ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੱਛਰਾਂ ਦੀ ਭਰਮਾਰ ਵਧਣ ਨਾਲ ਡੇਂਗੂ ਬੁਖਾਰ (Dengue) ਦੇ ਮਰੀਜਾਂ ਦੀ ਗਿਣਤੀ ਵੀ ਖੁੰਬਾਂ ਵਾਂਗ ਵਧਣੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਡੇਂਗੂ ’ਤੇ ਕਾਬੂ ਪਾਉਣਾ ਇਕੱਲੀ ਸਿਹਤ ਵਿਭਾਗ ਦੀ ਜਿੰਮੇਵਾਰੀ ਨਹੀਂ ਸਗੋਂ ਡੇਂਗੂ ਦੇ ਖਤਮੇ ਲਈ ਜਨਤਕ ਭਾਗੀਦਾਰੀ ਬਹੁਤ ਜਰੂਰੀ ਹੈ। ਹੁਣ ਮੱਛਰਾਂ ਦੇ ਪਨਪਣ ਦਾ ਸਮਾਂ ਹੈ, ਇਸ ਵਾਰ ਤਾਂ ਮੱਛਰ ਦੀ ਪੈਦਾਇਸ਼ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰਤੀਤ ਹੋ ਰਹੀ ਹੈ, ਪਰ ਇਸ ਵਾਰ ਮੱਛਰ ਡਾਢਾ ਢੀਠ ਵੀ ਲੱਗ ਰਿਹਾ ਹੈ ਇਸ ਵਾਰ ਤਾਂ ਮੱਛਰ ’ਤੇ ਮਾਰੂ ਕਰੀਮਾਂ, ਸਪਰੇਅ ਅਤੇ ਹੋਰ ਉਤਪਾਦਾਂ ਦਾ ਅਸਰ ਵੀ ਮੱਠਾ ਜਿਹਾ ਹੀ ਦਿਖਾਈ ਦੇ ਰਿਹਾ ਹੈ। ਜਿਸ ਨਾਲ ਵੈਕਟਰ ਬੌਰਨ ਬਿਮਾਰੀਆਂ ਮਲੇਰੀਆ, ਡੇਂਗੂ, ਚਿਕਨਗੁਨੀਆ, ਜੀਕਾ ਵਾਇਰਸ ਆਦਿ ਬੁਖਾਰਾਂ ਦੇ ਫੈਲਣ ਦਾ ਖਦਸ਼ਾ ਹੋਰ ਵੀ ਵਧ ਜਾਂਦਾ ਹੈ। ਇਸ ਲਈ ਡੇਂਗੂ ਨੂੰ ਸ਼ੁਰੂ ਵਿੱਚ ਹੀ ਕਾਬੂ ਪਾਉਣ ਲਈ ਸਮੇਂ ਸਿਰ ਕਾਰਵਾਈ ਪਾਉਣਾ ਸਮੇਂ ਦੀ ਲੋੜ ਹੈ।
ਡੇਂਗੂ ਕੀ ਹੈ: | Dengue
ਡੇਂਗੂ ਇੱਕ ਅਜਿਹਾ ਬੁਖਾਰ ਹੈ, ਜਿਸ ਨੂੰ ਮਹਾਂਮਾਰੀ ਦੇ ਰੂਪ ’ਚ ਦੇਖਿਆ ਜਾਂਦਾ ਹੈ। ਇਹ ਰੋਗ ਜਾਨਲੇਵਾ ਵੀ ਹੋ ਸਕਦਾ ਹੈ। ਡੇਂਗੂ ਬੁਖਾਰ ਨੂੰ ‘ਹੱਡਤੋੜ ਬੁਖਾਰ’ ਵੀ ਕਹਿੰਦੇ ਹਨ, ਕਿਉਂਕਿ ਇਸ ਨਾਲ ਪੀੜਤ ਲੋਕਾਂ ਨੂੰ ਇੰਨਾ ਜ਼ਿਆਦਾ ਸਰੀਰਕ ਦਰਦ ਹੋ ਸਕਦਾ ਹੈ ਕਿ ਜਿਵੇਂ ਉਨ੍ਹਾਂ ਦੀਆਂ ਹੱਡੀਆਂ ਟੁੱਟ ਰਹੀਆਂ ਹੋਣ।
ਕਿਵੇਂ ਫੈਲਦਾ ਹੈ ਡੇਂਗੂ:
ਡੇਂਗੂ ਇੱਕ ਖਤਰਨਾਕ ਬਿਮਾਰੀ ਹੈ, ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਡੇਂਗੂ ਫੈਲਦਾ ਹੈ ਇਨ੍ਹਾਂ ਡੇਂਗੂ ਮੱਛਰਾਂ ਦੀ ਨਿਸ਼ਾਨੀ ਇਨ੍ਹਾਂ ਦੇ ਸਰੀਰ ਵਿੱਚ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਹ ਮੱਛਰ ਜ਼ਿਆਦਾਤਰ ਦਿਨ ਵੇਲੇ ਹੀ ਲੋਕਾਂ ਨੂੰ ਕੱਟ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ। ਇਹ ਬਰਸਾਤ ਦੇ ਮੌਸਮ ਵਿੱਚ ਵਧਦਾ-ਫੁੱਲਦਾ ਹੈ ਅਤੇ ਇਸ ਮੌਸਮ ਵਿੱਚ ਇਹ ਮੱਛਰ ਉੱਚਾ ਉੱਡਣ ਦੇ ਯੋਗ ਵੀ ਨਹੀਂ ਹੁੰਦਾ।
ਡੇਂਗੂ ਫੈਲਣ ਦਾ ਕਾਰਨ:
ਬਰਸਾਤ ਦਾ ਪਾਣੀ, ਗਮਲਿਆਂ, ਕੂਲਰਾਂ, ਟਾਇਰਾਂ ਆਦਿ ਵਿਚ ਇਕੱਠਾ ਹੋ ਜਾਂਦਾ ਹੈ, ਜਿਸ ’ਚ ਮੱਛਰ ਪੈਦਾ ਹੁੰਦਾ ਹੈ। ਜੇਕਰ ਮੱਛਰ ਵਿੱਚ ਵਾਇਰਸ ਨਹੀਂ ਹੈ ਤਾਂ ਉਸਦੇ ਕੱਟਣ ਨਾਲ ਡੇਂਗੂ ਨਹੀਂ ਫੈਲਦਾ, ਜੇਕਰ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ ਜੋ ਡੇਂਗੂ ਤੋਂ ਪ੍ਰਭਾਵਿਤ ਹੈ ਤਾਂ ਉਹ ਮੱਛਰ ਸਿਹਤਮੰਦ ਵਿਅਕਤੀਆਂ ’ਚ ਅੱਗੇ ਵਾਇਰਸ ਫੈਲਾਉਂਦਾ ਰਹਿੰਦਾ ਹੈ।
ਡੇਂਗੂ ਦੇ ਲੱਛਣ:
- ਡੇਂਗੂ ’ਚ ਬੁਖਾਰ ਅਤੇ ਸਿਰ ਦਰਦ ਬਹੁਤ ਤੇਜ਼ ਹੁੰਦਾ ਹੈ।
- ਸਰੀਰ ’ਚ ਕਮਜ਼ੋਰੀ ਅਤੇ ਚੱਕਰ ਆਉਂਦੇ ਹਨ।
- ਉਲਟੀਆਂ ਆਉਂਦੀਆਂ ਹਨ ਤੇ ਮੂੰਹ ਦਾ ਸਵਾਦ ਬਦਲ ਜਾਂਦਾ ਹੈ, ਜੀ ਕੱਚਾ-ਕੱਚਾ ਮਹਿਸੂਸ ਹੁੰਦਾ ਹੈ।
- ਅੱਖਾਂ ਦੇ ਪਿਛਲੇ ਪਾਸੇ ਦਰਦ, ਹੱਥ-ਪੈਰ ਦਰਦ ਤੇ ਪਿੱਠ ਦਰਦ ਦੀ ਸ਼ਿਕਾਇਤ ਹੁੰਦੀ ਹੈ।
- ਜੋੜਾਂ ਅਤੇ ਮਾਸਪੇਸ਼ੀਆਂ ’ਚ ਦਰਦ, ਬੇਚੈਨੀ ਅਤੇ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ।
- ਜ਼ਿਆਦਾ ਸਿਹਤ ਵਿਗੜਣ ’ਤੇ ਮੂੰਹ-ਨੱਕ ਅਤੇ ਮਸੂੜਿਆਂ ’ਚੋਂ ਖੂਨ ਵਗਣ ਲੱਗਦਾ ਹੈ।
ਡੇਂਗੂ ਦੀ ਜਾਂਚ ਅਤੇ ਇਲਾਜ:
- ਡੇਂਗੂ ਮੱਛਰ ਦੇ ਕੱਟਣ ਦੇ 3 ਤੋਂ 5 ਦਿਨਾਂ ਬਾਅਦ ਮਰੀਜ ਨੂੰ ਬੁਖਾਰ ਹੋਣ ਲੱਗਦਾ ਹੈ। ਜਿਸ ਤੋਂ ਬਾਅਦ 10 ਦਿਨਾਂ ’ਚ ਇਹ ਬਿਮਾਰੀ ਸਰੀਰ ਦੇ ਅੰਦਰ ਵਧਣੀ ਸ਼ੁਰੂ ਹੋ ਜਾਂਦੀ ਹੈ।
- ਡੇਂਗੂ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰ ਕੋਲ ਜਾਂਚ ਲਈ ਜਾਣਾ ਚਾਹੀਦਾ ਹੈ। ਜੇਕਰ ਮਰੀਜ ਨੂੰ 102 ਡਿਗਰੀ ਤੱਕ ਬੁਖਾਰ ਹੈ ਤਾਂ ਉਸ ਦੇ ਮੱਥੇ ’ਤੇ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ।
- ਮਰੀਜ ਨੂੰ ਸਿਹਤਮੰਦ ਭੋਜਨ ਦਿੰਦੇ ਰਹੋ।
- ਮਰੀਜ ਨੂੰ ਆਰਾਮ ਕਰਨ ਦਿਓ।
- ਡਾਕਟਰੀ ਸਲਾਹ ਤੋਂ ਬਿਨਾ ਕੋਈ ਵੀ ਘਰੇਲੂ ਨੁਕਸਾ ਜਾਂ ਦਵਾਈ ਨਾ ਲਵੋ ਅਤੇ ਮਰੀਜ ਦੀ ਹਾਲਤ ਬਾਰੇ ਡਾਕਟਰ ਨੂੰ ਸਮੇਂ-ਸਮੇਂ ਜਾਣੂ ਕਰਵਾਉਂਦੇ ਰਹੋ।
ਡੇਂਗੂ ਤੋਂ ਬਚਣ ਲਈ ਸਾਵਧਾਨੀਆਂ: | Dengue
ਆਪਾਂ ਆਪਣੇ ਘਰਾਂ ਵਿੱਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੀਏ, ਹਰ ਹਫਤੇ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ, ਘਰਾਂ ਦੀਆਂ ਛੱਤਾਂ ਉੱਪਰ ਪਏ ਪੁਰਾਣੇ ਟਾਇਰੇ, ਕਬਾੜ ਆਦਿ ਨੂੰ ਕਵਰ ਹੇਠਾਂ ਰੱਖੀਏ,ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੌਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸਾਫ ਕਰੀਏੇ, ਕੂਲਰਾਂ ਨੂੰ ਵੀ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ, ਇਸੇ ਤਰ੍ਹਾਂ ਫਰਿੱਜ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਨੂੰ ਖਾਲੀ ਕਰਕੇ ਸੁਕਾਈਏ, ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ, ਬਚਾਅ ਲਈ ਖੜੇ੍ਹ ਪਾਣੀ ਦੇ ਸੋਮਿਆਂ ’ਤੇ ਕਾਲਾ-ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਅੰਡੇ ਖਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ, ਇਨ੍ਹਾਂ ਸਾਰੀਆਂ ਸਰਗਰਮੀਆਂ ਨੂੰ ਅਮਲ ’ਚ ਲਿਆਉਣ ਲਈ ਬਣਾਈ ਰਣਨੀਤੀ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਨੇ ਨਾਅਰਾ ਦਿੱਤਾ ਹੈ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ।
ਇਹ ਵੀ ਪੜ੍ਹੋ : ਆਰਥਿਕ ਚੁਣੌਤੀਆਂ ਨਾਲ ਭਰਪੂਰ ਮੈਡੀਕਲ ਸਿੱਖਿਆ
ਇਸ ਮੌਸਮ ਵਿੱਚ ਪੂਰੇ ਕੱਪੜੇ ਪਹਿਨੋ, ਸਰੀਰ ਨੂੰ ਢੱਕ ਕੇ ਰੱਖੋ, ਰਾਤ ਸਮੇਂ ਸੌਣ ਲੱਗਿਆਂ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਓ, ਸਰੀਰ ਉਪਰ ਮੱਛਰ ਮਾਰੂ ਕਰੀਮਾਂ ਜਾਂ ਤੇਲ ਅਦਿ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਹਰ ਇੱਕ ਬੁਖਾਰ ਵਾਲੇ ਕੇਸ ਦਾ ਡੇਂਗੂ ਸਬੰਧੀ ਖੂਨ ਦਾ ਸਲਾਈਡ ਟੈਸਟ ਕਰਨ ਤੇ ਪ੍ਰਭਾਵਿਤ ਖੇਤਰਾਂ ਅੰਦਰ ਸਪਰੇਅ ਤੇ ਫੋਗਿੰਗ ਆਦਿ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੌਰਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਕਿਸੇ ਦੀਆਂ ਗੱਲਾਂ ’ਚ ਨਾ ਆਓ
ਇਨ੍ਹਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆਂ ਤਰੀਕਾ ਹੈ ਕਿ ਸਾਫ-ਸਫਾਈ ਰੱਖੀ ਜਾਵੇ ਤੇ ਕਿਸੇ ਥਾਂ ’ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਅਜਿਹੇ ਲੱਛਣ ਹੋਣ ’ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸਪੰਰਕ ਕਰੋ, ਡੇਂਗੂ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ, ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੇ ਸੁਝਾਵਾਂ ਲਈ 24 ਘੰਟੇ ਉਪਲੱਬਧ ਟੋਲ ਫ੍ਰੀ ਹੈਲਪ ਲਾਈਨ ਨੰਬਰ 104 ’ਤੇ ਵੀ ਸੰਪੰਰਕ ਕੀਤਾ ਜਾ ਸਕਦਾ ਹੈ।
ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਮੋ. 98146-56257