48 ਬੂਥਾਂ ‘ਤੇ ਅੱਜ ਮੁੜ ਪੈਣਗੀਆਂ ਵੋਟਾਂ

Voting

ਕਮਿਸ਼ਨ ਦੇ ਫੈਸਲੇ ਤੋਂ ਉਮੀਦਵਾਰ ਹੋਏ ਹੈਰਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ । ਚੋਣ ਕਮਿਸ਼ਨ ਨੇ 5 ਵਿਧਾਨ ਸਭਾ ਹਲਕਿਆਂ ਦੇ 48 ਬੂਥਾਂ ‘ਤੇ ਮੁੜ ਤੋਂ 9 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਦੇ ਇਸ ਐਲਾਨ ਤੋਂ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੇ ਹੈਰਾਨਗੀ ਪ੍ਰਗਟ ਕਰਦਿਆਂ ਇਸ ਫੈਸਲੇ ਨੂੰ ਗਲਤ ਠਹਿਰਾ ਰਹੇ ਹਨ, ਕਿਉਂਕਿ ਉਮੀਦਵਾਰਾਂ ਨੇ ਦੁਬਾਰਾ ਵੋਟਿੰਗ ਕਰਵਾਉਣ ਦੀ ਮੰਗ ਨਹੀਂ ਕੀਤੀ ਸੀ ਅਤੇ ਇਸ ਫੈਸਲੇ ਨੂੰ ਚੋਣ ਕਮਿਸ਼ਨ ਨੇ ਜ਼ਿਲ੍ਹਾ ਪੱਧਰੀ ਅਧਿਕਾਰੀ ਵੱਲੋਂ ਆਈ ਰਿਪੋਰਟ ਦੇ ਆਧਾਰ ‘ਤੇ ਹੀ ਮੁੜ ਤੋਂ ਚੋਣ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

ਚੋਣ ਕਮਿਸ਼ਨ ਦੇ ਇਸ ਫੈਸਲੇ ਤੋਂ ਬਾਅਦ ਆਪਣੇ ਘਰਾਂ ਵਿੱਚ ਅਰਾਮ ਫਰਮਾ ਰਹੇ ਉਮੀਦਵਾਰਾਂ ਨੇ ਮੁੜ ਤੋਂ ਸਰਗਰਮੀ ਸ਼ੁਰੂ ਕਰਦਿਆਂ ਆਪਣੇ-ਆਪਣੇ ਹਲਕੇ ਵਿੱਚ ਆਉਂਦੇ ਮੁੜ ਚੋਣ ਵਾਲੇ ਬੂਥਾਂ ‘ਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਮਜੀਠਾ ਅਤੇ ਸੰਗਰੂਰ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਜ਼ਿਆਦਾ ਬੂਥ ‘ਤੇ ਮੁੜ ਤੋਂ ਚੋਣ ਹੋਵੇਗੀ।

ਕਮਿਸ਼ਨ ਦੇ ਫੈਸਲੇ ਤੋਂ ਉਮੀਦਵਾਰ ਹੋਏ ਹੈਰਾਨ

ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਵੀਵੀਪੈਡ ਅਤੇ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ 4 ਫਰਵਰੀ ਨੂੰ ਚੋਣ ਦਰਮਿਆਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਕਾਫ਼ੀ ਥਾਂਵਾਂ ‘ਤੇ ਈਵੀਐਮ ਅਤੇ ਵੀਵੀਪੈਡ ਨੂੰ ਬਦਲ ਦਿੱਤਾ ਗਿਆ ਸੀ ਅਤੇ ਵੋਟਿੰਗ ਮੁੜ ਤੋਂ ਸ਼ੁਰੂ ਵੀ ਹੋ ਗਈ ਸੀ ਪਰ ਮੰਗਲਵਾਰ ਨੂੰ ਅਚਾਨਕ ਚੋਣ ਕਮਿਸ਼ਨ ਨੇ ਇਨਾਂ ਬੂਥਾਂ ‘ਤੇ ਮੁੜ ਤੋਂ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਜਿਹੜੇ 48 ਬੂਥਾਂ ‘ਤੇ ਮੁੜ ਤੋਂ ਚੋਣ ਹੋਣੀ ਹੈ, ਉਨਾਂ ਵਿੱਚੋਂ 12 ਮਜੀਠਾ, 9 ਬੂਥ ਮੁਕਤਸਰ ਅਤੇ 9 ਸੰਗਰੂਰ ਹਲਕੇ ਨਾਲ ਸਬੰਧਿਤ ਹਨ ਅਤੇ 15 ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਬੂਥ ਹਨ, ਜਦੋਂ ਕਿ ਮੋਗਾ ਅਤੇ ਸਰਦੂਗਲੜ ਹਲਕੇ ਦਾ ਇੱਕ-ਇੱਕ ਬੂਥ ਹੈ।

ਇਥੇ ਹੀ ‘ਆਪ’ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਨਾਂ ਨੇ ਕੋਈ ਮੰਗ ਨਹੀਂ ਕੀਤੀ ਸੀ ਪਰ ਚੋਣ ਕਮਿਸ਼ਨ ਦਾ ਫੈਸਲਾ ਆਉਣ ਤੋਂ ਬਾਅਦ ਉਹ ਵਿਰੋਧ ਕਰਨ ਦੀ ਥਾਂ ‘ਤੇ ਇਨਾਂ ਬੂਥਾਂ ‘ਤੇ ਮੁੜ ਤੋਂ ਡੋਰ ਟੂ ਡੋਰ ਪ੍ਰਚਾਰ ਕਰਨ ਵਿੱਚ ਲਗ ਪਏ ਹਨ। ਉਨਾਂ ਕਿਹਾ ਕਿ ਉਹ ਜਿੱਤ ਰਹੇ ਹਨ ਪਰ ਦੋਬਾਰਾ ਚੋਣ ਕਰਵਾਉਣ ਪਿੱਛੇ ਕੀ ਕਾਰਨ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਹੈਰਾਨੀਜਨਕ ਫੈਸਲਾ ਹੈ : ਮਜੀਠੀਆ

ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਉਨਾਂ ਵਲੋਂ ਕਿਸੇ ਵੀ ਬੂਥ ‘ਤੇ ਮੁੜ ਤੋਂ ਚੋਣ ਕਰਵਾਏ ਜਾਣ ਦੀ ਕੋਈ ਮੰਗ ਨਹੀਂ ਕੀਤੀ ਹੈ ਪਰ ਉਹ ਹੈਰਾਨ ਹਨ ਕਿ ਚੋਣ ਕਮਿਸ਼ਨ ਨੇ ਚੋਣ ਮੁਕੰਮਲ ਹੋਣ ਦੇ ਤਿੰਨ ਦਿਨ ਬਾਅਦ ਮੁੜ ਤੋਂ ਚੋਣ ਕਰਵਾਏ ਜਾਣ ਦੇ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਉਨ੍ਹਾਂ ਥਾਂਵਾਂ ‘ਤੇ ਹੋ ਰਹੀਂ ਹੈ, ਜਿੱਥੇ ਕਿ ਸਭ ਤੋਂ ਜ਼ਿਆਦਾ ਵੋਟ ਪਈਆਂ ਹਨ ਪਰ ਫਿਰ ਵੀ ਇਨ੍ਹਾਂ ਬੂਥ ‘ਤੇ ਮੁੜ ਚੋਣ ਕਰਵਾਉਣਾ ਹੈਰਾਨੀਜਨਕ ਫੈਸਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