85ਵੇਂ ਦਿਨ ਵੀ ਸਿਖਰ ਦੀ ਗਰਮੀ ’ਚ ਟਾਵਰ ਤੇ ਡਟਿਆ ਰਿਹਾ ਬੇਰੁਜਗਾਰ ਅਧਿਆਪਕ
ਸੱਚ ਕਹੂੰ ਨਿਊਜ, ਪਟਿਆਲਾ। ਰੁਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਜਿੱਥੇ 85 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਤੇ ਰਾਤ ਭਰ ਮੀਂਹ ਹਨ੍ਹੇਰੀ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਟਾਵਰ ਉਪਰ ਡਟਿਆ ਹੋਇਆ ਹੈ । ਬੀਤੇ ਦਿਨ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਵਿੱਚ ਭਾਵੇਂ ਜੁਬਾਨੀ ਤੌਰ ’ਤੇ ਇਹ ਕਿਹਾ ਗਿਆ ਕਿ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦ ਹੱਲ ਕੀਤਾ ਜਾਵੇਗਾ । ਪਰ ਲਗਾਤਾਰ ਪੰਜ ਮਹੀਨਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਵੀ ਸਰਕਾਰ ਵੱਲੋਂ ਲਾਰੇ ਹੀ ਦਿੱਤੇ ਜਾ ਰਹੇ ਹਨ ਤਾਂ ਕਿ ਬੇਰੁਜਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਹੋਰ ਲਮਕਾਇਆ ਜਾ ਸਕੇ ।
ਇਸ ਲਈ ਬੇਰੁਜਗਾਰ ਅਧਿਆਪਕ 15 ਜੂਨ ਨੂੰ ਮੋਤੀ ਮਹਿਲ ਦਾ ਘਿਰਾਓ ਕਰਨਗੇ ਤਾਂ ਜੋ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾ ਸਕਣ ਤੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਲਿਆ ਜਾ ਸਕੇ । ਇਸ ਮੌਕੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ 85 ਦਿਨ ਬੀਤਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਵੱਲੋਂ ਸਾਡੀਆਂ ਮੰਗਾਂ ਦਾ ਕੋਈ ਵੀ ਠੋਸ ਹੱਲ ਨਹੀਂ ਕੀਤਾ ਗਿਆ ਹਾਲੇ ਵੀ ਮੀਟਿੰਗਾਂ ਵਿੱਚ ਸਾਨੂੰ ਲਾਰਾ ਹੀ ਲਾਇਆ ਜਾ ਰਿਹਾ ਹੈ । ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਜੇਕਰ ਸਿੱਖਿਆ ਮੰਤਰੀ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਪ੍ਰਤੀ ਜ਼ਰਾ ਵੀ ਗੰਭੀਰ ਹੁੰਦੇ ਤਾਂ ਅੱਜ ਟਾਵਰ ਤੇ ਇੰਨੇ ਦਿਨ ਨਾ ਹੋਣ ਦਿੰਦੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।