ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home Breaking News Punjab Polls ...

    Punjab Polls Live: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ ਪੈਣੀਆਂ ਸ਼ੁਰੂ, ਪੋਲਿੰਗ ਸਟੇਸ਼ਨਾਂ ’ਤੇ ਲੱਗੀਆਂ ਕਤਾਰਾਂ

    Punjab Polls Live
    Punjab Polls Live: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ ਪੈਣੀਆਂ ਸ਼ੁਰੂ, ਪੋਲਿੰਗ ਸਟੇਸ਼ਨਾਂ ’ਤੇ ਲੱਗੀਆਂ ਕਤਾਰਾਂ

    Punjab Polls Live: 17 ਦਸੰਬਰ ਨੂੰ ਐਲਾਨਿਆ ਜਾਵੇਗਾ ਨਤੀਜਾ

    Punjab Polls Live: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪਟਿਆਲਾ ਅੰਦਰ ਵੋਟਰਾਂ ਵੱਲੋਂ ਆਪਣੀ ਵੋਟ ਪਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਵੇਰੇ ਸਵੇਰੇ ਕੰਮ ਧੰਦਿਆਂ ਵਿਚ ਲੱਗੇ ਹੋਏ ਵੋਟਰਾਂ ਵੱਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ। ਉੰਝ ਸਵੇਰੇ ਵੋਟਿੰਗ ਦੀ ਰਫਤਾਰ ਮੱਠੀ ਰਹੀ। ਇਸ ਦੌਰਾਨ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਅਤੇ ਉੱਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪਟਿਆਲਾ ਪੁਲਿਸ ਵੀ ਪੂਰੀ ਤਰ੍ਹਾਂ ਚੁਕੰਨੀ ਨਜ਼ਰ ਆਈ ।‌

    ਜ਼ਿਲਾ ਸੰਗਰੂਰ ਦੇ ਐਸਐਸਪੀ ਵੱਲੋਂ ਜ਼ਿਲਾ ਪਟਿਆਲਾ ਦਾ ਵੀ ਵਾਧੂ ਕਾਰਜ ਦੇਖਿਆ ਜਾ ਰਿਹਾ ਹੈ ਜਿਸ ਤਹਿਤ ਉਨਾਂ ਵੱਲੋਂ ਜ਼ਿਲਾ ਪੁਲਿਸ ਨੂੰ ਪੂਰੀ ਮੁਸਤੈਦੀ ਨਾਲ ਕੰਮ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ। ਪਟਿਆਲਾ ਰੇਂਜ ਦੀ ਡੀਆਈਜੀ ਕੁਲਦੀਪ ਚਹਿਲ ਵੱਲੋਂ ਵੀ ਜ਼ਿਲ੍ਹਾ ਪਟਿਆਲਾ ਸਮੇਤ ਰੇਂਜ ਅਧੀਨ ਆਉਂਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਪਣੀ ਨਜ਼ਰ ਬਣਾਈ ਹੋਈ ਹੈ। ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ ਅਤੇ ਪੰਚਾਇਤ ਸੰਮਤੀ ਦੀਆਂ 2838 ਸੀਟਾਂ ਲਈ ਵੋਟਾਂ ਸਵੇਰੇ 8:00 ਵਜੇ ਤੋਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸ਼ਾਮ 4 ਵਜੇ ਤੱਕ ਵੋਟਾਂ ਪੈਣੀਆਂ ਜਾਰੀ ਰਹਿਣਗੀਆਂ। ਵੋਟਾਂ ਬੈਲਟ ਪੇਪਰ ਰਾਹੀਂ ਪੈ ਰਹੀਆਂ ਹਨ। Punjab Polls Live

    ਸਟਾਫ਼ ਦੀ ਤਾਇਨਾਤੀ | Punjab Polls Live

    ਸ਼ਨਿੱਚਰਵਾਰ ਸਵੇਰ ਤੱਕ ਪੋਲਿੰਗ ਪਾਰਟੀਆਂ ਪੋਲਿੰਗ ਸਮੱਗਰੀ ਲੈ ਕੇ ਬੂਥਾਂ ’ਤੇ ਪੁੱਜ ਗਈਆਂ ਸਨ। ਚੋਣ ਪ੍ਰੀਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕਰੀਬ 90 ਹਜ਼ਾਰ ਚੋਣ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 44 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਬੂਥਾਂ ਅਤੇ ਪੈਟਰੋਲਿੰਗ ਡਿਊਟੀ ’ਤੇ ਲਾਇਆ ਗਿਆ ਹੈ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ ਅਤੇ ਗਿਣਤੀ ਉਪਰੰਤ ਨਤੀਜਾ ਐਲਾਨਿਆ ਜਾਵੇਗਾ। ਜਾਣਕਾਰੀ ਅਨੁਸਾਰ 22 ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਲਈ 1280 ਅਤੇ ਪੰਚਾਇਤ ਸੰਮਤੀ ਲਈ 8495 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ।

