ਵਿਜੀਲੈਂਸ ਬਿਊਰੋ ਨੇ ਸਿਹਤ ਵਿਭਾਗ ਦੇ 4 ਅਧਿਕਾਰੀਆਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ

bribe

70 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ 4 ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰੰਗੇ ਹੱਥੀਂ ਕਾਬੂ

(ਭੂਸਨ ਸਿੰਗਲਾਂ) ਪਾਤੜਾਂ। ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਪਾਤੜਾਂ ਦੇ ਇੱਕ ਪ੍ਰਾਈਵੇਟ ਡਾਕਟਰ ਦੀ ਸ਼ਿਕਾਇਤ ’ਤੇ ਛਾਪੇਮਾਰੀ ਕਰਕੇ ਹਰਿਆਣਾ ਦੇ ਇੱਕ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਅਤੇ ਸਿਹਤ ਵਿਭਾਗ ਦੇ ਤਿੰਨ ਹੋਰ ਕਰਮਚਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ । ਇਸ ਸਬੰਧੀ ਸ਼ਿਕਾਇਤ ਕਰਤਾ ਡਾਕਟਰ ਅਸ਼ੋਕ ਕੁਮਾਰ ਪਾਤੜਾਂ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਹਰਿਆਣਾ ਦੇ ਇੱਕ ਡਾਕਟਰਾਂ ਦੀ ਟੀਮ ਵੱਲੋਂ ਉਸਦੇ ਕਲੀਨਿਕ ’ਤੇ ਛਾਪੇਮਾਰੀ ਕੀਤੀ ਗਈ ਸੀ ।

ਜਿਨ੍ਹਾਂ ਵਿਚੋਂ ਇੱਕ ਮੁੱਖ ਡਾਕਟਰ ਦੀ ਗੱਡੀ ਦਾ ਡਰਾਈਵਰ ਉਸ ਨਾਲ ਵੱਟਸਐਪ ’ਤੇ ਸੰਪਰਕ ਕਰਕੇ ਉਸ ਨੂੰ ਲੈ ਦੇ ਕੇ ਹਰ ਤਰ੍ਹਾਂ ਦੇ ਨਾਜਾਇਜ਼ ਅਲਟਰਾਸਾਊਂਡ (ਲੜਕਾ -ਲੜਕੀ ਦੱਸਣ ਵਾਲੇ) ਕਰਨ ਲਈ ਮਜ਼ਬੂਰ ਕਰਨ ਲੱਗਾ ਅਤੇ ਉਸ ਵੱਲੋਂ ਇਨਕਾਰ ਕਰਨ ’ਤੇ ਉਸ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਕੋਲ ਬਹੁਤ ਪਾਵਰ ਹੈ, ਤੇਰੇ ’ਤੇ ਕੋਈ ਵੀ ਕੇਸ ਦਰਜ ਕਰ ਦਿੱਤਾ ਜਾਵੇਗਾ। ਜਿਸ ਕਾਰਨ ਡਰਦਿਆਂ ਉਸ ਨੇ ਉਸ ਵੱਲੋਂ ਦਿੱਤੇ ਗਏ ਗੂਗਲ ਪੇਅ ਨੰਬਰ ’ਤੇ ਪਹਿਲਾਂ 35 ਹਜ਼ਾਰ ਰੁਪਏ ਅਤੇ ਦੂਸਰੀ ਵਾਰ 10 ਹਜ਼ਾਰ ਰੁਪਏ ਉਸ ਦੇ ਖਾਤੇ ਵਿੱਚ ਪਾਏ ਜਿਸ ਦੀ ਕਾਲ ਰਿਕਾਰਡਿੰਗ ਵੀ ਉਸ ਕੋਲ ਹੈ। Vigilance Bureau

ਇਹ ਵੀ ਪੜ੍ਹੋ: ZIM Vs IND : ਭਾਰਤ ਨੇ ਜਿੰਬਾਬਵੇ ਨੂੰ 25 ਦੌੜਾਂ ਨਾਲ ਹਰਾਇਆ

ਉਸ ਤੋਂ ਬਾਅਦ ਉਸ ਨੇ ਉਸਨੂੰ ਲੁਧਿਆਣਾ ਵਿਖੇ ਤਾਇਨਾਤ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨਾਲ ਮਿਲਾਇਆ ਜਿਸ ਨੇ ਸਾਰਾ ਲੈਣ-ਦੇਣ ਉਕਤ ਡਰਾਈਵਰ ਨਾਲ ਕਰਨ ਲਈ ਕਹਿ ਕੇ ਉਸ ਨੂੰ ਹਰ ਤਰ੍ਹਾਂ ਦਾ ਨਾਜਾਇਜ਼ ਕੰਮ ਕਰਨ ਲਈ ਕਿਹਾ । ਇਸ ਉਪਰੰਤ ਸਿਹਤ ਵਿਭਾਗ ਦੇ ਅਧਿਕਾਰੀ ਦਾ ਇਹ ਡਰਾਈਵਰ ਉਸ ਤੋਂ 70 ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਪਿਆ ਜਿਸ ਦੀ ਸੂਚਨਾ ਉਸ ਨੇ ਵਿਜੀਲੈਂਸ ਦੇ ਆਈਜੀ ਨੂੰ ਦਿੱਤੀ ਅਤੇ ਉਨ੍ਹਾਂ ਵੱਲੋਂ ਵਿਜੀਲੈਂਸ ਬਿਊਰੋ ਦੇ ਡੀਐੱਸਪੀ ਵਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਨਾਲ ਉਸ ਤੋਂ ਪੈਸੇ ਲੈਣ ਆਏ ਦੋ ਪੰਜਾਬ ਅਤੇ ਦੋ ਹਰਿਆਣਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਜਿਨ੍ਹਾਂ ਵਿਚ ਇੱਕ ਸਿਹਤ ਅਤੇ ਪਰਿਵਾਰ ਭਲਾਈ ਅਫ਼ਸਰ ਵੀ ਸ਼ਾਮਲ ਹੈ ।

ਇਸ ਸਬੰਧੀ ਡੀ ਐਸ ਪੀ ਵਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਾਤੜਾਂ ਦੇ ਇੱਕ ਪ੍ਰਾਈਵੇਟ ਡਾਕਟਰ ਦੀ ਸ਼ਿਕਾਇਤ ’ਤੇ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ 4 ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਜਿਨ੍ਹਾਂ ਦੇ ਨਾਂਅ ਬਾਅਦ ਵਿੱਚ ਜਨਤਕ ਕੀਤੇ ਜਾਣਗੇ । ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।