ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਡਿਫਾਲਟਰਾਂ ਦੀ ਲਿਸਟ ‘ਚ ਸ਼ਾਮਲ, ਦੱਬ ਲਿਆ ਐ ਸਰਕਾਰੀ ਫਲੈਟ

Union Minister Some Parkas, Included List Defaulters, Government Flat

ਡਿਫਾਲਟਰ ਦੀ ਲਿਸਟ ‘ਚ ਸ਼ਾਮਲ ਹੋਣ ਵਾਲੇ ਨਰਿੰਦਰ ਮੋਦੀ ਦੀ ਕੈਬਨਿਟ ਦੇ ਪਹਿਲੇ ਮੰਤਰੀ ਬਣੇ ਸੋਮ ਪ੍ਰਕਾਸ਼

  • 3 ਜੂਨ ਨੂੰ ਦਿੱਤਾ ਸੀ ਸੋਮ ਪ੍ਰਕਾਸ਼ ਨੇ ਵਿਧਾਇਕੀ ਤੋਂ ਅਸਤੀਫ਼ਾ, 19 ਜੂਨ ਤੱਕ ਖ਼ਾਲੀ ਕਰਨਾ ਸੀ ਫਲੈਟ
  • ਵਿਧਾਨ ਸਭਾ ਵੱਲੋਂ ਡਬਲ ਕਿਰਾਏ ‘ਤੇ 18 ਜੁਲਾਈ ਤੱਕ ਦਾ ਦਿੱਤਾ ਸੀ ਸਮਾਂ, ਹੁਣ ਨਜਾਇਜ਼ ਕਬਜ਼ਾ ਕਰਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸ਼ਾਮਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਪੰਜਾਬ ਸਰਕਾਰ ਵੱਲੋਂ ਡਿਫਾਲਟਰ ਐਲਾਨ ਕਰ ਦਿੱਤਾ ਗਿਆ ਹੈ, ਕਿਉਂਕਿ ਉਹ ਤੈਅ ਸਮੇਂ ‘ਚ ਨਾ ਹੀ ਸਰਕਾਰੀ ਫਲੈਟ ਖ਼ਾਲੀ ਕਰ ਰਹੇ ਹਨ, ਸਗੋਂ ਨਜਾਇਜ਼ ਕਬਜ਼ਾ ਕਰਦੇ ਹੋਏ ਫਲੈਟ ਦਾ ਮਾਰਕਿਟ ਰੈਂਟ ਤੇ ਜੁਰਮਾਨਾ ਨਹੀਂ ਭਰ ਰਹੇ ਹਨ, ਜਿਸ ਕਾਰਨ ਹੁਣ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਨਾਂਅ ਉਨ੍ਹਾਂ ਦੀ ਲਿਸਟ ‘ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਵਿਧਾਨ ਸਭਾ ਦੇ ਫਲੈਟ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਇਸੇ ਲਿਸਟ ‘ਚ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਾਮਲ ਹੋ ਚੁੱਕੇ ਹਨ ਪਰ ਇਸ ਲਿਸਟ ਵਿੱਚ ਸੋਮ ਪ੍ਰਕਾਸ਼ ਦਾ ਨਾਂਅ ਆਉਣਾ ਵੱਡੀ ਗੱਲ ਹੈ, ਕਿਉਂਕਿ ਸੋਮ ਪ੍ਰਕਾਸ਼ ਇਸ ਸਮੇਂ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਹਨ।

