ਓ.ਪੀ. ਸੋਨੀ ਪਿਛਲੇ ਇੱਕ ਹਫ਼ਤੇ ਤੋਂ ਅੰਮ੍ਰਿਤਸਰ ਵਿਖੇ ਹੀ ਲਾਈ ਬੈਠੇ ਹਨ ਡੇਰਾ, ਨਹੀਂ ਆ ਰਹੇ ਚੰਡੀਗੜ੍ਹ
ਸਿੱਖਿਆ ਵਿਭਾਗ ਖੋਹਣ ਤੋਂ ਬਾਅਦ ਨਾਰਾਜ਼ ਚੱਲ ਰਹੇ ਹਨ ਸੋਨੀ
ਨਵਜੋਤ ਸਿੱਧੂ ਦੇ ਸਮਝੌਤੇ ਨਾਲ ਸ਼ਾਇਦ ਹੋ ਜਾਵੇ ਫਾਇਦਾ, ਇਸ ਲਈ ਕਰ ਰਹੇ ਹਨ ਇੰਤਜ਼ਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਦੇ ਸਮਝੌਤੇ ਦਾ ਇੰਤਜ਼ਾਰ ਕੋਈ ਹੋਰ ਨਹੀਂ ਸਗੋਂ ਅੰਮ੍ਰਿਤਸਰ ਤੋਂ ਹੀ ਕੈਬਨਿਟ ਮੰਤਰੀ ਓ.ਪੀ. ਸੋਨੀ ਵੀ ਕਰਨ ਵਿੱਚ ਲੱਗੇ ਹੋਏ ਹਨ। ਉਹ ਅਗਲੇ 4-5 ਦਿਨ ਅਜੇ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਨਗੇ। ਨਵਜੋਤ ਸਿੱਧੂ ਵਾਂਗ ਓ.ਪੀ. ਸੋਨੀ ਵੀ ਅਮਰਿੰਦਰ ਸਿੰਘ ਤੋਂ ਵਿਭਾਗ ਬਦਲੇ ਜਾਣ ਕਾਰਨ ਨਰਾਜ਼ ਚਲ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਦੋਂ ਨਵਜੋਤ ਸਿੱਧੂ ਦਾ ਸਮਝੌਤਾ ਹੋਵੇਗਾ ਤਾਂ ਉਹ ਸਮਝੌਤੇ ਦੀ ਗੰਗਾ ਵਿੱਚ ਉਨ੍ਹਾਂ ਦਾ ਵੀ ਉਧਾਰ ਹੋ ਜਾਵੇਗਾ। ਉਨ੍ਹਾਂ ਨੂੰ ਇਹ ਵੀ ਉਮੀਦ ਹੈ ਕਿ ਅਮਰਿੰਦਰ ਸਿੰਘ ਜੇਕਰ ਨਵਜੋਤ ਸਿੱਧੂ ਨੂੰ ਖੁਸ਼ ਕਰਨ ਲਈ ਕੋਈ ਇੱਕ ਅੱਧਾ ਹੋਰ ਵਿਭਾਗ ਦੇਣਗੇ ਤਾਂ ਉਨਾਂ ਨੂੰ ਵੀ ਕੁਝ ਹੋਰ ਮਿਲ ਸਕਦਾ ਹੈ।
ਇਸ ਲਈ ਓ.ਪੀ. ਸੋਨੀ ਕੋਈ ਨਾ ਕੋਈ ਬਹਾਨਾ ਬਣਾਉਂਦੇ ਹੋਏ ਅੰਮ੍ਰਿਤਸਰ ਵਿਖੇ ਹੀ ਅਗਲੇ ਕੁਝ ਦਿਨ ਰਹਿਣਗੇ। ਇਥੇ ਜਿਕਰਯੋਗ ਹੈ ਕਿ ਓ.ਪੀ. ਸੋਨੀ ਕੋਲ ਸਿੱਖਿਆ ਵਿਭਾਗ ਸੀ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਉਹ ਆਪਣੇ ਵੱਖ-ਵੱਖ ਬਿਆਨਾਂ ਅਤੇ ਫੈਸਲੇ ਦੇ ਕਾਰਨ ਵਿਵਾਦ ਵਿੱਚ ਵੀ ਰਹੇ ਸਨ, ਜਿਸ ਕਾਰਨ ਉਨ੍ਹਾਂ ਤੋਂ ਕੈਬਨਿਟ ਦੇ ਕਈ ਮੰਤਰੀ ਵੀ ਨਰਾਜ਼ ਹੋ ਗਏ ਸਨ। ਪਿਛਲੀ 6 ਜੂਨ ਨੂੰ ਹੋਏ ਵਿਭਾਗਾਂ ਦੇ ਰੱਦੋ ਬਦਲ ਵਿੱਚ ਉਨ੍ਹਾਂ ਤੋਂ ਸਿੱਖਿਆ ਵਿਭਾਗ ਵਾਪਸ ਲੈਂਦੇ ਹੋਏ ਮੈਡੀਕਲ ਖੋਜ ਅਤੇ ਸਿੱਖਿਆ ਵਿਭਾਗ ਦੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਓ.ਪੀ. ਸੋਨੀ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ਼ ਹੋ ਕੇ ਅੰਮ੍ਰਿਤਸਰ ਚਲੇ ਗਏ ਸਨ।
ਉਹ ਪਿਛਲੇ ਢਾਈ ਸਾਲਾਂ ਦੌਰਾਨ ਪਹਿਲੀ ਵਾਰ ਪਿਛਲੇ 12 ਦਿਨ ਤੋਂ ਅੰਮ੍ਰਿਤਸਰ ਵਿਖੇ ਹੀ ਡੇਰਾ ਜਮਾਈ ਬੈਠੇ ਹਨ ਅਤੇ ਚੰਡੀਗੜ ਨਹੀਂ ਆ ਰਹੇ। ਇਸ ਤੋਂ ਪਹਿਲਾਂ ਉਹ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਚੰਡੀਗੜ੍ਹ ਵਿਖੇ ਹੀ ਜਿਆਦਾ ਸਮਾਂ ਬਿਤਾਉਂਦੇ ਰਹੇ ਹਨ। ਓ.ਪੀ. ਸੋਨੀ ਨੇ ਅਜੇ ਤੱਕ ਆਪਣੀ ਨਰਾਜ਼ਗੀ ਸਬੰਧੀ ਖੁੱਲ੍ਹ ਕੇ ਵਿਰੋਧ ਜ਼ਾਹਿਰ ਨਹੀਂ ਕੀਤਾ ਹੈ ਪਰ ਵਿਭਾਗ ਦਾ ਕਾਰਜਭਾਰ ਨਾ ਸੰਭਾਲਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਇੱਕ ਸੁਨੇਹਾ ਜ਼ਰੂਰ ਦੇ ਦਿੱਤਾ ਹੈ। ਹੁਣ ਉਹ ਇਸ ਇੰਤਜ਼ਾਰ ਵਿੱਚ ਹਨ ਕਿ ਨਵਜੋਤ ਸਿੱਧੂ ਨਾਲ ਜੇਕਰ ਸਮਝੌਤੇ ਵਿੱਚ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਕੋਈ ਹੋਰ ਵਿਭਾਗ ਦਿੱਤਾ ਤਾਂ ਉਹ ਵੀ ਅੱਗੇ ਆਉਂਦੇ ਹੋਏ ਇੱਕ ਅੱਧਾ ਵਿਭਾਗ ਹੋਰ ਲੈਣਗੇ। ਇਥੇ ਹੀ ਜੇਕਰ ਸਿੱਧੂ ਦੇ ਹੱਥ ਖਾਲੀ ਰਹੇ ਤਾਂ ਉਹ ਵੀ ਆਪਣੇ ਨਵੇਂ ਵਿਭਾਗ ਦਾ ਕਾਰਜਭਾਰ ਸੰਭਾਲ ਲੈਣਗੇ। ਓ.ਪੀ. ਸੋਨੀ ਫਿਲਹਾਲ ਸਿੱਧੂ-ਅਮਰਿੰਦਰ ਵਿਵਾਦ ਦੇ ਖ਼ਤਮ ਹੋਣ ਦਾ ਹੀ ਇੰਤਜ਼ਾਰ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।