੇ ਆ ਜਾਵੇ ਤਾਂ ਇਹ ਵੀ ਉਸ ਲਈ ਸਭ ਤੋਂ ਵੱਡਾ ਪੁਰਸਕਾਰ ਹੁੰਦਾ ਹੈ ‘ਰਾਣੀ ਤੱਤ’ ਦੇ ਲੇਖਕ ਹਰਮਨਜੀਤ ਦੀਆਂ ਇਸ ਕਿਤਾਬ ਵਿਚਲੀਆਂ ਸਤਰਾਂ ਨੂੰ ਲੋਕ ਬੜੇ ਸ਼ੌਂਕ ਨਾਲ ਆਪਣੀਆਂ ਟਰਾਲੀਆਂ, ਮੋਟਰਸਾਈਕਲਾਂ ਆਦਿ ਸਮੇਤ ਹੋਰ ਵਹੀਕਲਾਂ ‘ਤੇ ਲਿਖਵਾਉਂਦੇ ਹਨ