ਪੁਲਿਸ ਨੇ ਕੀਤੇ ਪ੍ਰਦਰਸ਼ਨਕਾਰੀ ਕਾਬੂ, ਪੁਲਿਸ ਨੂੰ ਝਕਾਨੀ ਦੇ ਪੰਡਾਲ ’ਚ ਵੜੇ ਪ੍ਰਦਰਸ਼ਨਕਾਰੀ
(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ’ਚ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੇਰੁਜ਼ਗਾਰ ਅਧਿਆਪਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਦੇ ਦੋਵੇਂ ਪ੍ਰੋਗਰਾਮਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ। ਹਾਸਲ ਜਾਣਕਾਰੀ ਮੁਤਾਬਕ ਰੁਜਗਾਰ ਲਈ ਥਾਂ ਥਾਂ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਖਿਲਾਫ ਰੋਸ ਪ੍ਰਦਰਸਨ ਕਰਦੇ ਆ ਰਹੇ ਬੇਰੁਜਗਾਰਾਂ ਨੇ ਆਪਣੇ ਪਹਿਲੇ ਕੀਤੇ ਐਲਾਨ ਅਨੁਸਾਰ ਫੇਰ ਸਥਾਨਕ ਨੇੜਲੇ ਪਿੰਡ ਫਤਹਿਗੜ੍ਹ ਛੰਨਾ ਵਿਖੇ ਮੁੱਖ ਮੰਤਰੀ ਦੇ ਸੰਬੋਧਨ ਮੌਕੇ ਨਾਅਰੇਬਾਜੀ ਕੀਤੀ।
ਭਾਵੇਂ ਸਖਤ ਪੁਲਿਸ ਪ੍ਰਬੰਧ ਕਰਕੇ ਬੇਰੁਜਗਾਰਾਂ ਨੂੰ ਪੰਡਾਲ ਵਿੱਚ ਜਾਣ ਤੋਂ ਰੋਕਿਆ ਜਾਂਦਾ ਰਿਹਾ ਪਰ ਫੇਰ ਵੀ ਕਰੀਬ ਇੱਕ ਦਰਜਨ ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕ ਪੰਡਾਲ ਵਿੱਚ ਜਾਣ ਵਿੱਚ ਸਫਲ ਰਹੇ ਜਿੰਨਾ ਵਿੱਚੋ ਕੁਝ ਨੂੰ ਪਹਿਲਾਂ ਹੀ ਪਛਾਣ ਕੇ ਬਾਹਰ ਕੱਢ ਦਿੱਤਾ ਗਿਆ ਪ੍ਰੰਤੂ ਮੁੱਖ ਮੰਤਰੀ ਦੀ ਆਮਦ ਹੁੰਦੇ ਹੀ ਇੱਕ ਗਰੁੱਪ ਵੱਲੋਂ ਨਾਅਰੇਬਾਜੀ ਕਰ ਦਿੱਤੀ ਗਈ। ਭਾਵੇਂ ਵਿਜੇਇੰਦਰ ਸਿੰਗਲਾ ਕੈਬਨਿਟ ਮੰਤਰੀ ਨੇ ਪਹਿਲਾਂ ਹੀ ਆਪਣੀ ਅਪੀਲ ਵਿੱਚ ਖਦਸ਼ਾ ਜ਼ਾਹਰ ਕੀਤਾ ਸੀ ਕਿ ਮੁੱਖ ਮੰਤਰੀ ਦੇ ਸੰਬੋਧਨ ਮੌਕੇ ਨਾਅਰੇਬਾਜੀ ਹੋ ਸਕਦੀ ਹੈ, ਉਨ੍ਹਾਂ ਦਾ ਤੌਖਲਾ ਉਸ ਵਕਤ ਸੱਚ ਹੋਇਆ ਜਦੋਂ ਮੁੱਖ ਮੰਤਰੀ ਨੇ ਸੰਬੋਧਨ ਕਰਨਾ ਸੁਰੂ ਕੀਤਾ ਤਾਂ ਕੁਲਵੰਤ ਲੋਗੋਵਾਲ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਨਾਅਰੇਬਾਜੀ ਸੁਰੂ ਹੋ ਗਈ।ਪੁਲਿਸ ਵੱਲੋਂ ਘੜੀਸ ਕੇ ਬੇਰੁਜਗਾਰਾਂ ਨੂੰ ਬੱਸਾਂ ਵਿੱਚ ਸੁੱਟ ਕੇ ਨੇੜਲੇ ਸੀ ਆਈ ਏ ਵਿੱਚ ਡੱਕਿਆ ਗਿਆ।
