ਤਿੰਨ ਵਾਰ ਜਿੱਤੇ ਕਾਂਗਰਸ ਪ੍ਰਧਾਨ, ਚਾਰ ਵਾਰ ਦੇ ਵਿਧਾਇਕ ਮਨਪ੍ਰੀਤ ਬਾਦਲ ਤੇ ਸੱਤਾ ਧਿਰ ਦਾ ਵੱਕਾਰ ਦਾਅ ’ਤੇ | Giddarbaha By Election
ਗਿੱਦੜਬਾਹਾ (ਰਾਜਵਿੰਦਰ ਬਰਾੜ)। Giddarbaha By Election: ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜਿਮਨੀ ਚੋਣ ਪੰਜਾਬ ’ਚ ਹੌਟ ਸੀਟ ਬਣ ਗਈ ਹੈ ਇਸ ਚੋਣ ’ਚ ਗਹਿ ਗੱਚ ਮੁਕਾਬਲੇ ਹੋਣ ਦੇ ਆਸਾਰ ਬਣ ਗਏ ਹਨ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਸਮਝੀ ਜਾਂਦੀ ਇਸ ਸੀਟ ’ਤੇ ਅੱਜ ਪਿਛਲੇ 12 ਸਾਲ ਤੋਂ ਕਾਂਗਰਸ ਦਾ ਝੰਡਾ ਝੁੱਲ ਰਿਹਾ ਹੈ ਕਾਂਗਰਸ ’ਚ ਕਦੇ ਵੀ ਨਾ ਹਾਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਹੈ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਜਿਮਨੀ ਚੋਣ ਲੜ ਰਹੀ ਹੈ ਉਧਰ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਇੱਥੋਂ ਵਿਧਾਇਕ ਰਹਿ ਚੁੱਕੇ ਹਨ।
ਉਹ ਸਿਰਫ ਇੱਕ ਚੋਣ ਹੀ ਗਿੱਦੜਬਾਹਾ ਸੀਟ ਤੋਂ ਹਾਰੇ ਸਨ ਜੇਕਰ ਹਲਕੇ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇੱਥੇ ਅਕਾਲੀ ਦਲ 9 ਵਾਰ ਜਿੱਤ ਨਾਲ ਪਹਿਲੇ ਨੰਬਰ ’ਤੇ ਜਦਕਿ ਕਾਂਗਰਸ 5 ਜਿੱਤ ਨਾਲ ਦੂਜੇ ਸਥਾਨ ’ਤੇ ਹੈ ਇਹਨਾਂ ਦੋਵਾਂ ਪਾਰਟੀਆਂ ਤੋਂ ਬਿਨਾ ਹੋਰ ਕਿਸੇ ਵੀ ਪਾਰਟੀ ਨੇ ਇੱਥੇ ਖਾਤਾ ਨਹੀਂ ਖੋਲ੍ਹਿਆ ਵਿਧਾਨ ਸਭਾ ਹਲਕਾ ਗਿੱਦੜਬਾਹਾ ਹਮੇਸ਼ਾ ਹੀ ਚਰਚਿਤ ਸੀਟ ਰਹੀ ਹੈ, ਕਿਉਂਕਿ ਇਸ ਸੀਟ ਨੇ ਜਿਸ ਵੀ ਉਮੀਦਵਾਰ ਨੂੰ ਜਿੱਤ ਦਾ ਵਰ ਦਿੱਤਾ, ਉਸ ਦੀ ਰਾਜਨੀਤੀ ਵਿੱਚ ਹਮੇਸ਼ਾ ਹੀ ਚੜ੍ਹਦੀ ਕਲਾ ਰਹੀ ਹੈ। ਇਸ ਵਾਰ ਵੀ ਪੰਜਾਬ ਦੇ ਉੱਘੇ ਲੀਡਰ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ।
Read This : ਸਰਕਾਰ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਾਰੀ ਕੀਤੀ ਐਡਵਾਈਜ਼ਰੀ
ਸਵ. ਪ੍ਰਕਾਸ਼ ਸਿੰਘ ਬਾਦਲ ਨੇ 1969 ਵਿੱਚ ਪਹਿਲੀ ਵਾਰ ਰਾਜਨੀਤੀ ਦੀ ਸ਼ੁਰੂਆਤ ਇਸ ਸੀਟ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ ਇਸ ਬਾਅਦ ਇਸ ਸੀਟ ’ਤੇ ਲੰਮਾ ਸਮਾਂ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ। ਸਵ. ਪਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰ ਸੂਬੇ ਦਾ ਮੁੱਖ ਮੰਤਰੀ ਬਨਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਤੋਂ ਬਾਅਦ 1995 ’ਚ ਹੋਈ ਜਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਵੀ ਇਸ ਸੀਟ ਤੋਂ ਲਗਾਤਾਰ ਜਿੱਤ ਪ੍ਰਾਪਤ ਕੀਤੀ ਤੇ ਅਕਾਲੀ ਸਰਕਾਰ ਦੌਰਾਨ ਖਜ਼ਾਨਾ ਮੰਤਰੀ ਰਹੇ। ਮਨਪ੍ਰੀਤ ਬਾਦਲ ਨੇ 2010 ’ਚ ਪੀਪਲ ਪਾਰਟੀ ਆਫ ਪੰਜਾਬ ਬਣਾਈ ਤੇ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਅਲੱਗ ਹੋ ਗਏ। Giddarbaha By Election
2012 ਦੀਆਂ ਵਿਧਾਨ ਸਭਾ ਚੋਣਾਂ ’ਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਨਵੀਂ ਬਣਾਈ ਪਾਰਟੀ ਪੀਪਲ ਪਾਰਟੀ ਆਫ ਪੰਜਾਬ ਵੱਲੋਂ ਚੋਣ ਲੜੀ ਪਰ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇੱਥੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਪ੍ਰਾਪਤ ਕੀਤੀ ਤੇ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ ਤੇ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਰਹੇ। ਪਰ ਇਸ ਵਾਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਹੁਣ ਲੁਧਿਆਣਾ ਤੋਂ ਸੰਸਦ ਮੈਂਬਰ ਹਨ, ਵੱਲੋਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਅਲੱਗ ਹੋ ਕੇ ਆਪ ’ਚ ਗਏ ਹਰਦੀਪ ਸਿੰਘ ਡਿੰਪੀ ਢਿੱਲੋਂ ਹਲਕਾ ਗਿੱਦੜਬਾਹਾ ਤੋਂ ਆਪਣੀ ਕਿਸਮਤ ਅਜਮਾਉਣਗੇ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ ਤੇ ਜਗਮੀਤ ਸਿੰਘ ਬਰਾੜ ਅਜ਼ਾਦ ਚੋਣ ਲੜ ਰਹੇ ਹਨ। ਜਿਕਰਯੋਗ ਹੈ ਕਿ ਗਿੱਦੜਬਾਹਾ ਦੀ ਇਹ ਜਿਮਨੀ ਚੋਣ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਹੈ, ਜਿਸ ਕਰਕੇ ਇਹ ਜਿਮਨੀ ਚੋਣ ਹੋ ਰਹੀ ਹੈ। Giddarbaha By Election