ਮੋਤੀ ਮਹਿਲ ਦੇ ਘਿਰਾਓ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨਾਲ ਪੁਲਿਸ ਦੀ ਭਾਰੀ ਧੱਕਾ-ਮੁੱਕੀ

ਸਾਂਝੇ ਬੇਰੁਜ਼ਗਾਰ ਮੋਰਚੇ ਵੱਲੋਂ ਦੀ ਵੀ ਹੋਈ ਪੁਲਿਸ ਨਾਲ ਖਿੱਚ-ਧੂਹ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਰੁਜ਼ਗਾਰ ਪ੍ਰਾਪਤੀ ਦੀ ਮੰਗ ਨੂੰ ਲੈ ਕੇ ਈਟੀਟੀ ਸਿਲੈਕਟਡ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਮੋਤੀ ਮਹਿਲਾ ਵੱਲ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਭਾਰੀ ਧੱਕਾ ਮੁੱਕੀ ਹੋਈ। ਇਸ ਦੌਰਾਨ ਕਈ ਬੇਰੁਜ਼ਗਾਰਾਂ ਨੇ ਦੋਸ਼ ਲਾਇਆ ਕਿ ਧੱਕਾ-ਮੁੱਕੀ ਦੌਰਾਨ ਉਨ੍ਹਾਂ ਦੇ ਡੰਡੇ ਵੀ ਮਾਰੇ ਗਏ ਹਨ ਅਤੇ ਕੁੜੀਆਂ ਦੀਆਂ ਚੁੰਨੀਆਂ ਵੀ ਰੋਲੀਆਂ ਗਈਆਂ ਇਸ ਧੱਕਾ ਮੁੱਕੀ ਤੋਂ ਬਾਅਦ ਮੀਟਿੰਗ ਦਾ ਸਮਾਂ ਦੇ ਦਿੱਤਾ ਗਿਆ। ਦੱਸਣਯੋਗ ਹੈ ਕਿ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ’ਚ ਪਿਛਲੇ 33 ਦਿਨਾਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ।

ਅੱਜ ਇਨ੍ਹਾਂ ਵੱਲੋਂ ਮੋਤੀ ਮਹਿਲਾ ਵੱਲ ਘਿਰਾਓ ਨੂੰ ਦੇਖਦਿਆਂ ਪੁਲਿਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਪਿਛਲੇ ਸੱਤ ਮਹੀਨਿਆਂ ਤੋਂ ਉਹ ਨਿਯੁਕਤੀ ਪੱਤਰਾਂ ਦੀ ਉਡੀਕ ਰਹੇ ਹਨ, ਪ੍ਰੰਤੂ ਸਰਕਾਰ ਦੇ ਕੰਨਾਂ ਤੇ ਜੂੰਅ ਨਹੀ ਸਰਕ ਰਹੀ। ਅੱਗੇ ਵੋਟਾਂ ਨੇੜੇ ਹੋਣ ਕਾਰਨ ਚੋਣ ਜ਼ਾਬਤਾ ਲੱਗਣ ਦੀ ਵਜ਼ਾ ਉਹਨਾਂ ਨੂੰ ਆਪਣੀਆਂ ਨਿਯੁਕਤੀਆਂ ਦੇ ਰੁਲਣ ਦਾ ਖਤਰਾ ਬਣਿਆ ਹੋਇਆ ਹੈ।

