ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਘੁੰਮਣ ਐਵਾਰਡ ਨਾਲ ਸਨਮਾਨਿਤ

Vice Chancellor, Punjabi University, Award

ਉਪ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਸਨਮਾਨਿਤ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੂੰ ਰਾਸ਼ਟਰੀ ਪੱਧਰ ਦੀ ਇਕ ਵੱਕਾਰੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ, ਨਵੀਂ ਦਿੱਲੀ ਵੱਲੋਂ ‘ਪਾੱਲ ਐੱਚ ਐਪਲਬਾਇ’ ਐਵਾਰਡ ਨਾਲ ਸਨਮਾਨਿਆ ਗਿਆ ਹੈ।

 ਉਨ੍ਹਾਂ ਨੂੰ ਇਹ ਵੱਕਾਰੀ ਐਵਾਰਡ ਨਵੀਂ ਦਿੱਲੀ ਵਿਖੇ ਹੋਏ ਸਮਾਰੋਹ ਦੌਰਾਨ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਵੱਲੋਂ ਦਿੱਤਾ ਗਿਆ।  ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਇਹ ਐਵਾਰਡ ਲੋਕ ਪ੍ਰਸ਼ਾਨਨ ਵਿਸ਼ੇ ਦੇ ਖੇਤਰ ਵਿਚ ਸਿਧਾਂਤ ਅਤੇ ਵਿਹਾਰ ਦੇ ਪੱਖੋਂ ਪਾਏ ਗਏ ਵਡਮੁੱਲੇ ਅਕਾਦਮਿਕ ਯੋਗਦਾਨ ਅਤੇ ਇਸੇ ਵਿਸ਼ੇ ਨਾਲ ਸੰਬੰਧਤ ਇਸ ਰਾਸ਼ਟਰੀ ਸੰਸਥਾ ਲਈ ਦਿੱਤੀਆਂ ਆਪਣੀਆਂ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ।

ਵਰਣਨਯੋਗ ਹੈ ਕਿ ਯੂ. ਐੱਸ. ਏ. ਅਧਾਰਿਤ ਸ਼ਖਸੀਅਤ ਡੀਨ ਪਾੱਲ ਐੱਚ. ਐਪਲਬਾਇ ਲੋਕ ਪ੍ਰਸ਼ਾਸਨ ਦੇ ਖੇਤਰ ਵਿਚ ਬਹੁਤ ਵੱਡੇ ਸਿਧਾਂਤਕਾਰ ਅਤੇ ਵਿਦਵਾਨ ਸਨ।  ਡਾ. ਬੀ. ਐੱਸ. ਘੁੰਮਣ ਨੂੰ ਇਸ ਸੰਸਥਾ ਦੀ ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਤ ਖੇਤਰੀ ਸ਼ਾਖਾ ਦੇ ਆਨਰੇਰੀ ਸਕੱਤਰ ਵਜੋਂ ਵੀ ਕਾਰਜਸ਼ੀਲ ਹੋਣ ਦਾ ਮਾਣ ਹਾਸਿਲ ਹੈ।

ਡਾ. ਘੁੰਮਣ ਨੂੰ ਮਿਲਿਆ ਇਹ ਤਾਜ਼ਾ ਐਵਾਰਡ ਉਨ੍ਹਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਅਕਾਦਮਿਕ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚਲੇ ਪ੍ਰਬੰਧਨ ਨਾਲ ਜੁੜੀਆਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਸੈਨੇਟ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਡਾ. ਘੁੰਮਣ ਰਾਜੀਵ ਗਾਂਧੀ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਸਮੇਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਕਾਦਮਿਕ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here