ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਵੀ ਕੈਬਨਿਟ ਮੰਤਰੀ ਦੀ ਰਿਹਾਇਸ਼ ਮੂਹਰੇ ਦਿੱਤਾ ਧਰਨਾ

Unemployed Teachers, Fill UP Cabinet Minister, Residence Today

ਸੰਗਰੂਰ (ਨਰੇਸ਼ ਕੁਮਾਰ)। ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਬੇਰੁਜ਼ਗਾਰ ਅਧਿਆਪਕ ਪਹਿਲਾਂ ਸਿਟੀ ਪਾਰਕ ‘ਚ ਇਕੱਠੇ ਹੋਏ ਤੇ ਉਥੋਂ ਅਧਿਆਪਕ ਯੋਗਤਾ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਮਾਰਚ ਕਰਦਿਆਂ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤਾ, ਜਿੱਥੇ ਵੱਡੀ ਗਿਣਤੀ ‘ਚ ਤਾਇਨਾਤ ਪੁਲਿਸ ਨੇ ਕੋਠੀ ਤੋਂ ਅੱਗੇ ਨਾਕਾਬੰਦੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਜਿਸ ‘ਤੇ ਧਰਨਾਕਾਰੀਆਂ ਸੜਕ ‘ਤੇ ਧਰਨਾ ਲਗਾ ਕੇ ਬੈਠ ਗਏ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਵੀਂ ਅਧਿਆਪਕ ਭਰਤੀ ਸਬੰਧੀ ਕੋਈ ਗੰਭੀਰਤਾ ਨਹੀਂ ਵਿਖਾ ਰਹੇ। ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕ ਭਾਈਕਾ ਦਾ ਜਗਸੀਰ ਸਿੰਘ ਯੂਜੀਸੀ ਨੈੱਟ, ਟੈੱਟ, ਐੱਮਏ ਬੀਐੱਡ ਉੱਚ ਯੋਗਤਾ ਪ੍ਰੀਖਿਆਵਾਂ ਪਾਸ ਖੁਦਕੁਸ਼ੀ ਕਰ ਗਿਆ ਭਾਵੇਂ ਯੂਨੀਅਨ ਖ਼ੁਦਕੁਸ਼ੀ ਨੂੰ ਸਮੱਸਿਆਵਾਂ ਦਾ ਹੱਲ ਨਹੀਂ ਮੰਨਦੀ ਤੇ ਸੰਘਰਸ਼ ਨੂੰ ਇੱਕੋ-ਰਾਹ ਮੰਨਦੀ ਪਰ ਜਗਸੀਰ ਸਿੰਘ ਨੂੰ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋਇਆ ਸਮਝਦੀ ਹੈ। ਇੱਕ ਪਾਸੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ‘ਚ ਇਸ ਸਾਲ ਕਰੀਬ 52,000 ਵਿਦਿਆਰਥੀਆਂ ਦੇ ਨਵੇਂ ਦਾਖ਼ਲੇ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਦਾਅਵਾ ਕਰ ਰਿਹਾ ਹੈ, ਦੂਜੇ ਪਾਸੇ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਜਦੋਂ ਕਿ ਸਿੱਖਿਆ ਵਿਭਾਗ ‘ਚ ਕਰੀਬ 30 ਹਜ਼ਾਰ ਅਸਾਮੀਆਂ ਖ਼ਾਲੀ ਹਨ।

ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵੇਲੇ ਨੌਜਵਾਨਾਂ ਨਾਲ ਘਰ-ਘਰ ਨੌਕਰੀ, 2500 ਬੇਰੁਜ਼ਗਾਰੀ ਭੱਤਾ ਤੇ ਹੋਰ ਵਾਅਦੇ ਕੀਤੇ ਸਨ, ਪ੍ਰੰਤੂ ਕਿਸੇ ਵੀ ਵਾਅਦੇ ਨੂੰ ਸੱਤਾ ਤੇ ਕਾਬਜ਼ ਹੋਣ ਉਪਰੰਤ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੀਐੱਚਡੀ, ਐੱਮਫਿਲ, ਐੱਮਏ, ਬੀਐੱਡ ਡਿਗਰੀਆਂ ਵਾਲ਼ੇ ਹਜ਼ਾਰਾਂ ਉੱਚ ਯੋਗਤਾ ਪ੍ਰੀਖਿਆਵਾਂ ਪਾਸ ਉਮੀਦਵਾਰ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਹਨ, ਜੇਕਰ ਸਿੱਖਿਆ ਵਿਭਾਗ ਜਲਦ ਭਰਤੀ ਪ੍ਰਕਿਰਿਆ ਨਹੀਂ ਸ਼ੁਰੂ ਕਰਦਾ ਤਾਂ ਉਮੀਦਵਾਰ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।