ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪੁਲਿਸ ਤੇ ਪੱਲੇਦਾਰਾਂ ਵਿਚਾਲੇ ਜ਼ਬਰਦਸਤ ਝੜਪ

Sangrur-News

ਲਾਠੀਚਾਰਜ ਦੌਰਾਨ ਵੱਡੀ ਗਿਣਤੀ ਪੱਲੇਦਾਰ ਜ਼ਖ਼ਮੀ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦੇਣ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਪਹੁੰਚੇ ਪੱਲੇਦਾਰਾਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ ਹੋ ਗਈ। ਇਸ ਮਗਰੋਂ ਪੁਲਿਸ ਨੇ ਪੱਲੇਦਾਰਾਂ ’ਤੇ ਲਾਠੀਚਾਰਜ ਕਰ ਦਿੱਤਾ, ਜਿਸ ਵਿੱਚ ਅੱਧੀ ਦਰਜਨ ਦੇ ਕਰੀਬ ਪੱਲੇਦਾਰ ਜ਼ਖ਼ਮੀ ਹੋ ਗਏ। ਪੱਲੇਦਾਰਾਂ ਨੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਨਾਲ ਹੀ ਐਲਾਨ ਕੀਤਾ ਕਿ ਹੁਣ ਉਹ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸੜਕ ’ਤੇ ਪੱਕਾ ਮੋਰਚਾ ਲੈ ਕੇ ਬੈਠਣਗੇ ਅਤੇ ਇਹ ਮੋਰਚਾ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। Sangrur News

ਜ਼ਿਕਰਯੋਗ ਹੈ ਕਿ ਪੱਲੇਦਾਰ ਸੂਬਾਈ ਯੂਨੀਅਨ ਸਮੇਤ ਪੰਜਾਬ ਭਰ ਦੀਆਂ ਪੰਜ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਪਿਛਲੇ ਪੰਜਾਹ ਦਿਨਾਂ ਤੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਡੇਰੇ ਲਾਈ ਬੈਠੀਆਂ ਹਨ ਅਤੇ ਅੱਜ ਪੱਲੇਦਾਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਆਏ ਸਨ ਜਿਉਂ ਹੀ ਉਹ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਪੁੱਜੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇਸ ’ਤੇ ਪੁਲਿਸ ਅਤੇ ਪੱਲੇਦਾਰਾਂ ਵਿਚਾਲੇ ਝੜਪ ਵੀ ਹੋਈ। Sangrur News

ਇਸ ਦੌਰਾਨ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਚੇਅਰਮੈਨ ਮੋਹਨ ਸਿੰਘ, ਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਪੱਲੇਦਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਆਏ ਸਨ ਜਿਉਂ ਹੀ ਉਹ ਬੈਰੀਕੇਡਾਂ ਕੋਲ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ।

ਇਹ ਵੀ ਪੜ੍ਹੋ: ਮਾਲੇਰਕੋਟਲਾ ਪੁਲਿਸ ਨੇ ਕਤਲ ਕਾਂਡ ’ਚ ਮਿਲੀ ਵੱਡੀ ਸਫਲਤਾ 

ਲਾਠੀਚਾਰਜ ਦੌਰਾਨ ਪੱਲੇਦਾਰ ਮੱਖਣ ਸਿੰਘ ਭਵਾਨੀਗੜ੍ਹ, ਰਾਜ ਕੁਮਾਰ ਭਵਾਨੀਗੜ੍ਹ, ਹਰੀ ਸਿੰਘ ਭੁੱਚੋ, ਜਗਰਾਜ ਸਿੰਘ ਗੋਨਿਆਣਾ ਮੰਡੀ, ਸੋਨੀ ਸਿੰਘ ਪਟਿਆਲਾ, ਪਰਮਜੀਤ ਸਿੰਘ ਬਰਨਾਲਾ, ਰਿੰਕੂ ਸਿੰਘ ਸੰਗਤਵਾਲਾ, ਮਦਨ ਯਾਦਵ ਸੰਗਰੂਰ ਆਦਿ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਐਂਬੂਲੈਂਸ ਨਾ ਹੋਣ ਕਾਰਨ ਪੱਲੇਦਾਰਾਂ ਨੇ ਆਪਣੇ ਵਾਹਨਾਂ ਦੀ ਮੱਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਦਾ ਤਰਕ ਹੈ ਕਿ ਪੁਲਿਸ ਦੇ ਆਉਂਦਿਆਂ ਹੀ ਪੱਲੇਦਾਰਾਂ ਨੇ ਚਿੱਕੜ ਸੁੱਟਿਆ, ਜਿਸ ਤੋਂ ਬਾਅਦ ਪੱਲੇਦਾਰਾਂ ਨੂੰ ਰੋਕਣ ਲਈ ਹਲਕੀ ਤਾਕਤ ਵਰਤੀ ਗਈ, ਕਿਸੇ ’ਤੇ ਲਾਠੀਚਾਰਜ ਨਹੀਂ ਕੀਤਾ ਗਿਆ।