‘ਸਰਕਾਰੀ ਡਾਂਗਾਂ’ ਖਾ ਕੇ ਵੀ ਬੇਰੁਜ਼ਗਾਰ ਅਧਿਆਪਕ ਸਰਕਾਰੀ ਸਕੂਲਾਂ ‘ਚ ਵਧਾਉਣਗੇ ਬੱਚਿਆਂ ਦੇ ਦਾਖ਼ਲੇ

ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਜਥੇਬੰਦੀ ਨੇ ਲਿਆ ਫੈਸਲਾ

ਸੰਗਰੂਰ, (ਗੁਰਪ੍ਰੀਤ ਸਿੰਘ) ਨੌਕਰੀਆਂ ਹਾਸਲ ਕਰਨ ਲਈ ਕਈ ਵਾਰ ‘ਸਰਕਾਰੀ ਡਾਂਗ’ ਦਾ ਸ਼ਿਕਾਰ ਹੋਏ ਬੇਰੁਜ਼ਗਾਰ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਲੋਕਾਂ ਦੇ ਘਰਾਂ ‘ਚ ਜਾ-ਜਾ ਬੂਹੇ ਖੜਕਾਉਣਗੇ ਇਸ ਦੇ ਇਵਜ਼ ‘ਚ ਚਾਹੇ ਉਨ੍ਹਾਂ ਨੂੰ ਕੁਝ ਨਹੀਂ ਮਿਲ ਰਿਹਾ ਪਰ ਇਹ ਬੇਰੁਜ਼ਗਾਰ ਅਧਿਆਪਕ ਇਹ ਮੰਨ ਕੇ ਚੱਲ ਰਹੇ ਹਨ ਕਿ ਇਹ ਸਕੂਲ ਕਿਸੇ ਦੇ ਨਿੱਜੀ ਜਾਗੀਰ ਨਹੀਂ ਸਗੋਂ ‘ਲੋਕ ਸੰਪਤੀ’ ਹੈ

ਹਾਸਲ ਜਾਣਕਾਰੀ ਮੁਤਾਬਕ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖ਼ਲੇ ਵਧਾਉਣ ਲਈ ਵਿਸ਼ੇਸ਼-ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿੱਥੇ ਉਨ੍ਹਾਂ ਨੂੰ ਨੌਕਰੀਆਂ ਮੰਗਦਿਆਂ ਨੂੰ ਦਰਜ਼ਨਾਂ ਵਾਰ ‘ਸਰਕਾਰੀ ਕਹਿਰ’ ਦਾ ਸ਼ਿਕਾਰ ਹੋਣਾ ਪਿਆ ਹੈ

ਜਥੇਬੰਦੀ ਨੇ ਕਿਉਂ ਲਿਆ ਇਹ ਫੈਸਲਾ

ਇਸ ਸਬੰਧੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਬੇਰੁਜ਼ਗਾਰ ਅਧਿਆਪਕਾਂ (ਟੈੱਟ ਪਾਸ) ਦੀ ਬਣਾਈ ਜਥੇਬੰਦੀ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਇਸ ਬਾਰੇ ਜਥੇਬੰਦੀ ਵੱਲੋਂ ਜ਼ੁਬਾਨੀ ਤੇ ਅਖ਼ਬਾਰਾਂ ਰਾਹੀਂ ਪਹਿਲਾਂ ਵੀ ਕਈ ਵਾਰ ਬਿਆਨ ਜਾਰੀ ਕੀਤੇ ਹਨ ਪਰ ਹੁਣ ਇਸ ਕੰਮ ਲਈ ਜਥੇਬੰਦੀ ਨੇ ਪ੍ਰੈਕਟੀਕਲ ਤੌਰ ਤੇ ਫੈਸਲਾ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਅਸੀਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਆਪਣੇ ਪੱਧਰ ਤੇ ਪਿੰਡ ਦੇ ਕੁਝ ਨੁਮਾਇੰਦੇ ਨਾਲ ਲੈ ਕੇ ਪਿੰਡ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖ਼ਲ ਕਰਵਾਉਣ

ਉਨ੍ਹਾਂ ਇੱਕ ਬੜੀ ਮਹੱਤਵਪੂਰਨ ਗੱਲ ਆਖਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਆਪਣੇ ਬੱÎਚਿਆਂ ਨੂੰ ਦਾਖ਼ਲ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਸ਼ਰਤਾਂ ਰੱਖੀਆਂ ਸਨ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਪੂਰੇ ਹੋਣਗੇ? ਕਿਤਾਬਾਂ ਪੂਰੀਆਂ ਮਿਲਣਗੀਆਂ ? ਬੱਚਿਆਂ ਤੋਂ ਗੈਰ ਵਿੱਦਿਅਕ ਕੰਮ ਤਾਂ ਨਹੀਂ ਲਏ ਜਾਣਗੇ ? ਆਦਿ ਜਿਨ੍ਹਾਂ ਨੂੰ ਉਨ੍ਹਾਂ ਨੇ ਪਿੰਡ ਦੇ ਮੋਹਤਬਰ ਲੋਕਾਂ ਨੇ ਬੱਚਿਆਂ ਦੇ ਮਾਪਿਆਂ ਦੀ ਸ਼ਰਤਾਂ ਮੰਨ ਲਈਆਂ ਅਤੇ ਉਸ ਸੈਸ਼ਨ ਵਿੱਚ 100 ਤੋਂ ਜ਼ਿਆਦਾ ਬੱਚੇ ਦੋਵੇਂ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਏ ਗਏ ਇਸ ਨੂੰ ਆਧਾਰ ਬਣਾ ਕੇ ਹੀ ਸਾਡੀ ਜਥੇਬੰਦੀ ਨੇ ਪੂਰੇ ਪੰਜਾਬ ਵਿੱਚ ਇਹ ਕੰਮ ਕਰਨ ਦਾ ਫੈਸਲਾ ਕੀਤਾ ਹੈ

