ਹਮਲੇ ਵਿੱਚ ਅੱਠ ਜਣੇ ਗੰਭੀਰ ਜ਼ਖ਼ਮੀ
ਫਰੂਖਾਬਾਦ: ਉੱਤਰ ਪ੍ਰਦੇਸ਼ ਵਿੱਚ ਚਲਦੀ ਰੇਲਗੱਡੀ ਵਿੱਚ ਇੱਕ ਪਰਿਵਾਰ ‘ਤੇ ਕੁਝ ਵਿਅਕਤੀਆਂ ਵੱਲੋਂ ਰਾਡ ਨਾਲ ਹਮਲਾ ਅਤੇ ਲੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਉਨ੍ਹਾਂ ਨੂੰ ਫਿਰਕੂ ਟਿੱਪਣੀ ਵੀ ਕੀਤੀ।
ਪੀੜਤ ਪਰਿਵਾਰ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਹਮਲੇ ਵਿੱਚ ਪਰਿਵਾਰ ਦੇ 8 ਜਣੇ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕੁੱਝ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਪੜਤਾਲ ਲਈ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਵਿਆਹ ਸਮਾਰੋਹ ਤੋਂ ਵਾਪਰ ਪਰਤ ਰਿਹਾ ਸੀ ਪਰਿਵਾਰ
ਜਾਣਕਾਰੀ ਅਨੁਸਾਰ ਬੀਤੀ ਬੁੱਧਵਾਰ ਨੂੰ ਪਰਿਵਾਰ ਦੇ 10 ਜਣੇ ਇੱਕ ਵਿਆਹ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਸ਼ਹਿਰ ਜਾ ਰਿਹਾ ਸੀ। ਕੁਝ ਖ਼ਬਰਾਂ ਮੁਤਾਬਕ ਅਪੰਗ ਬੱਚੇ ਤੋਂ ਮੋਬਾਇਲ ਖੋਹੇ ਜਾਣ ਦਾ ਪਰਿਵਾਰ ਦੇ ਮੈਂਬਰਾਂ ਨੇ ਵਿਰੋਧ ਕੀਤਾ ਸੀ। ਪੁਲਿਸ ਮੁਤਾਬਕ ਇਸ ਕਾਰਨ ਭੀੜ ਨੇ ਪਰਿਵਾਰ ‘ਤੇ ਹਮਲਾ ਕਰ ਦਿੱਤਾ।
ਹਮਲੇ ਦੇ ਡਰੋਂ ਪਰਿਵਾਰ ਨੇ ਬਹਿਸ ਤੋਂ ਬਾਅਦ ਆਪਣੇ ਕੰਪਾਰਟਮੈਂਟ ਨੂੰ ਬੰਦ ਵੀ ਕੀਤਾ, ਪਰ ਦਰਜਨ ਭਰ ਤੋਂ ਜ਼ਿਆਦਾ ਲੋਕਾਂ ਨੇ ਉਨ੍ਹਾਂ ਦਾ ਰਸਤਾ ਰੋਕ ਦਿੱਤਾ। ਹਸਪਤਾਲ ਵਿੱਚ ਦਾਖਲ ਪਰਿਵਾਰ ਦੀ ਇੱਕ ਔਰਤ ਨੇ ਦੱਸਿਆ ਕਿ ਉਹ ਸਾਨੂੰ ਕੁੱਟਦੇ ਰਹੇ, ਉਨ੍ਹਾਂ ਨੇ ਸਾਨੂੰ ਲੁੱਟਿਆ, ਸਾਡੇ ਗਹਿਣੇ ਵੀ ਲੈ ਗਏ।
ਇੱਕ ਵਿਅਕਤੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਛੋਟੇ ਜਿਹੇ ਪੁੱਤਰ ਨੂੰ ਥੱਪੜ ਮਾਰਿਆ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਪਰਿਵਾਰ ਨੇ ਦਾਅਵਾ ਕੀਤਾ ਕਿ ਐਮਰਜੈਂਸੀ ਹੈਲਪਲਾਈਨ 100 ਨੰਬਰ ਕੰਮ ਨਹੀਂ ਕਰ ਰਿਹਾ ਸੀ, ਜਿਸ ਕਾਰਨ ਪੁਲਿਸ ਸਮੇਂ ‘ਤੇ ਨਹੀਂ ਪਹੁੰਚ ਸਕੀ।
ਇੱਕ ਪੁਲਿਸ ਅਧਿਕਾਰੀ ਅਨੁਸਾਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਖਰ ਕਿਸ ਕਾਰਨ ਹੋਇਆ।
ਹਰਿਆਣਾ ‘ਚ ਵੀ ਵਾਪਰੀ ਸੀ ਅਜਿਹੀ ਘਟਨਾ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਅਜਿਹੀ ਹੀ ਘਟਨਾ ਹਰਿਆਣਾ ਦੇ ਵੱਲਭਗੜ੍ਹ ਕੋਲ ਵਾਪਰੀ ਸੀ। ਇਸ ਘਟਨਾ ਵਿੱਚ ਜੁਨੈਦ ਖਾਨ ਦੀ ਮੌਤ ਹੋ ਗਈ। ਉਸ ਮਾਮਲੇ ‘ਚ ਸੀਟ ਨੂੰ ਲੈ ਕੇ ਜੁਨੈਦ ਅਤੇ ਉਸ ਦੇ ਦੋਸਤਾਂ ਦੀ ਕਿਸੇ ਹੋਰ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ 16 ਸਾਲਾ ਜੁਨੈਦ ਨੂੰ ਭੀੜ ਵਿੱਚੋਂ ਕਿਸੇ ਨੇ ਚਾਕੂ ਮਾਰ ਦਿੱਤਾ ਸੀ। ਭੀੜ ਵਿੱਚ ਜੁਨੈਦ ਅਤੇ ਉਸ ਦੇ ਦੋਸਤਾਂ ਨੂੰ ਬੀਫ਼ ਖਾਣ ਵਾਲਾ ਵੀ ਦੱਸ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।