ਉਨ੍ਹਾਂ ਗਿਲਾ ਕੀਤਾ ਕਿ ਮੁੱਖ ਮੰਤਰੀ ਦੇ ਸ਼ਹਿਰ ’ਚ ਵੀ ਉਨ੍ਹਾਂ ਦੇ ਪੱਕੇ ਮੋਰਚੇ ਨੂੰ ਪ੍ਰਸ਼ਾਸਨ ਅਣਗੌਲਿਆ ਕਰ ਰਿਹਾ ਹੈ। ਆਖ਼ਿਰ ਅੱਕ ਕੇ ਅੱਜ ਮੋਤੀ ਮਹਿਲਾਂ ਵੱਲ ਰੋਸ ਮਾਰਚ ਕੀਤਾ ਗਿਆ ਤਾਂ ਵਾਈ.ਪੀ.ਐਸ ਚੌਂਕ ’ਚ ਪੁਲਿਸ ਨੇ ਜ਼ਬਰੀ ਹੀ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਅਜਿਹੀ ਕਸ਼ਮਕਸ਼ ਦੌਰਾਨ ਕਈ ਮਹਿਲਾਵਾਂ ਦੀਆਂ ਚੁੰਨੀਆਂ ਵੀ ਰੁਲ ਗਈਆਂ । ਉਨ੍ਹਾਂ ਦੱਸਿਆ ਕਿ 17 ਅਗਸਤ ਨੂੰ ਦਿੱਤੀ ਮੀਟਿੰਗ ਦੌਰਾਨ ਜੇਕਰ ਪੰਜਾਬ ਸਰਕਾਰ ਨੇ ਮਾਮਲਾ ਉਚਿਤਤਾ ਨਾਲ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖੇ ਰੂਪ ’ਚ ਵਿੱਢ ਦਿੱਤਾ ਜਾਏਗਾ।

ਉਨ੍ਹਾਂ ਆਖਿਆ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਉਹ ਪੱਕਾ ਮੋਰਚਾ ਜਾਰੀ ਰੱਖਣਗੇ। ਉਧਰ ਇਸ ਰੋਸ ਧਰਨੇ ਦੇ ਤੁਰੰਤ ਮਗਰੋਂ ਸ਼ਾਮ ਨੂੰ ਬੇਰੁਜਗਾਰ ਸਾਂਝਾ ਅਧਿਆਪਕ ਮੋਰਚਾ ਦੇ ਕਾਰਕੁਨਾਂ ਵੱਲੋਂ ਗੁਪਤ ਐਕਸ਼ਨ ਵਜੋਂ ਮੋਤੀ ਮਹਿਲ ਵੱਲ ਵਹੀਰਾਂ ਘੱਤੀਆਂ ਗਈਆਂ। ਅਜਿਹੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵਾਈ.ਪੀ.ਐਸ.ਚੌਕ ਕੋਲ ਜਦੋਂ ਗੱਡੇ ਹੋਏ ਬੈਰੀਕੇਡ ਭੰਨਕੇ ਮੋਤੀ ਮਹਿਲ ਵੱਲ ਵੱਧਣ ਦੀ ਅਸਫਲ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਉਨ੍ਹਾਂ ਦੀ ਵੀ ਪੂਰੀ ਧੱਕਾ ਮੁੱਕੀ ਹੋਈ। ਦੋਵੇਂ ਧਿਰਾਂ ਆਪਸ ਵਿੱਚ ਕਾਫ਼ੀ ਸਮਾਂ ਭਿੜਦੀਆਂ ਰਹੀਆਂ।

ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਪੱਗਾਂ ਵੀ ਉਤਰ ਗਈਆ। ਦੱਸਣਯੋਗ ਹੈ ਕਿ ਬੇਰੁਜਗਾਰ ਸਾਂਝਾ ਮੋਰਚਾ ਚ ਪੰਜ ਜਥੇਬੰਦੀਆਂ ਕਾਰਜ਼ਸ਼ੀਲ ਹਨ। ਮੋਰਚੇ ਦੇ ਆਗੂਆਂ ਦਾ ਰੋਸ ਹੈ ਕਿ ਸਰਕਾਰ ਪੈਨਲ ਬੈਠਕ ਤੈਅ ਭਾਵੇਂ ਕਰ ਦਿੰਦੀ ਹੈ ਪ੍ਰੰਤੂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਨਾ ਰਹੀ ਹੈ। ਅਜਿਹੇ ਘੋਲ ’ਚ ਵੱਡੀ ਗਿਣਤੀ ਬੇਰੁਜਗਾਰ ਮਹਿਲਾ ਅਧਿਆਪਕਾਂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਰੁਜ਼ਗਾਰ ਦਾ ਕੋਈ ਹੱਲ ਨਾ ਹੋਇਆ ਤਾਂ ਉਹ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