ਸੋਸ਼ਲ ਸਰਵੇ ਦੌਰਾਨ ਲੋਕਾਂ ਦੀਆਂ ਮੰਗਾਂ ਨੂੰ ਵੀ ਸਰਕਾਰ ਮੂਹਰੇ ਰੱਖਣਗੇ

ਢਿੱਲਵਾਂ ਨੇ ਇਹ ਵੀ ਦੱਸਿਆ ਕਿ ਜਥੇਬੰਦੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਲੋਕਾਂ ਦੇ ਘਰ-ਘਰ ਜਾ ਕੇ ਜਿਹੜੀਆਂ ਗੱਲਾਂ ਬਾਹਰ ਨਿੱਕਲ ਕੇ ਆਉਣਗੀਆਂ ਜਾਂ ਫਿਰ ਲੋਕਾਂ ਦੀ ਸਰਕਾਰ ਤੋਂ ਕੋਈ ਵਿਸ਼ੇਸ਼ ਮੰਗ ਹੋਵੇਗੀ ਤਾਂ ਉਸ ਨੂੰ ਵੀ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ ਉਨ੍ਹਾਂ ਆਖਿਆ ਕਿ ਬੇਸ਼ੱਕ ਸਾਨੂੰ ਇਸ ਕੰਮ ਲਈ ਕੋਈ ਤਨਖਾਹ ਨਹੀਂ ਮਿਲੇਗੀ ਪਰ ਅਧਿਆਪਕ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਨ੍ਹਾਂ ਜਨਤਕ ਅਦਾਰਿਆਂ ਦਾ ਆਧਾਰ ਮਜ਼ਬੂਤ ਕੀਤਾ ਜਾਵੇ

ਜਥੇਬੰਦੀ ਦੇ ਪੂਰੇ ਪੰਜਾਬ ‘ਚ ਮੌਜ਼ੂਦ ਨੇ 55 ਹਜ਼ਾਰ ਤੋਂ ਜ਼ਿਆਦਾ ਸਰਗਰਮ ਮੈਂਬਰ

ਬੇਰੁਜ਼ਗਾਰ ਅਧਿਆਪਕ (ਟੈੱਟ ਪਾਸ) ਜਥੇਬੰਦੀ ਦੇ ਵੱਡੀ ਗਿਣਤੀ ਮੈਂਬਰ ਪੰਜਾਬ ਵਿੱਚ ਹਨ ਭਾਵੇਂ ਬੇਰੁਜ਼ਗਾਰ ਅਧਿਆਪਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਪਰ ਇਸ ਜਥੇਬੰਦੀ ਨਾਲ ਜਿਹੜੇ ਸਰਗਰਮ ਮੈਂਬਰ ਜੁੜੇ ਹੋਏ ਹਨ, ਉਨ੍ਹਾਂ ਦੀ ਗਿਣਤੀ 55 ਹਜ਼ਾਰ ਤੋਂ ਜ਼ਿਆਦਾ ਹੈ ਇਸ ਜਥੇਬੰਦੀ ਦੇ ਦਾ ਜ਼ਿਆਦਾ ਪ੍ਰਭਾਵ ਜ਼ਿਲ੍ਹਾ ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ, ਬਠਿੰਡਾ, ਮੋਗਾ ਆਦਿ ਜ਼ਿਲ੍ਹਿਆਂ ਵਿੱਚ ਜ਼ਿਆਦਾ ਹੈ

ਸੋਸ਼ਲ ਮੀਡੀਆ ਦਾ ਵੀ ਲਿਆ ਜਾਵੇਗਾ ਸਹਾਰਾ

ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਸੂਬੇ ਭਰ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਸੋਸ਼ਲ-ਮੀਡੀਆ ਰਾਹੀਂ ਵੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦਾ ਯਤਨ ਕੀਤਾ ਜਾਵੇਗਾ। ਢਿੱਲਵਾਂ ਨੇ ਕਿਹਾ ਕਿ ਜੇਕਰ ਨਿੱਜੀ-ਵਿੱਦਿਅਕ ਅਦਾਰਿਆਂ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਜਾਂ ਛਾਂਟੀ ਕੀਤੀ ਗਈ,  ਇਸ ਦਾ ਵਿਰੋਧ ਕਰਦਿਆਂ ਵੀ ਸੰਘਰਸ਼ ਲੜਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।