ਇਮਰਾਨ ਦੀ ਗ੍ਰਿਫ਼ਤਾਰ ਤੋਂ ਬਾਅਦ ਪਾਕਿਸਤਾਨ ’ਚ ਹਿੰਸਾ ਜਾਰੀ, 6 ਦੀ ਮੌਤ, ਪੂਰੇ ਦੇਸ਼ ’ਚ ਇੰਟਰਨੈੱਟ ਬੰਦ

ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਭੜਕੀ ਹਿੰਸਾ।

ਇਸਲਾਮਾਬਾਦ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹਿੰਸਾ ਜਾਰੀ ਹੈ। ਪਾਕਿਸਤਾਨ (Pakistan) ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸਮਰਥਕ ਪੇਸ਼ਾਵਰ, ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਸਾੜਫੂਕ ਅਤੇ ਭੰਨ੍ਹਤੋੜ ਕਰ ਰਹੇ ਹਨ। ਹੁਣ ਤੱਕ 6 ਲੋਕਾਂ ਦੀ ਮੌਤ ਦੀ ਖਬਰ ਹੈ।

ਕਾਰਕੁਨਾਂ ਨੇ ਦੇਰ ਰਾਤ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਵਿੱਚ ਭੰਨ੍ਹਤੋੜ ਕੀਤੀ। ਲਾਹੌਰ ਵਿਚ ਗਵਰਨਰ ਹਾਊਸ, ਫੌਜ ਦੇ ਕਮਾਂਡਰ ਦੇ ਘਰ ਨੂੰ ਸਾੜ ਦਿੱਤਾ ਗਿਆ ਅਤੇ ਕਈ ਫੌਜੀ ਅਫਸਰਾਂ ਦੇ ਘਰਾਂ ’ਤੇ ਹਮਲੇ ਕੀਤੇ ਗਏ। ਅਜਿਹੀ ਹੀ ਘਟਨਾ ਕਰਾਚੀ ਦੇ ਕੈਂਟ ਇਲਾਕੇ ਵਿੱਚ ਵੀ ਵਾਪਰੀ।

Pakistan
ਕਰਾਚੀ ’ਚ ਲਾਈ ਗਈ ਅੱਗ ਦੀ ਇੱਕ ਤਸਵੀਰ।

ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਹਿੰਸਾ ਨੂੰ ਦੇਖਦੇ ਹੋਏ ਪੂਰੇ ਪਾਕਿਸਤਾਨ ’ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਪ੍ਰਾਈਵੇਟ ਸਕੂਲ ਵੀ ਬੰਦ ਰਹਿਣਗੇ। ਰਾਜਧਾਨੀ ਇਸਲਾਮਾਬਾਦ, ਪੰਜਾਬ ਸੂਬੇ ਅਤੇ ਪੇਸ਼ਾਵਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਫੌਜ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਇਮਰਾਨ ਖਾਨ ਨੂੰ ਗਿ੍ਰਫਤਾਰ ਕਰ ਲਿਆ। ਇਮਰਾਨ ਦੋ ਮਾਮਲਿਆਂ ਵਿੱਚ ਜਮਾਨਤ ਲਈ ਹਾਈ ਕੋਰਟ ਪੁੱਜੇ ਸਨ, ਜਿੱਥੇ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਗਿ੍ਰਫਤਾਰ ਕਰ ਲਿਆ। ਇਮਰਾਨ ਅਗਲੇ 4-5 ਦਿਨਾਂ ਤੱਕ ਜਾਂਚ ਏਜੰਸੀ ਦੀ ਹਿਰਾਸਤ ’ਚ ਰਹੇਗਾ। ਇਹ ਗਿ੍ਰਫਤਾਰੀ ਅਲ ਕਾਦਿਰ ਯੂਨੀਵਰਸਿਟੀ ਘੁਟਾਲੇ ਮਾਮਲੇ ਵਿੱਚ ਕੀਤੀ ਗਈ ਹੈ। ਉਸ ’ਤੇ ਅਰਬਾਂ ਰੁਪਏ ਦੇ ਘੁਟਾਲੇ ਅਤੇ ਮਨੀ ਲਾਂਡਰਿੰਗ ਦਾ ਦੋਸ਼ ਹੈ।

Pakistan ਨਾਲ ਸਬੰਧਤ ਅਪਡੇਟਸ

  • ਪੀਟੀਆਈ ਨੇਤਾ ਫਵਾਦ ਚੌਧਰੀ ਨੇ ਕਿਹਾ ਹੈ ਕਿ ਪਾਰਟੀ ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ।
  • ਪੀਟੀਆਈ ਨੇਤਾ ਕਾਸਿਮ ਸੂਰੀ ਨੇ ਦਾਅਵਾ ਕੀਤਾ ਹੈ ਕਿ ਕਵੇਟਾ ਵਿੱਚ ਪ੍ਰਦਰਸ਼ਨ ਦੌਰਾਨ ਇੱਕ ਪਾਰਟੀ ਵਰਕਰ ਦੀ ਮੌਤ ਹੋ ਗਈ।
  • ਇਸਲਾਮਾਬਾਦ ਪੁਲਿਸ ਨੇ ਕਿਹਾ ਕਿ 5 ਅਧਿਕਾਰੀ ਜਖਮੀ ਹੋ ਗਏ, ਜਦਕਿ 43 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਅੱਜ, 9 ਵਜੇ ਤੱਕ ਹੋਈ 5.21 ਫ਼ੀਸਦੀ ਵੋਟਿੰਗ