    Read Also : ਸੋਸ਼ਲ ਮੀਡੀਆ ਦਾ ਵਧਦਾ ਦਬਦਬਾ ਬਚਪਨ ਦਾ ਨੁਕਸਾਨ

    ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ , ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਲੜ ਰਹੀਆਂ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਅਕਾਲੀ ਦਲ ਪੁਨਰ ਸੁਰਜੀਤ ਨੇ ਵੀ ਕਈ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਕਈ ਥਾਵਾਂ ’ਤੇ ਅਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਹੈ।

    ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਅਨੁਸਾਰ ਨਿਰਪੱਖ ਤੇ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਜਿੱਥੇ 23 ਜ਼ਿਲ੍ਹਿਆਂ ਵਿਚ ਸੀਨੀਅਰ ਆਈਏਐੱਸ, ਪੀਸੀਐੱਸ ਅਧਿਕਾਰੀਆਂ ਨੂੰ ਬਤੌਰ ਨਿਗਰਾਨ ਤਾਇਨਾਤ ਕੀਤਾ ਗਿਆ ਹੈ ਉਥੇ ਕੁੱਝ ਜ਼ਿਲ੍ਹਿਆ ਪਟਿਆਲਾ, ਸੰਗਰੂਰ, ਬਰਨਾਲਾ, ਤਰਨਤਾਰਨ, ਰੂਪਨਗਰ, ਜਲੰਧਰ, ਕਪੂਰਥਲਾ ਅਤੇ ਮੋਗਾ ਵਿਖੇ ਆਈਪੀਐੱਸ ਅਧਿਕਾਰੀਆਂ ਨੂੰ ਵੀ ਨਿਗਰਾਨ ਲਾਇਆ ਗਿਆ ਹੈ।

    ਖ਼ੁਫੀਆਂ ਅਤੇ ਪੁਲਿਸ ਵਿਭਾਗ ਤੋਂ ਮਿਲੀ ਰਿਪੋਰਟ ਦੇ ਆਧਾਰ ’ਤੇ ਚੋਣ ਕਮਿਸ਼ਨ ਨੇ ਸੂਬੇ ਵਿਚ 860 ਪੋਲਿੰਗ ਸਟੇਸ਼ਨ ਅਤਿ ਨਾਜ਼ੁਕ ਅਤੇ 3405 ਨਾਜ਼ੁਕ ਐਲਾਨ ਕੀਤੇ ਹਨ। ਇਹਨਾਂ ਥਾਵਾਂ ’ਤੇ ਪੁਲਿਸ ਮੁਲਾਜ਼ਮਾਂ ਦੀ ਵੱਧ ਤਾਇਨਾਤੀ ਕੀਤੀ ਗਈ ਹੈ ਅਤੇ ਪੁਲਿਸ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ।

    ਪੰਚਾਇਤ ਸੰਮਤੀ ਲਈ ‘ਆਪ’ ਦੇ 340 ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤੇ: ਮਾਨ

    ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਚਾਇਤ ਸੰਮਤੀ ਲਈ ‘ਆਪ’ ਦੇ 340 ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤ ਗਏ ਹਨ, ਜਦੋਂਕਿ ਕਾਂਗਰਸ ਦੇ ਤਿੰਨ ਅਤੇ ਅੱਠ ਅਜ਼ਾਦ ਉਮੀਦਵਾਰ ਵੀ ਬਿਨਾਂ ਮੁਕਾਬਲੇ ਜਿੱਤੇ ਹਨ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਣ ਜਾਂ ਰੱਦ ਕਰਨ ਬਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ‘ਆਪ’ ਦੇ 2771, ਕਾਂਗਰਸ ਦੇ 2433, ਸ਼੍ਰੋਮਣੀ ਅਕਾਲੀ ਦਲ ਦੇ 1814, ਭਾਜਪਾ ਦੇ 1127, ਬਸਪਾ ਦੇ 195, ਅਕਾਲੀ ਦਲ (ਅ) ਦੇ 3 ਅਤੇ ਅਜ਼ਾਦ 686 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਲਈ ‘ਆਪ’ ਦੇ 343, ਕਾਂਗਰਸ ਦੇ 331, ਅਕਾਲੀ ਦਲ ਦੇ 298, ਭਾਜਪਾ ਦੇ 215, ਬਸਪਾ ਦੇ 50 ਅਤੇ ਅਕਾਲੀ ਦਲ (ਅ) ਦੇ ਚਾਰ ਉਮੀਦਵਾਰ ਚੋਣ ਮੈਦਾਨ ਵਿਚ ਹਨ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਸਵਾਲ ਕੀਤਾ ਕਿ ਜੇਕਰ ਕਾਗਜ਼ ਭਰਨ ਨਹੀ ਦਿੱਤੇ ਗਏ ਤਾਂ ਇਹ ਉਮੀਦਵਾਰ ਚੋਣ ਮੈਦਾਨ ਵਿੱਚ ਕਿਵੇਂ ਆ ਗਏ।