ਘੱਗਰ (Ghaggar) ਨਾਲ ਲੱਗਦੇ ਪਿੰਡਾਂ ਦੇ ਲੋਕ ਉਮੀਦਵਾਰਾਂ ਨੂੰ ਘੇਰਨ ਲਈ ਲਾਮਬੰਦ ਹੋਏ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਚੋਣਾਂ ਦੌਰਾਨ ਹਰ ਵਾਰ ਘੱਗਰ ਦੇ ਨਾਂਅ ’ਤੇ ਲੋਕਾਂ ਤੋਂ ਵੋਟਾਂ ਤਾਂ ਵਟੋਰ ਲਈਆਂ ਜਾਂਦੀਆਂ ਹਨ, ਪਰ ਜਿੱਤਣ ਤੋਂ ਬਾਅਦ ਘੱਗਰ ਦਾ ਮਸਲਾ ਹੱਲ ਕਰਨ ਦੀ ਥਾਂ ਲੋਕਾਂ ਨੂੰ ਘੱਗਰ (Ghaggar) ਦਾ ਕਹਿਰ ਆਪਣੇ ਪਿੰਡੇ ’ਤੇ ਹਢਾਉਣਾ ਪੈਂਦਾ ਹੈ। ਇਸ ਵਾਰ ਘੱਗਰ ਦਾ ਮਸਲਾ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਲਈ ਗਲ ਦੀ ਹੱਡੀ ਸਾਬਤ ਹੋਵੇਗਾ ਕਿਉਂਕਿ ਘੱਗਰ ਨਾਲ ਲੱਗਦੇ ਪਿੰਡਾਂ ਵੱਲੋਂ ਵੱਖ-ਵੱਖ ਪਾਰਟੀਆਂ ਨੂੰ ਘੇਰਨ ਦਾ ਮਨ ਬਣਾ ਲਿਆ ਹੈ। ਪਟਿਆਲਾ ਜ਼ਿਲ੍ਹੇ ਨੂੰ ਕੁਝ ਮਹੀਨੇ ਪਹਿਲਾਂ ਹੀ ਹੜ੍ਹਾਂ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਅਤੇ ਜਾਨੀ-ਮਾਲੀ ਨੁਕਸਾਨ ਉਠਾਉਣਾ ਪਿਆ ਹੈ।
ਇਸ ਵਾਰ ਘੱਗਰ ਦਾ ਮੁੱਦਾ ਬਣੇਗਾ ਉਮੀਦਵਾਰਾਂ ਲਈ ਗਲ਼ ਦੀ ਹੱਡੀ | Ghaggar
ਦੱਸਣਯੋਗ ਹੈ ਕਿ ਪੰਜਾਬ ਅੰਦਰ ਘੱਗਰ ਮੁਹਾਲੀ ਜ਼ਿਲ੍ਹੇ ਤੋਂ ਸ਼ੁਰੂ ਹੁੰਦਾ ਹੋਇਆ ਜ਼ਿਲ੍ਹਾ ਪਟਿਆਲਾ, ਜ਼ਿਲ੍ਹਾ ਸੰਗਰੂਰ, ਜ਼ਿਲ੍ਹਾ ਮਾਨਸਾ ਆਦਿ ਦੇ ਸੈਂਕੜੇ ਪਿੰਡਾਂ ਵਿੱਚੋਂ ਦੀ ਗੁਜ਼ਰਦਾ ਹੈ। ਪਟਿਆਲਾ ਜ਼ਿਲ੍ਹੇ ਅੰਦਰ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਮੌਕੇ ਲੋਕਾਂ ਨੂੰ ਘੱਗਰ ਦਾ ਪੱਕਾ ਹੱਲ ਕਰਨ ਦੇ ਨਾਂਅ ’ਤੇ ਅਨੇਕਾਂ ਰਾਜਨੀਤਿਕ ਆਗੂ ਸੰਸਦ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਏ, ਪਰ ਵੋਟਰ ਘੱਗਰ ਦੀ ਮਾਰ ਨੂੰ ਪਾਰ ਨਾ ਕਰ ਸਕੇ। ਪਟਿਆਲਾ ਜ਼ਿਲ੍ਹੇ ਦੇ ਹਲਕਾ ਬਨੂੜ, ਰਾਜਪੁਰਾ, ਘਨੌਰ, ਸਨੌਰ, ਸਮਾਣਾ, ਸ਼ੁਤਰਾਣਾ ਦੇ ਲੋਕਾਂ ਵਿੱਚ ਇਸ ਵਾਰ ਰਾਜਨੀਤਿਕ ਆਗੂਆਂ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵੋਟਾਂ ਮੰਗਣ ਲਈ ਆਉਣ ਵਾਲੇ ਵੱਖ ਵੱਖ ਉਮੀਦਵਾਰਾਂ ਨੂੰ ਸਵਾਲ ਪੁੱਛਣ ਦਾ ਮਨ ਬਣਾ ਲਿਆ ਹੈ।
Ghaggar ਅਤੇ ਪਾਣੀ ਦੀ ਮਾਰ
ਪਿਛਲੇ ਸਾਲ ਪਟਿਆਲਾ ਜ਼ਿਲ੍ਹੇ ਵਿੱਚ ਘੱਗਰ ਅਤੇ ਪਾਣੀ ਦੀ ਮਾਰ ਨੇ ਹਜ਼ਾਰਾਂ ਲੋਕਾਂ ਨੂੰ ਆਰਥਿਕ ਪੱਖੋਂ ਅਤੇ ਘਰੋਂ ਬੇਘਰ ਕਰ ਦਿੱਤਾ ਗਿਆ। ਪਿੰਡ ਸਸਾਂ ਥੇਹ, ਸ਼ਸੀ ਬ੍ਰਾਹਮਣਾ, ਧਰਮਹੇੜੀ ਦੇ ਗੁਰਮੇਲ ਸਿੰਘ, ਗੁੱਜਰ ਸਿੰਘ ਅਤੇ ਭਾਨਦਾਸ ਦਾ ਕਹਿਣਾ ਹੈ ਕਿ ਕੁਝ ਦਹਾਕੇ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਸੀ ਤੁਸੀ ਕਾਂਗਰਸ ਨੂੰ ਚੱਕ ਦਿਓ, ਮੈਂ ਘੱਗਰ ਨੂੰ ਚੱਕ ਦਿਆਗਾਂ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾ ਦਿੱਤਾ। ਚੰਦੂਮਾਜਰਾ ਨੇ ਜਿੱਤ ਕੇ ਆਪਣੀ ਖੁਸ਼ਕੀ ਤਾਂ ਚੱਕ ਦਿੱਤੀ, ਪਰ ਘੱਗਰ ਦਾ ਕਹਿਰ ਉਸੇ ਤਰ੍ਹਾਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਪਰਨੀਤ ਕੌਰ, ਡਾ. ਧਰਮਵੀਰ ਗਾਂਧੀ ਵੱਲੋਂ ਵੀ ਆਖਿਆ ਗਿਆ ਸੀ ਕਿ ਉਹ ਜਿੱਤ ਕੇ ਕੇਂਦਰ ਸਰਕਾਰ ਤੋਂ ਘੱਗਰ ਦੀ ਮਾਰ ਤੋਂ ਛੁਟਕਾਰਾ ਦਵਾਉਣਗੇ ਪਰ ਅਜਿਹਾ ਨਹੀਂ ਹੋਇਆ।
Ghaggar ਦੀ ਮੁਰੰਮਤ
ਉਨ੍ਹਾਂ ਕਿਹਾ ਕਿ ਪਰਨੀਤ ਕੌਰ 20 ਸਾਲ ਸੰਸਦ ਮੈਂਬਰ ਦੇ ਨਾਲ ਨਾਲ ਕੇਂਦਰ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਵੀ ਰਹਿ ਚੁੱਕੇ ਹਨ ਪਰ ਉਹ ਲੋਕਾਂ ਦੀਆਂ ਵੋਟਾਂ ਦਾ ਮੁੱਲ ਨਹੀਂ ਤਾਰ ਸਕੇ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਡਾ. ਧਰਮਵੀਰ ਗਾਂਧੀ ਵੱਲੋਂ ਵੀ ਆਖਿਆ ਗਿਆ ਸੀ ਕਿ ਉਨ੍ਹਾਂ ਦਾ ਮੁੱਖ ਮਕਸਦ ਘੱਗਰ ਦਾ ਹੱਲ ਕਰਵਾਉਣਾ ਹੋਵੇਗਾ ਪਰ ਉਹ ਵੀ ਪੂਰਾ ਨਹੀਂ ਹੋਇਆ। ਕਈ ਲੋਕਾਂ ਨੇ ਕਿਹਾ ਕਿ ਘੱਗਰ ਦੀ ਮੁਰੰਮਤ ਦੇ ਨਾਂਅ ’ਤੇ ਕਾਗਜ਼ਾਂ ਵਿੱਚ ਹੀ ਹਰ ਸਾਲ ਕਰੋੜਾਂ ਰੁਪਏ ਇਧਰੋਂ ਉਧਰ ਹੋ ਜਾਂਦੇ ਹਨ, ਨਾ ਘੱਗਰ ਦੇ ਬੰਨ੍ਹ ਮਜ਼ਬੂਤ ਹੋਏ ਅਤੇ ਨਾ ਹੀ ਘੱਗਰ ਪੱਕਾ ਕੀਤਾ ਗਿਆ। ਇਸ ਮੌਕੇ ਪਿੰਡ ਦੁਧਨ ਗੁੱਜਰਾਂ , ਲੇਹਲਾ, ਕਰਤਾਰਪੁਰ, ਖਤੌਲੀ , ਗਣੇਸ਼ਪੁਰ ਤੇ ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ਦੇ ਨਿਸ਼ਾਨ ਹੁਣ ਤੱਕ ਦੇਖੇ ਜਾ ਸਕਦੇ ਹਨ।
Also Read : ਸਿੱਧੂ ਮੂਸੇ ਵਾਲਾ ਕਤਲ ਕੇਸ : ਮੁਲਜ਼ਮਾਂ ਨੇ ਵੀਡੀਓ ਕਾਨਫਰੰਸ ਰਾਹੀਂ ਭੁਗਤੀ ਪੇਸ਼ੀ
ਉਨ੍ਹਾਂ ਕਿਹਾ ਕਿ ਸੜਕਾਂ ਦਾ ਬੁਰਾ ਹਾਲ ਹੈ ਅਤੇ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਜਾਨੀ ਅਤੇ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ , ਜਿਸ ਦਾ ਸੇਕ ਹੁਣ ਤੱਕ ਝੱਲਿਆ ਜਾ ਰਿਹਾ ਹੈ। ਇਸ ਲਈ ਜਦੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਉਨ੍ਹਾਂ ਕੋਲ ਵੋਟਾਂ ਲਈ ਆਉਣਗੇ ਤਾਂ ਉਹ ਘੱਗਰ ਦੇ ਹੱਲ ਲਈ ਇਨ੍ਹਾਂ ਲੀਡਰਾਂ ਨੂੰ ਸਵਾਲ ਕਰਨਗੇ । ਦੱਸਣਯੋਗ ਹੈ ਕਿ ਲੋਕ ਸਭਾ ਸੀਟ ਪਟਿਆਲਾ ਤੋਂ ਅਜੇ ਆਮ ਆਦਮੀ ਪਾਰਟੀ ਦੇ ਡਾ. ਬਲਵੀਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਤੋਂ ਪਰਨੀਤ ਕੌਰ ਚੋਣ ਮੈਦਾਨ ਵਿੱਚ ਹਨ, ਜਦੋਂ ਕਿ ਬਾਕੀ ਪਾਰਟੀਆਂ ਵੱਲੋਂ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ।