ਪਿੰਡ ’ਚ ਵੱਡੇ ਪੱਧਰ ’ਤੇ ਚੱਲ ਰਹੇ ਨੇ ਵਿਕਾਸ ਕਾਰਜ | Village Nangla
ਗੋਬਿੰਦਗੜ੍ਹ ਜੇਜ਼ੀਆ (ਸਰਜੀਵਨ ਬਾਵਾ)। ਨੇੜਲੇ ਪਿੰਡ ਨੰਗਲਾ ਵਿਖੇ ਸਮੂਹ ਨਗਰ ਪੰਚਾਇਤ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਕਾਰਜ ਬਹੁਤ ਹੀ ਸੁੱਚਜੇ ਢੰਗ ਨਾਲ ਕੀਤੇ ਜਾ ਰਹੇ ਹਨ। ਪਿੰਡ ’ਚ ਸਾਫ-ਸਫਾਈ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ’ਚ ਪੌਦੇ ਲਾਏ ਜਾ ਰਹੇ ਹਨ ਤੇ ਪਿੰਡ ’ਚ ਹੋਰ ਵੀ ਵੱਡੇ ਪੱਧਰ ’ਤੇ ਕੰਮ ਕੀਤੇ ਗਏ ਹਨ ਕਿ ਜਿਹੜੇ ਨੰਗਲਾ ਨੂੰ ਦੂਜੇ ਪਿੰਡਾਂ ਤੋਂ ਮੋਹਰੀ ਰੱਖ ਰਹੇ ਹਨ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਕੀਮਾਂ ਤਹਿਤ ਪਿੰਡ ਦੇ ਵਿਕਾਸ ਲਈ ਕੰਮ ਕੀਤੇ ਹਨ ਤੇ ਕਰ ਰਹੇ ਹਾਂ। (Village Nangla)
ਉਨ੍ਹਾਂ ਦੱਸਿਆ ਕਿ ਭੁੱਲਰ ਪੱਤੀ ’ਚ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਇੱਕ ਬਹੁਤ ਹੀ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਹੈ ਜੋ ਕਿ ਪਿੰਡ ਵਾਸੀਆਂ ਨੂੰ ਬਹੁਤ ਹੀ ਵਧੀਆ ਤੋਹਫਾ ਹੈ ਜਿੱਥੇ ਕਿ ਪਿੰਡ ਦੇ ਲੋਕ ਸਵੇਰੇ ਸਵੇਰੇ ਜਾ ਕੇ ਸੈਰ ਕਰਦੇ ਹਨ। ਪਿੰਡ ਦੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਅਤੇ ਨਛੱਤਰ ਸਿੰਘ ਨਿੱਕਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਪੰਚਾਇਤ ਨੇ ਪਿੰਡ ਦੇ ਸਾਰੇ ਛੱਪੜਾਂ ਦੀ ਸਾਫ ਸਫਾਈ ਕਰਵਾਈ ਹੈ ਤੇ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ ਜਿਵੇਂ ਕੇ ਬੱਸ ਸਟੈਂਡ ਦੇ ਸਾਹਮਣੇ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਨਿਰਮਾਣ ਕੀਤਾ ਜਾ ਰਿਹਾ ਹੈ। ਪਿੰਡ ਦੇ ਹੀ ਮੈਂਬਰ ਰੋਡਾ ਸਿੰਘ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਅਸੀਂ ਸਾਡੇ ਪਿੰਡ ਦੇ ਸਟੇਡੀਅਮ ਦਾ ਵੀ ਵਿਸਥਾਰ ਕਰਵਾਇਆ ਹੈ ਜਿਵੇਂ ਕੇ ਚਾਰਦੀਵਾਰੀ ਬਣਵਾਈ ਤੇ ਉਸ ’ਤੇ ਗਰਿੱਲਾਂ ਵਗੈਰਾ ਲਵਾ ਕੇ ਸਟੇਡੀਅਮ ਦੀ ਸੁੰਦਰਤਾ ਨੂੰ ਵਧਾਇਆ ਹੈ।
ਇਹ ਵੀ ਪੜ੍ਹੋ : Bad Cholesterol ਨੂੰ ਪਿੰਘਲਾ ਕੇ ਖੂਨ ਤੋਂ ਵੱਖ ਕਰ ਦੇਣਗੀਆਂ ਇਹ ਚੀਜ਼ਾਂ, ਪੜ੍ਹੋ ਤੇ ਸਿਹਤਮੰਦ ਰਹੋ
ਸਰਪੰਚ ਜਸਵਿੰਦਰ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਪਿੰਡ ਦੀਆਂ ਸਾਂਝੀਆਂ ਥਾਵਾਂ ਜਿਵੇਂ ਕਿ ਡਿਸਪੈਂਸਰੀ, ਸਰਕਾਰੀ ਹਾਈ ਸਕੂਲ ਗਲੀਆਂ ਦੀ ਵੀ ਵੱਡੇ ਪੱਧਰ ’ਤੇ ਸਾਫ ਸਫਾਈ ਦਾ ਕੰਮ ਕਰਵਾਇਆ ਹੈ। ਗੁਰਤੇਜ ਸਿੰਘ ਸੈਕਟਰੀ ਨੇ ਦੱਸਿਆ ਕਿ ਪਿੰਡ ’ਚ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਦਸਤਕ ਨਾ ਦੇ ਸਕੇ ਇਸਦੇ ਮੱਦੇਨਜ਼ਰ ਪਿੰਡ ਦੇ ਆਲੇ ਦੁਆਲੇ ਅਤੇ ਹਾਈ ਸਕੂਲ ਵਿੱਚ ਪੌਦੇ ਲਵਾਏ ਹਨ ਤਾਂ ਕਿ ਪਿੰਡ ਵਾਸੀਆਂ ਨੂੰ ਸਾਫ ਹਵਾ ਮਿਲਦੀ ਰਹੇ। ਜਿਸ ਦੀ ਸਾਂਭ ਸੰਭਾਲ ਅਸੀਂ ਨਰੇਗਾ ਕਾਮਿਆਂ ਦੀ ਸਹਾਇਤਾ ਨਾਲ ਕਰਦੇ ਹਾਂ ਇਨ੍ਹਾਂ ਸਾਰੇ ਕੰਮਾਂ ਦੀ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।