ਜਾਣਕਾਰੀ ਅਨੁਸਾਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਪੰਜਾਬ ਵਿਧਾਨ ਸਭਾ ਦਾ ਮੈਂਬਰ ਰਹਿੰਦੇ ਹੋਏ ਚੰਡੀਗੜ੍ਹ ਦੇ ਸੈਕਟਰ ਨੰਬਰ 3 ਵਿਖੇ ਫਲੈਟ ਨੰਬਰ 2 ਅਲਾਟ ਹੋਇਆ ਸੀ। ਜਿੱਥੇ ਕਿ ਉਨ੍ਹਾਂ ਨੂੰ 300 ਰੁਪਏ ਦੇ ਲਗਭਗ ਪ੍ਰਤੀ ਮਹੀਨਾ ਹੀ ਕਿਰਾਇਆ ਦੇਣਾ ਪੈ ਰਿਹਾ ਸੀ ਪਰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਜਿੱਤਣ ਤੋਂ ਬਾਅਦ ਉਹ ਸੰਸਦ ਮੈਂਬਰ ਬਣ ਗਏ। ਇਸ ਲਈ ਸੋਮ ਪ੍ਰਕਾਸ਼ ਵੱਲੋਂ 3 ਜੂਨ ਨੂੰ ਬਤੌਰ ਵਿਧਾਇਕ ਆਪਣਾ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਗਿਆ ਸੀ। ਜਿਸ ਨੂੰ ਕਿ ਕੁਝ ਘੰਟੇ ਬਾਅਦ ਹੀ ਪ੍ਰਵਾਨ ਕਰ ਲਿਆ ਗਿਆ। ਸੋਮ ਪ੍ਰਕਾਸ਼ ਵਿਧਾਨ ਸਭਾ ਦੀ ਮੈਂਬਰੀ ਤੋਂ ਬਾਹਰ ਹੋਣ ਦੇ ਚਲਦੇ ਉਨ੍ਹਾਂ ਨੂੰ ਫਲੈਟ ਨੰਬਰ 2 ਖ਼ਾਲੀ ਕਰਨ ਦੇ ਆਦੇਸ਼ ਵੀ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਕਰ ਦਿੱਤੇ ਗਏ।

ਨਿਯਮਾਂ ਅਨੁਸਾਰ ਅਸਤੀਫ਼ਾ ਸਵੀਕਾਰ ਹੋਣ ਤੋਂ ਬਾਅਦ ਉਹ 15 ਦਿਨ ਫਲੈਟ ਨੂੰ ਰੱਖ ਸਕਦੇ ਹਨ, ਜਿਸ ਤੋਂ ਬਾਅਦ ਅਗਲੇ ਇੱਕ 1 ਮਹੀਨੇ ਲਈ ਉਨ੍ਹਾਂ ਨੂੰ ਆਮ ਕਿਰਾਏ ਦਾ ਡਬਲ ਕਿਰਾਇਆ ਅਦਾ ਕਰਨਾ ਸੀ। ਇਸ ਅਨੁਸਾਰ ਸੋਮ ਪ੍ਰਕਾਸ਼ ਨੂੰ 19 ਜੂਨ ਤੱਕ ਫਲੈਟ ਖ਼ਾਲੀ ਕਰਨਾ ਸੀ, ਜਦੋਂ ਕਿ ਡਬਲ ਕਿਰਾਏ ‘ਤੇ ਉਹ 18 ਜੁਲਾਈ ਤੱਕ ਫਲੈਟ ਰੱਖ ਸਕਦੇ ਸਨ ਪਰ 18 ਜੁਲਾਈ ਤੋਂ ਬਾਅਦ ਵੀ ਸੋਮ ਪ੍ਰਕਾਸ਼ ਵੱਲੋਂ ਫਲੈਟ ਖ਼ਾਲੀ ਨਹੀਂ ਕੀਤਾ ਗਿਆ, ਜਿਸ ਕਾਰਨ ਹੁਣ ਉਨ੍ਹਾਂ ਨੂੰ ਇਸ ਫਲੈਟ ਦਾ ਮਾਰਕਿਟ ਕਿਰਾਏ ਦੇ ਨਾਲ ਹੀ 2 ਗੁਣਾ ਜੁਰਮਾਨਾ ਵੀ ਪੈ ਰਿਹਾ ਹੈ। ਇਸ ਮਾਰਕਿਟ ਕਿਰਾਏ ਦੇ ਨਾਲ ਜੁਰਮਾਨਾ ਲਗਾਉਣ ਸਮੇਂ ਤੋਂ ਹੀ ਸੋਮ ਪ੍ਰਕਾਸ਼ ਨੂੰ ਨਾਜਾਇਜ਼ ਕਬਜ਼ੇਦਾਰ ਵੀ ਆਪਣਾ ਆਪ ਹੀ ਘੋਸ਼ਿਤ ਹੋ ਗਏ ਹਨ। ਜਦੋਂ ਕਿ ਪਿਛਲੇ 2 ਮਹੀਨੇ ਤੋਂ ਕਿਰਾਇਆ ਅਤੇ ਜੁਰਮਾਨਾ ਨਹੀਂ ਮਿਲਣ ਦੇ ਕਾਰਨ ਉਹ ਡਿਫਾਲਟਰਾਂ ਦੀ ਲਿਸਟ ਵਿੱਚ ਵੀ ਸ਼ਾਮਲ ਹੋ ਗਏ ਹਨ।