ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਸਮਾਜ ਸੇਵੀ ਪ੍ਰਾਈਵੇਟ ਡਾਕਟਰ ਕਾਬੂ

Bribe
ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਸਮਾਜ ਸੇਵੀ ਪ੍ਰਾਈਵੇਟ ਡਾਕਟਰ ਕਾਬੂ

ਪੈਟਰੋਲ ਪੰਪ ਮਾਲਕ ਤੋਂ 2 ਲੱਖ ਰੁਪਏ ਲੈਂਦਾ ਰੰਗੇ ਹੱਥੀ ਕਾਬੂ (Bribe)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪ੍ਰਾਈਵੇਟ ਡਾਕਟਰ ਅਤੇ ਇੱਕ ਸਮਾਜ ਸੇਵੀ ਨੂੰ 2 ਲੱਖ ਰੁਪਏ ਰਿਸ਼ਵਤ (Bribe) ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਡਾਕਟਰ ਅਸ਼ੋਕ ਕੁਮਾਰ, ਬੀ.ਏ.ਐਮ.ਐਸ., ਜੋ ਨਵਜੀਵਨ ਕਲੀਨਿਕ ਚਲਾਉਂਦਾ ਹੈ ਅਤੇ ਸਮਾਜ ਸੇਵੀ ਰਾਜਵੀਰ ਸਿੰਘ ਵਾਸੀ ਸੁੰਦਰ ਨਗਰ, ਲੁਧਿਆਣਾ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਲਖਵੀਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਬਰੋਟਾ ਰੋਡ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਤੋਂ ਸਾਰੀਆਂ ਸਰਕਾਰੀ ਪ੍ਰਵਾਨਗੀਆਂ ਲੈ ਕੇ ਪੈਟਰੋਲ ਪੰਪ ਦਾ ਲਾਇਸੈਂਸ ਲਿਆ ਸੀ। ਸੁਖਦੇਵ ਸਿੰਘ ਦੀ ਜ਼ਮੀਨ ’ਤੇ ਇਹ ਪੈਟਰੋਲ ਪੰਪ ਲਗਾਇਆ ਗਿਆ ਹੈ। ਕੁਝ ਦਿਨ ਪਹਿਲਾਂ ਸਮਾਜ ਸੇਵੀ ਰਾਜਵੀਰ ਸਿੰਘ 3-4 ਵਿਅਕਤੀਆਂ ਸਮੇਤ ਕਾਰ ਰਜਿਸਟ੍ਰੇਸ਼ਨ ਨੰਬਰ ਪੀ.ਬੀ.10 ਸੀ.ਕੇ.4171 ਵਿੱਚ ਆਇਆ ਅਤੇ ਉਸ ਦੇ ਪੈਟਰੋਲ ਪੰਪ ਦੀਆਂ ਫੋਟੋਆਂ ਖਿੱਚਣ ਲੱਗ ਪਿਆ ਅਤੇ ਕਿਹਾ ਕਿ ਇਹ ਪੈਟਰੋਲ ਪੰਪ ਗੈਰ-ਕਾਨੂੰਨੀ ਤੌਰ ‘ਤੇ ਸਥਾਪਿਤ ਕੀਤਾ ਗਿਆ ਹੈ ਅਤੇ ਉਹ ਇਸ ਨੂੰ ਬੰਦ ਕਰਾਵੇਗਾ।

ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਦੱਸਿਆ ਕਿ ਉਸਨੇ ਸਪਸ਼ੱਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਕਿ ਉਸਨੇ ਸਾਰੇ ਵਿਭਾਗਾਂ ਤੋਂ ਐਨ.ਓ.ਸੀ. ਲੈਣ ਬਾਅਦ ਹੀ ਇਹ ਪੈਟਰੋਲ ਪੰਪ ਲਗਾਇਆ ਹੈ, ਜਿਸ ‘ਤੇ ਰਾਜਵੀਰ ਸਿੰਘ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸਦਾ ਲਾਇਸੰਸ ਰੱਦ ਕਰਾ ਦੇਵੇਗਾ। ਇਸ ਤੋਂ ਬਾਅਦ ਰਾਜਵੀਰ ਨੇ ਸੋਮਵਾਰ ਨੂੰ ਕੁਝ ਵਿਅਕਤੀਆਂ ਦੇ ਨਾਲ ਜਾ ਕੇ ਡੀ.ਸੀ. ਲੁਧਿਆਣਾ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਨੂੰ ਡੀ.ਸੀ. ਨੇ ਸਬੰਧਤ ਵਿਭਾਗ ਨੂੰ ਮਾਰਕ ਕਰ ਦਿੱਤਾ। (Bribe)

ਇਹ ਵੀ ਪੜ੍ਹੋ : ਸਕਾਟਲੈਂਡ ਨੂੰ ਹਰਾ ਕੇ ਨੀਦਰਲੈਂਡ ਨੇ ਕਟਵਾਈ ਵਿਸ਼ਵ ਕੱਪ ਦੀ ਟਿਕਟ

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਫਿਰ ਜ਼ਮੀਨ ਦੇ ਮਾਲਕ ਸੁਖਦੇਵ ਸਿੰਘ ਨੂੰ ਸਾਰੇ ਮਾਮਲੇ ਤੋਂ ਜਾਣੂੰ ਕਰਵਾਇਆ ਅਤੇ ਸੁਖਦੇਵ ਨੇ ਅੱਗੇ ਰਾਜਵੀਰ ਸਿੰਘ ਦੇ ਨਜ਼ਦੀਕੀ ਡਾਕਟਰ ਅਸ਼ੋਕ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਡਾਕਟਰ ਅਸ਼ੋਕ ਕੁਮਾਰ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.) ਪੂਰਬੀ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਸਬੰਧਤ ਅਧਿਕਾਰੀ ਦੇ ਨਾਂਅ ’ਤੇ 25 ਲੱਖ ਦੀ ਰਿਸ਼ਵਤ ਮੰਗੀ ਅਤੇ ਸ਼ਿਕਾਇਤਕਰਤਾ ਨੇ ਦੋਵਾਂ ਨੂੰ 15 ਲੱਖ ਵਿੱਚ ਰਾਜ਼ੀ ਕਰ ਲਿਆ। ਰਾਜਵੀਰ ਅਤੇ ਡਾਕਟਰ ਅਸ਼ੋਕ ਨੇ 2 ਲੱਖ ਰੁਪਏ ਐਡਵਾਂਸ ਅਤੇ 3 ਲੱਖ ਰੁਪਏ 2-4 ਦਿਨਾਂ ਵਿੱਚ ਅਤੇ ਬਾਕੀ 10 ਲੱਖ ਰੁਪਏ ਦੋ ਕਿਸ਼ਤਾਂ ਦੇਣ ਦੀ ਮੰਗ ਕੀਤੀ।

ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਕੀਤਾ ਜਾਵੇਗਾ ਪੇਸ਼ (Bribe)

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ. ਨੰਬਰ 14 ਮਿਤੀ 06.07.23 ਦਰਜ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟ੍ਰੈਪ ਲਗਾ ਕੇ ਡਾਕਟਰ ਅਸ਼ੋਕ ਕੁਮਾਰ ਅਤੇ ਰਾਜਵੀਰ ਸਿੰਘ ਨੂੰ ਡੀ.ਐਫ.ਐਸ.ਸੀ .ਅਤੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਦੇ ਨਾਂਅ ’ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਡਾਕਟਰ ਅਸ਼ੋਕ ਕੁਮਾਰ ਵੱਲੋਂ ਚਲਾਏ ਜਾ ਰਹੇ ਨਵਜੀਵਨ ਕਲੀਨਿਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।