ਇਸ ਉਪਰੰਤ ਮੁੱਖ ਮੰਤਰੀ ਵੱਲੋਂ ਘਾਬਦਾਂ ਵਿਖੇ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖੇ ਜਾਣ ਸਮੇਂ ਵੀ ਦੋ ਕੁ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਆਰੰਭ ਕਰ ਦਿੱਤੀ ਜਿਸ ਕਾਰਨ ਪੰਡਾਲ ਵਿੱਚ ਸਾਦੇ ਕੱਪੜਿਆਂ ਵਿੱਚ ਮੌਜ਼ੂਦ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰ ਲਿਆ ਤੇ ਪੰਡਾਲ ਵਿੱਚੋਂ ਬਾਹਰ ਕੱਢ ਦਿੱਤਾ ਇਸ ਦੌਰਾਨ ਪੁਲਿਸ ਨਾਲ ਖਿੱਚ ਧੂਹ ਵਿੱਚ ਇੱਕ ਪ੍ਰਦਰਸ਼ਨਕਾਰੀ ਦੇ ਸੱਟ ਵੀ ਲੱਗੀ
ਇਸ ਉਪਰੰਤ ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜਗਾਰਾਂ ਨੇ ਗਿ੍ਰਫਤਾਰ ਕੀਤੇ ਕੁਲਵੰਤ ਸਿੰਘ ਲੌਂਗੋਵਾਲ, ਗੁਰਪਰੀਤ ਸਿੰਘ ਖੇੜੀ,ਸੁਖਦੇਵ ਸਿੰਘ ਨੰਗਲ ,ਅਲਕਾ ਰਾਣੀ,ਤਾਹਿਰਾ,ਰਾਜਬੀਰ ਕੌਰ, ਪ੍ਰੀਤਿੰਦਰ ਕੌਰ, ਸਮਨ ਗੁਆਰਾ,ਰਾਜਬੀਰ ਸਿੰਘ,ਮਨਵੀਰ ਕੌਰ ਬਲਰਾਂ, ਗੁਰਜੰਟ ਸਿੰਘ,ਨਿੱਕਾ ਸਿੰਘ ਛੰਨਾ ਅਤੇ ਪਰਮਜੀਤ ਕੌਰ ਦੀ ਰਿਹਾਈ ਲਈ ਸੀ ਆਈ ਏ ਅੱਗੇ ਬੇਰੁਜਗਾਰਾਂ ਵੱਲੋਂ ਪ੍ਰਦਰਸਨ ਕੀਤਾ ਗਿਆ।
ਇਸ ਮੌਕੇ ਹਰਜਿੰਦਰ ਸਿੰਘ ਝੁਨੀਰ, ਗੁਰਪ੍ਰੀਤ ਸਿੰਘ ਲਾਲਿਆਂਵਾਲੀ,ਕੁਲਦੀਪ ਸਿੰਘ ਖਡਿਆਲ,ਸੱਸਪਾਲ ਸਿੰਘ , ਮਾਲਵਿੰਦਰ ਸਿੰਘ ਲਲਿਆਂਵਾਲੀ,ਹਰਦੀਪ ਪਾਤੜਾਂ,ਗੁਰਸੰਤ ਚੰਗਾਲ,ਸੁਖਵੀਰ ਦੁਗਾਲ,ਮਨਪ੍ਰੀਤ ਭੁੱਚੋ,ਬੂਟਾ ਸਿੰਘ ਸੇਲਬਰਾਹ, ਸੋਨੀ ਲਹਿਰਾ,ਗੁਰਪਰੀਤ ਸਿੰਘ ਭੁੱਚੋ,ਸੁਖਪਾਲ ਕੌਰ ਬਰਨਾਲਾ,ਬਲਜੀਤ ਕੌਰ ਜੋਧਪੁਰ,ਪਰਮਜੀਤ ਕੌਰ ਦੌਲਤਪੁਰਾ,ਬਲਜਿੰਦਰ ਕੌਰ ਮਾਲੇਰਕੋਟਲਾ, ਕੁਲਵੀਰ ਕੌਰ ਮਾਲੇਰਕੋਟਲਾ,ਸੁਖਪਾਲ ਸਿੰਘ ਲੱਡਾ,ਜਗਸੀਰ ਸਿੰਘ ਲੱਡਾ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